ਦੇਸ਼ ਵਿਚ ਪਹਿਲੀ ਵਾਰ ਡਾਕਟਰਾਂ ਨੂੰ ਪੁਲਿਸ ਵੱਲੋਂ ਗਾਰਡ ਆਫ ਆਨਰ
ਅਸ਼ੋਕ ਵਰਮਾ ਬਠਿੰਡਾ, 6 ਅਪ੍ਰੈਲ
ਪੰੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕੋਵਿਡ ਬਿਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਵਿਚ ਮੋਹਰਲੀਆਂ ਸਫਾਂ ਵਿਚ ਲੜਾਈ ਲੜਕੇ ਮਨੁੱਖੀ ਸਭਿਅਤਾ ਦੀ ਰਾਖੀ ਲਈ ਕੰਮ ਕਰ ਰਹੇ ਸਾਡੇ ਡਾਕਟਰੀ ਅਮਲੇ, ਸਫਾਈ ਕਰਮੀਆਂ ਅਤੇ ਪੁਲਿਸ ਫੋਰਸ ਦੇ ਜਵਾਨਾਂ ਦਾ ਸ਼ੁਕਰਾਨਾ ਕੀਤਾ। ਪੰਜਾਬ ਪੁਲਿਸ ਦੇ ਜਵਾਨਾਂ ਨੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਸਲਾਮੀ ਦਿੱਤੀ। ਵਿੱਤ ਮੰਤਰੀ ਅੱਜ ਇੱਥੇ ਖੁਦ ਉਨ੍ਹਾਂ ਵਿਚਕਾਰ ਪੁੱਜੇ ਅਤੇ ਹੌਂਸਲਾ ਅਫਜ਼ਾਈ ਦੇ ਨਾਲ ਨਾਲ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਦੇਸ਼ ਵਿਚ ਆਪਣੀ ਕਿਸਮ ਦਾ ਪਹਿਲਾ ਗਾਰਡ ਆਫ ਆਨਰ ਹੋਵੇਗਾ ਜਦੋਂ ਪੁਲਿਸ ਨੇ ਸਾਡੇ ਡਾਟਕਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਸਲਾਮੀ ਦੇ ਕੇ ਉਨ੍ਹਾਂ ਦਾ ਸਤਿਕਾਰ ਕੀਤਾ ਹੈ। ਇਸ ਮੌਕੇ ਡਾਕਟਰੀ ਅਮਲੇ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨ ਨੇ ਕਿਹਾ ਕਿ ਗਾਰਡ ਆਫ ਆਨਰ ਬਹਾਦਰਾਂ ਵਿਚੋਂ ਬਹਾਦਰ ਅਤੇ ਖਾਸ ਰੁਤਬਾ ਰਖਦੀਆਂ ਸਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ ਅਤੇ ਅੱਜ ਬਠਿੰਡਾ ਵਿਚ ਸਾਡੇ ਡਾਕਟਰੀ ਸਟਾਫ ਵੱਲੋਂ ਕਰੋਨਾ ਖਿਲਾਫ ਲੜਾਈ ਵਿਚ ਵਿਖਾਈ ਜਾ ਰਹੀ ਬਹਾਦਰੀ ਅਤੇ ਹੌਂਸਲੇ ਲਈ ਉਨ੍ਹਾਂ ਨੂੰ ਇਹ ਸਨਮਾਨ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿਚ ਡਾਕਟਰਾਂ ਦਾ ਧੰਨਵਾਦ ਕਰਨ ਦਾ ਇਹ ਤਰੀਕਾ ਦੁਹਰਾਇਆ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਸਾਡੇ ਇੰਨ੍ਹਾਂ ਯੋਧਿਆਂ ਦਾ ਸਨਮਾਨ ਕਰ ਸਕੀਏ।
ਵਿੱਤ ਮੰਤਰੀ ਨੇ ਕਿਹਾ ਕਿ ਉਹ ਸਮੂਹ ਪੰਜਾਬੀਆਂ ਵੱਲੋਂ ਸਾਡੇ ਡਾਕਟਰਾਂ, ਪੁਲਸ ਫੋਰਸ ਦੇ ਜਵਾਨਾਂ ਅਤੇ ਸਫਾਈ ਕਰਮਚਾਰੀਆਂ ਦਾ ਧੰਨਵਾਦ ਕਰਦੇ ਹਨ ਜੋ ਪੂਰੀ ਨਿਸ਼ਠਾ ਨਾਲ ਕਰੋਨਾ ਨੂੰ ਹਰਾਉਣ ਲਈ ਅੱਗੇ ਹੋ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹ ਆਪਣੇ ਮੋਹਰਲੀਆਂ ਸਫਾਂ ਵਿਚ ਕਰੋਨਾ ਖਿਲਾਫ ਲੜ ਰਹੇ ਸਾਡੇ ਸਮੂਹ ਸਟਾਫ ਦੇ ਨਾਲ ਖੜੇ ਹਨ ਅਤੇ ਪੰਜਾਬ ਸਰਕਾਰ ਅਤੇ ਰਾਜ ਦੇ ਸਮੂਹ ਲੋਕਾਂ ਵੱਲੋਂ ਇੰਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਇੰਨ੍ਹਾ ਦਾ ਧੰਨਵਾਦ ਕਰਦੇ ਹਨ।
ਮੈਡਲਾਂ ਨਾਲ ਨਿਵਾਜਣ ਦਾ ਐਲਾਨ
ਵਿੱਤ ਮੰਤਰੀ ਨੇ ਕਿਹਾ ਕਿ ਹਰੇਕ ਜੰਗ ਤੋਂ ਬਾਅਦ ਬਹਾਦਰੀ ਨਾਲ ਲੜਨ ਵਾਲਿਆਂ ਨੂੰ ਮੈਡਲਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਕਰੋਨਾ ਖਿਲਾਫ ਸਾਡੀ ਇਸ ਜੰਗ ਦੇ ਮੁੱਕਣ ਤੇ ਵੀ ਇਸ ਯੁੱਧ ਦੇ ਯੋਧਿਆਂ ਨੂੰ ਵੀ ਯੋਗ ਮੈਡਲਾਂ ਅਤੇ ਸਨਮਾਨਾਂ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ ਸ: ਬਾਦਲ ਨੇ ਪੁਲਿਸ ਦੇ ਨਾਕਿਆਂ ਤੇ ਜਾ ਕੇ ਜਵਾਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਪੁਲਿਸ ਕਰਮਚਾਰੀ ਤੁਹਾਨੂੰ ਨਾਕਿਆਂ ਤੇ ਰੋਕਦੇ ਹਨ ਤਾਂ ਉਨ੍ਹਾਂ ਦਾ ਬੁਰਾ ਨਾ ਮਨਾਓ ਕਿਉਂਕਿ ਉਹ ਅਜਿਹਾ ਸਾਡੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਲਈ ਹੀ ਕਰ ਰਹੇ ਹਨ।
ਸਫਾਈ ਕਰਮਚਾਰੀਆਂ ਨੂੰ ਸੈਲੂਟ
ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਫਾਈ ਕਰਮੀ ਦਿਨ ਰਾਤ ਮਿਹਨਤ ਕਰ ਰਹੇ ਹਨ ਤਾਂ ਜੋ ਸਾਡਾ ਮੁਲਕ ਅਤੇ ਸਾਡਾ ਅਵਾਮ ਕਰੋਨਾ ਦੀ ਬਿਮਾਰੀ ਤੋਂ ਮੁਕਤ ਰਹੇ ਅਤੇ ਇਸ ਬਿਮਾਰੀ ਦਾ ਫੈਲਾਅ ਨਾ ਹੋਵੇ। ਸਫਾਈ ਕਰਮੀਆਂ ਨੂੰ ਸੰਬੋਧਨ ਹੁੰਦਿਆਂ ਵਿੱਤ ਮੰਤਰੀ ਨੇ ਕਿਹਾ, ‘‘ ਤੁਹਾਡੇ ਵੀ ਘਰ ਵਿਚ ਬੱਚੇ ਹਨ, ਪਰ ਤੁਸੀਂ ਪੂਰੇ ਸਮਾਜ ਦੀ ਭਲਾਈ ਲਈ ਕੰਮ ਕਰ ਰਹੇ ਹੋ, ਮੈਂ ਤੁਹਾਨੂੰ ਸਲੂਟ ਕਰਦਾ ਹਾਂ’’। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਵਿਚ ਬੇਸ਼ਕ ਹਜਾਰਾਂ ਦੀ ਗਿਣਤੀ ਵਿਚ ਸਫਾਈ ਕਰਮੀ ਹਨ ਪਰ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਕੰਮ ਵੀ ਪ੍ਰਭਾਵਿਤ ਨਾ ਹੋਵੇ ਇਸ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਨ ਆਏ ਹਨ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਸਾਰੇ ਵਿਭਾਗਾਂ, ਵਰਕਰਾਂ ਅਤੇ ਸਾਡੇ ਲੋਕਾਂ ਦੇ ਨਾਲ ਹੈ ਜੋ ਇਹ ਜੰਗ ਲੜ ਰਹੇ ਹਨ।
ਇਸ ਮੌਕੇ ਇਹ ਰਹੇ ਹਾਜਰ
ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ, ਐਸ.ਐਸ.ਪੀ. ਡਾ: ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ, ਕੇ.ਕੇ ਅਗਰਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ, ਅਰੁਣ ਵਧਾਵਨ, ਸ਼੍ਰੀ ਜਗਰੂਪ ਸਿੰਘ ਗਿੱਲ, ਅਸੋਕ ਪ੍ਰਧਾਨ, ਪਵਨ ਮਾਨੀ, ਰਾਜਨ ਗਰਗ,ੀ ਅਨਿਲ ਭੋਲਾ, ਮੋਹਨ ਲਾਲ ਝੂੰਬਾ, ਟਹਿਲ ਸਿੰਘ ਸੰਧੂ ਆਦਿ ਵੀ ਹਾਜਰ ਸਨ।