ਸੰਯੁਕਤ ਕਿਸਾਨ ਮੋਰਚਾ: 270 ਵਾਂ ਦਿਨ
‘ਸੰਘਰਸ਼ਸ਼ੀਲ ਕਾਫਲਿਆਂ ਨੇ ਕਾਲਾ ਦਿਵਸ ਵਜੋਂ ਮਨਾਉਂਦਿਆਂ ਸੰਘਰਸ਼ਾਂ ਦੀ ਜੋਟੀ ਮਜਬੂਤ ਕਰਨ ਦਾ ਸੱਦਾ ਦਿੱਤਾ
ਪਰਦੀਪ ਕਸਬਾ , ਬਰਨਾਲਾ: 27 ਜੂਨ, 2021
ਪੰਜਾਬ ਦੀਆਂ ਸੰਘਰਸ਼ਸ਼ੀਲ ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ , ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 270 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਕੋਲ ਦਿੱਲੀ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਫਲ ਸੱਤ ਮਹੀਨੇ ਪੂਰੇ ਹੋਣ ਤੋਂ ਬਾਅਦ ਅੱਠਵੇਂ ਮਹੀਨੇ ਵਿੱਚ ਦਾਖਲ ਹੋ ਗਿਆ ਹੈ। 26 ਜੂਨ 1975 ‘ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਾ ਕੇ ਲੋਕਾਂ ਦੇ ਸਾਰੇ ਸੰਵਿਧਾਨਕ ਤੇ ਕਾਨੂੰਨੀ ਅਧਿਕਾਰ ਮਨਸੂਖ ਕਰਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅੱਜ ਧਰਨੇ ਵਿੱਚ ‘ਖੇਤੀ ਬਚਾਉ, ਲੋਕਤੰਤਰ ਬਚਾਉ’ ਦਿਵਸ ਮਨਾਉਣ ਦੇ ਸੱਦੇ ਨੂੰ ਪੂਰੇ ਮੁਲਕ ਭਰ’ਚ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਦਿਨ ਨੂੰ ਕਿਸਾਨਾਂ ਤੋਂ ਇਲਾਵਾ ਹੋਰਨਾਂ ਸੰਘਰਸ਼ਸ਼ੀਲ ਕਾਫਲਿਆਂ ਨੇ ਕਾਲਾ ਦਿਵਸ ਵਜੋਂ ਮਨਾਉਂਦਿਆਂ ਸੰਘਰਸ਼ਾਂ ਦੀ ਜੋਟੀ ਮਜਬੂਤ ਕਰਨ ਦਾ ਸੱਦਾ ਦਿੱਤਾ ਹੈ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ,ਪਰੇਮਪਾਲ ਕੌਰ,ਅਮਰਜੀਤ ਕੌਰ, ਬਾਬੂ ਸਿੰਘ ਖੁੱਡੀ ਕਲਾਂ, ਬਲਜੀਤ ਸਿੰਘ ਚੁਹਾਨਕੇ,ਗੋਰਾ ਸਿੰਘ ਢਿੱਲਵਾਂ, ਬਲਵੀਰ ਕੌਰ ਕਰਮਗੜ੍ਹ, ਗੁਰਨਾਮ ਸਿੰਘ ਠੀਕਰੀਵਾਲਾ,ਲਾਲ ਸਿੰਘ ਉੱਪਲੀ, ਹਰਚਰਨ ਚੰਨਾ, ਵਰਿੰਦਰ ਸ਼ਰਮਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਨੂੰ ਅੱਜ ਸੱਤ ਮਹੀਨੇ ਪੂਰੇ ਹੋ ਗਏ ਹਨ। ਇਨ੍ਹਾਂ ਸੱਤ ਮਹੀਨਿਆਂ ਦੌਰਾਨ ਉਨ੍ਹਾਂ ਨੇ ਅੱਤ ਦੀ ਸਰਦੀ, ਗਰਮੀ, ਗੜ੍ਹੇ, ਮੀਂਹ, ਹਨੇਰੀ, ਤੂਫਾਨ, ਗੱਲ ਕੀ, ਕੁਦਰਤ ਦੀਆਂ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਆਪਣੇ ਪਿੰਡਿਆਂ ‘ਤੇ ਝੱਲੀਆਂ ਹਨ। 500 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ।ਕਿਸਾਨ ਅੰਦੋਲਨ ਦੇ ਵਧਦੇ ਪਰਭਾਵ ਦਾ ਹੀ ਸਿੱਟਾ ਹੈ ਕਿ ਅਡਾਨੀਆਂ-ਅੰਬਾਨੀਆਂ ਦੀ ਰਖੈਲ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਤਾਨਾਸ਼ਾਹ ਸਰਕਾਰ ਨੂੰ ਹੱਠਧਰਮੀ ਤੇ ਹੰਕਾਰੀ ਵਤੀਰਾ ਬਦਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਕਿਸਾਨਾਂ ਸੰਘਰਸ਼ ਖਤਮ ਕਰਨ ਅਤੇ ਕਾਨੂੰਨਾਂ ਵਿੱਚ ਸੋਧ ਕਰਨ ਦੀ ਬੂ ਦਹਾਈ ਕਰ ਰਿਹਾ ਹੈ। ਆਗੂਆਂ ਕਿਹਾ ਕਿ ਜਲਦ ਹੀ ਕਿਸਾਨ ਅੰਦੋਲਨ ਮੋਦੀ ਹਕੂਮਤ ਦੀ ਧੌਣ ਵਿੱਚ ਫਸਿਆ ਕਿੱਲਾ ਕੱਢ ਦੇਵੇਗਾ।
ਕੋਲ ਲੱਖਾਂ ਦੀ ਤਾਦਾਦ’ਚ ਜੁੜੇ ਕਾਫਲਿਆਂ ਨੂੰ ਰਾਜ ਭਵਨਾਂ ਵੱਲ ਜਾਂਦਿਆਂ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲਿਆਂ, ਗਿੵਫਤਾਰੀਆਂ ਦਾ ਸਾਹਮਣਾ ਕਰਨਾ ਪਿਆ। ਜਿਸ ਦਾ ਪੂਰੀ ਦਲੇਰੀ, ਸਿਦਕ, ਸੰਜਮ ਨਾਲ ਟਾਕਰਾ ਕੀਤਾ ਹੈ। ਮੋਦੀ ਹਕੂਮਤ ਨੂੰ ਇੱਕ ਵਾਰ ਫੇਰ ਦਰਸਾਇਆ ਹੈ ਕਿ ਹਕੂਮਤੀ ਜਬਰ ਦਾ ਝੱਖੜ ਆਪਣੇ ਪਿੰਡਿਆਂ ਤੇ ਸਹਿਣ ਕਰਕੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਘਰ ਨਹੀਂ ਮੁੜਿਆ ਜਾਵੇਗਾ। ਰਾਜਵਿੰਦਰ ਸਿੰਘ ਮੱਲੀ ਅਤੇ ਨਰਿੰਦਰ ਪਾਲ ਸਿੰਗਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ।