ਉਡਣਾ ਸਿੱਖ ਮਿਲਖਾ ਸਿੰਘ’ ਭਾਰਤ ਦਾ ਹੀ ਨਹੀਂ, ਏਸ਼ੀਆ ਦਾ ਲਾਸਾਨੀ ਦੌੜਾਕ ਸੀ। ਦੌੜ ਉਹਦੀ ਜ਼ਿੰਦਗੀ ਸੀ। ਉਹਦਾ 400 ਮੀਟਰ ਦੌੜ ਦਾ ਰਿਕਾਰਡ ਭਾਰਤ ਦੇ ਕਿਸੇ ਦੌੜਾਕ ਤੋਂ ਚਾਲੀ ਸਾਲ ਨਹੀਂ ਸੀ ਟੁੱਟਾ ।
ਪਰਦੀਪ ਕਸਬਾ ਬਰਨਾਲਾ , 19 ਜੂਨ 2021
ਆਖ਼ਰ ਮਿਲਖਾ ਸਿੰਘ ਵੀ ਜਾਂਦਾ ਰਿਹਾ। ਹਫ਼ਤਾ ਪਹਿਲਾਂ ਉਸ ਦੀ ਜੀਵਨ ਸਾਥਣ ਨਿਰਮਲ ਕੌਰ ਨਿੰਮੀ ਚਲੀ ਗਈ ਸੀ। ਪਿੱਛੇ ਛੱਡ ਗਏ ਹਨ ਪੁੱਤਰ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ। ‘ਉਡਣਾ ਸਿੱਖ ਮਿਲਖਾ ਸਿੰਘ’ ਭਾਰਤ ਦਾ ਹੀ ਨਹੀਂ, ਏਸ਼ੀਆ ਦਾ ਲਾਸਾਨੀ ਦੌੜਾਕ ਸੀ। ਦੌੜ ਉਹਦੀ ਜ਼ਿੰਦਗੀ ਸੀ। ਉਹਦਾ 400 ਮੀਟਰ ਦੌੜ ਦਾ ਰਿਕਾਰਡ ਭਾਰਤ ਦੇ ਕਿਸੇ ਦੌੜਾਕ ਤੋਂ ਚਾਲੀ ਸਾਲ ਨਹੀਂ ਸੀ ਟੁੱਟਾ । ਦੌੜ ਉਹਦੇ ਨਾਲ ਬਚਪਨ ਤੋਂ ਹੀ ਜੁੜ ਗਈ ਸੀ। ਉਹ ਸਕੂਲੇ ਜਾਂਦਾ ਤਾਂ ਸਕੂਲੋਂ ਦੌੜ ਜਾਂਦਾ। ਤਪਦੇ ਹੋਏ ਰੇਤਲੇ ਰਾਹਾਂ ’ਤੇ ਨੰਗੇ ਪੈਰ ਭੁਜਦੇ ਤਾਂ ਦੌੜ ਕੇ ਕਿਸੇ ਰੁੱਖ ਦੀ ਛਾਵੇਂ ਠੰਢੇ ਕਰਦਾ। ਫਿਰ ਇਕ ਰੱਖ ਦੀ ਛਾਂ ਤੋਂ ਦੂਜੇ ਰੁੱਖ ਦੀ ਛਾਂ ਵੱਲ ਦੌੜਦਾ। 1947 ਵਿਚ ਉਹ ਪਾਕਿਸਤਾਨ ’ਚੋਂ ਜਾਨ ਬਚਾ ਕੇ ਦੌੜਿਆ। ਪਹਿਲਾਂ ਮੁਲਤਾਨ, ਫਿਰ ਫਿਰੋਜ਼ਪੁਰ ਤੇ ਫਿਰ ਦਿੱਲੀ ਪੁੱਜਾ। ਦਿੱਲੀ ਉਹ ਰੇਲ ਗੱਡੀਆਂ ਮਗਰ ਦੌੜਿਆ। ਢਿੱਡ ਦੀ ਭੁੱਖ ਨੇ ਚੋਰੀਆਂ ਚਕਾਰੀਆਂ ਵੀ ਕਰਵਾਈਆਂ। ਪੁਲਿਸ ਫੜਨ ਲੱਗੀ ਤਾਂ ਦੌੜ ਕੇ ਬਚਿਆ। ਬਿਨਾਂ ਟਿਕਟਾ ਸਫ਼ਰ ਕਰਦਾ ਦੌੜਨ ਲੱਗਾ ਤਾਂ ਦਬੋਚਿਆ ਗਿਆ । ਜਿਸ ਕਰਕੇ ਜੇਲ੍ਹ ਜਾ ਪੁੱਜਾ। ਦਿੱਲੀ ’ਚ ਦਿਨ-ਕੱਟੀ ਕਰਦੀ ਉਹਦੀ ਭੈਣ ਨੇ ਵਾਲੀਆਂ ਗਹਿਣੇ ਰੱਖ ਕੇ ਜੇਲੋ੍ਹਂ ਛੁਡਾਇਆ। ਫਿਰ ਉਸ ਨੂੰ ਭੈਣ ਦੇ ਸਹੁਰਿਆਂ ਨੇ ਘਰੋਂ ਦੌੜਾਅ ਦਿੱਤਾ।
ਚੜ੍ਹਦੀ ਜੁਆਨੀ ’ਚ ਉਹ ਇਕ ਗ਼ਰੀਬ ਕੁੜੀ ਦੇ ਕੁਆਰੇ ਇਸ਼ਕ ਪਿੱਛੇ ਦੌੜਿਆ ਪਰ ਉਹ ਕੁੜੀ ਉਹਦੇ ਹੱਥ ਨਾ ਆਈ। ਇਕ ਅਮੀਰ ਕੁੜੀ ਉਹਦੇ ਮਗਰ ਦੌੜੀ ਜਿਸ ਨੂੰ ਮਿਲਖਾ ਸਿੰਘ ਨੇ ਡਾਹੀ ਨਾ ਦਿੱਤੀ। ਫੌਜ ’ਚ ਭਰਤੀ ਹੋਇਆ ਤਾਂ ਦੌੜ ਕੇ ਹੀ ਦੁੱਧ ਦਾ ਸਪੈਸ਼ਲ ਗਲਾਸ ਲੁਆਇਆ। ਦੌੜ-ਦੌੜ ਕੇ ਤਰੱਕੀਆਂ ਪਾਈਆਂ ਤੇ ਸਿਪਾਹੀ ਤੋਂ ਜੇਸੀਓ ਬਣਿਆ। ਦੇਸ਼ਾਂ ਵਿਦੇਸ਼ਾਂ ਵਿਚ ਦੌੜ ਕੇ ਉਹ ਕੱਪ ਤੇ ਮੈਡਲ ਜਿੱਤਦਾ ਗਿਆ ਅਤੇ ਅਮਰੀਕਾ ਦੀ ਹੈਲਮਜ਼ ਟਰਾਫੀ ਨੂੰ ਜਾ ਹੱਥ ਪਾਇਆ। 1958 ਵਿਚ ਟੋਕੀਓ ਦੀਆਂ ਏਸ਼ਿਆਈ ਖੇਡਾਂ ਦਾ ਬੈੱਸਟ ਅਥਲੀਟ ਬਣਿਆ ਤਾਂ ਕੁਲ ਦੁਨੀਆ ’ਚ ਮਿਲਖਾ-ਮਿਲਖਾ ਹੋ ਗਈ। 1960 ’ਚ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਚ ਦੌੜਿਆ ਤਾਂ ‘ਫਲਾਈਂਗ ਸਿੱਖ’ ਦਾ ਖ਼ਿਤਾਬ ਮਿਲਿਆ।
ਮੁਸੀਬਤਾਂ ਉਸ ਨੂੰ ਵਾਰ-ਵਾਰ ਘੇਰਦੀਆਂ ਰਹੀਆਂ ਪਰ ਉਹ ਉਨ੍ਹਾਂ ਤੋਂ ਬਚਦਾ ਬਚਾਉਂਦਾ ਅੱਗੇ ਹੀ ਅੱਗੇ ਦੌੜਦਾ ਗਿਆ। ਉਹਦੇ ਬਾਰੇ ਫਿਲਮ ਬਣਾਉਣ ਵਾਲਿਆਂ ਨੂੰ ਵੀ ਇਹੋ ਨਾਂ ਸੁੱਝਾ, ‘ਭਾਗ ਮਿਲਖਾ ਭਾਗ’। ਜਨੂੰਨੀਆਂ ਹੱਥੋਂ ਉਹਦੇ ਮਾਰੇ ਜਾ ਰਹੇ ਬਾਪ ਦੇ ਆਖ਼ਰੀ ਬੋਲ ਸਨ, “ਦੌੜ ਜਾ ਪੁੱਤਰਾ! ਦੌੜ ਜਾਹ…।”
ਜਾਨ ਬਚਾ ਕੇ ਉਹ ਅਜਿਹਾ ਦੌੜਿਆ ਕਿ ਸਾਰੀ ਉਮਰ ਦੌੜਦਾ ਹੀ ਰਿਹਾ। ਆਖ਼ਰ 18 ਜੂਨ 2021 ਦੀ ਰਾਤ ਨੂੰ ਉਹਦੀ ਜੀਵਨ ਦੌੜ ਪੂਰੀ ਹੋਈ। ਜਿਨ੍ਹਾਂ ਰਾਹਾਂ, ਖੇਤਾਂ, ਡੰਡੀਆਂ, ਪਗਡੰਡੀਆਂ, ਪਟੜੀਆਂ, ਪਾਰਕਾਂ, ਟਰੈਕ, ਟ੍ਰੇਲਾਂ ਤੇ ਗੌਲਫ਼ ਗਰਾਊਂਡਾਂ ਵਿਚ ਉਹ ਦੌੜਿਆ ਅੱਜ ਵੀ ਉਥੋਂ ਉਹਦੇ ਮੁੜ੍ਹਕੇ ਦੀ ਮਹਿਕ ਆ ਰਹੀ ਹੈ, ਉਹਦੀਆਂ ਪੈੜਾਂ ਦੇ ਨਿਸ਼ਾਨ ਲਿਸ਼ਕ ਰਹੇ ਹਨ ।
ਮਿਲਖਾ ਸਿੰਘ ਦਾ ਕਹਿਣਾ ਸੀ ਕਿ ਕਾਮਯਾਬੀ ਦੀ ਮੰਜ਼ਿਲ ਤਕ ਕੋਈ ਸ਼ਾਹੀ ਸੜਕ ਨਹੀਂ ਜਾਂਦੀ ਹੁੰਦੀ। ਕਠਨ ਤਪੱਸਿਆ ਬਿਨਾਂ ਜੋਗ ਹਾਸਲ ਨਹੀਂ ਹੁੰਦਾ। ਸਖ਼ਤ ਮਿਹਨਤ ਬਿਨਾਂ ਜਿੱਤ ਨਸੀਬ ਨਹੀਂ ਹੁੰਦੀ। ਦੌੜਨਾ ਦੁਸ਼ਵਾਰ ਸਾਧਨਾ ਹੈ। ਤਪ ਕਰਨਾ ਹੈ। ਉਸ ਨੂੰ 400 ਮੀਟਰ ਦੀ ਦੌੜ ਦੌੜਨ ਵਿਚ ਪ੍ਰਪੱਕ ਹੋਣ ਲਈ, ਨਵੇਂ ਰਿਕਾਰਡ ਰੱਖਣ ਲਈ, ਵਰ੍ਹਿਆਂ-ਬੱਧੀ ਦੌੜਨ ਦੀ ਪ੍ਰੈਕਟਿਸ ਕਰਨੀ ਪਈ ਸੀ। ਪ੍ਰੈਕਟਿਸ ਕਰਦਿਆਂ ਉਹ ਘੱਟੋ-ਘੱਟੋ 40 ਹਜ਼ਾਰ ਮੀਲ ਦੌੜਿਆ। ਅਨੇਕਾਂ ਵਾਰ ਹਫ਼ਿਆ, ਡਿਗਿਆ, ਲਹੂ ਦੀਆਂ ਉਲਟੀਆਂ ਕੀਤੀਆ ਤੇ ਬੇਹੋਸ਼ ਹੋਇਆ। ਦਿਨੇ ਉਹ ਟ੍ਰੈਕ ’ਤੇ ਦੌੜਦਾ ਤੇ ਰਾਤੀਂ ਸੁਪਨਿਆਂ ਵਿਚ। ਹਫ਼ਤੇ ਦੇ ਸੱਤੇ ਦਿਨ, ਸਾਲ ਦੇ 364 ਦਿਨ। ਭਾਵੇਂ ਮੀਂਹ ਪਵੇ, ਨੇਰ੍ਹੀ ਵਗੇ, ਉਹ ਬਿਲਾ-ਨਾਗਾ ਦੌੜਦਾ। ਉਸ ਨੇ ਦੌੜ-ਦੌੜ ਟ੍ਰੈਕ ਘਸਾ ਦਿੱਤੇ ਸਨ ਅਤੇ ਖੇਤਾਂ ਤੇ ਪਾਰਕਾਂ ਵਿਚ ਪਗਡੰਡੀਆਂ ਪਾ ਦਿੱਤੀਆਂ ਸਨ। ਜੇਕਰ ਉਹ ਧਰਤੀ ਦੁਆਲੇ ਦੌੜਨ ਲੱਗਦਾ ਤਾਂ ਕਦੋਂ ਦਾ ਚੱਕਰ ਲਾ ਗਿਆ ਹੁੰਦਾ। ਕਦੋਂ ਦਾ ਏਸ਼ੀਆ, ਅਫਰੀਕਾ, ਅਮਰੀਕਾ ਤੇ ਯੌਰਪ ਗਾਹ ਗਿਆ ਹੁੰਦਾ।
ਇਕ ਸਮੇਂ 100 ਮੀਟਰ, 200 ਮੀਟਰ, 400 ਮੀਟਰ ਤੇ 4+400 ਮੀਟਰ ਰਿਲੇਅ ਦੌੜਾਂ ਦੇ ਚਾਰੇ ਨੈਸ਼ਨਲ ਰਿਕਾਰਡ ਉਹਦੇ ਨਾਂ ਸਨ। ਉਸ ਨੇ 1958 ਵਿਚ ਭਾਰਤ ਲਈ ਕਾਮਨਵੈਲਥ ਖੇਡਾਂ ਦਾ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਫਿਰ ਏਸ਼ਿਆਈ ਖੇਡਾਂ ’ਚੋਂ ਚਾਰ ਸੋਨੇ ਦੇ ਤਗ਼ਮੇ ਜਿੱਤੇ। ਕੌਮੀ ਤੇ ਕੌਮਾਂਤਰੀ ਦੌੜਾਂ ਵਿਚ ਉਹਦੇ ਤਗ਼ਮਿਆਂ ਦੀ ਗਿਣਤੀ ਸੌ ਤੋਂ ਵੱਧ ਹੈ। ਉਹ 80 ਇੰਟਰਨੈਸ਼ਨਲ ਦੌੜਾਂ ਦੌੜਿਆ ਜਿਨ੍ਹਾਂ ’ਚੋਂ 77 ਦੌੜਾਂ ਜਿੱਤਿਆ। 1960 ’ਚ ਰੋਮ ਦੀਆਂ ਓਲੰਪਿਕ ਖੇਡਾਂ ਸਮੇਂ ਉਸ ਨੇ 400 ਮੀਟਰ ਦੀ ਦੌੜ 45.6 ਸੈਕੰਡ ਵਿਚ ਲਾ ਕੇ ਪਹਿਲਾ ਓਲੰਪਿਕ ਰਿਕਾਰਡ ਮਾਤ ਪਾਇਆ ਸੀ। ਸਿੰਡਰ ਟਰੈਕ ਉਤੇ ਕਿੱਲਾਂ ਵਾਲੇ ਭਾਰੇ ਸਪਾਈਕਸਾਂ ਨਾਲ ਲਾਈ ਦੌੜ ਦਾ ਉਹ ਨੈਸ਼ਨਲ ਰਿਕਾਰਡ ਭਾਰਤੀ ਅਥਲੀਟਾਂ ਲਈ 20ਵੀਂ ਸਦੀ ਦੇ ਅੰਤ ਤਕ ਚੈਲੰਜ ਬਣਿਆ ਰਿਹਾ। ਐਨ ਆਈ ਐਸ ਪਟਿਆਲੇ ਦੇ ਅਜਾਇਬ ਘਰ ਵਿਚ ਪਏ ਉਹਦੇ ਕਿੱਲਾਂ ਵਾਲੇ ਭਾਰੇ ਸਪਾਈਕਸ ਭਾਰਤ ਦੇ ਅਥਲੀਟਾਂ ਨੂੰ ਵੰਗਾਰਦੇ ਰਹੇ, ਆਵੇ ਕੋਈ ਨਿੱਤਰੇ ।
ਮਿਲਖਾ ਸਿੰਘ ਦਾ ਜਨਮ ਸ. ਸੰਪੂਰਨ ਸਿੰਘ ਦੇ ਘਰ ਮਾਤਾ ਵਧਾਵੀ ਕੌਰ ਦੀ ਕੁੱਖੋਂ ਹੋਇਆ ਸੀ। ਵਧਾਵੀ ਕੌਰ ਦਾ ਪੇਕੜਾ ਨਾਂ ਚਾਵਲੀ ਬਾਈ ਸੀ। ਉਹ ਪੱਛਮੀ ਪੰਜਾਬ ਦੇ ਪਿੰਡ ਗੋਬਿੰਦਪੁਰਾ, ਤਹਿਸੀਲ ਕੋਟ ਅੱਦੂ, ਜ਼ਿਲ੍ਹਾ ਮੁਜ਼ੱਫਰਗੜ੍ਹ ਵਿਚ ਰਹਿੰਦੇ ਸਨ। ਉਥੇ ਦੋ ਪਿੰਡ ਸਿੱਖਾਂ ਦੇ ਸਨ। ਗੋਬਿੰਦਪੁਰਾ ਦਾ ਪਹਿਲਾ ਨਾਂ ਬੁਖਾਰੀਆਂ ਸੀ। ਬਾਅਦ ਵਿਚ ਸਿੱਖਾਂ ਨੇ ਗੋਬਿੰਦਪੁਰਾ ਰੱਖਿਆ। ਉਹਦੇ ਉੱਤਰ ਵੱਲ ਜ਼ਿਲ੍ਹਾ ਮੁਲਤਾਨ ਸੀ ਤੇ ਦੱਖਣ ਵੱਲ ਰਿਆਸਤ ਬਹਾਵਲਪੁਰ। ਉਥੋਂ ਦੀ ਉਪ ਭਾਸ਼ਾ ਮੁਲਤਾਨੀ ਸੀ। ਹੁਣ ਉਹ ਇਲਾਕਾ ਚੰਗਾ ਆਬਾਦ ਹੈ। ਸ਼ਾਇਦ ਉਥੋਂ ਦੇ ਲੋਕ ਵੀ ਮਿਲਖਾ ਸਿੰਘ ਨੂੰ ਯਾਦ ਕਰਦੇ ਹੋਣ ਕਿ ਉਹ ਮਹਾਨ ਦੌੜਾਕ ਸਾਡੇ ਵਿਚੋਂ ਹੀ ਸੀ ।
ਮਿਲਖਾ ਸਿੰਘ ਦੀ ਜਨਮ ਮਿਤੀ ਦਾ ਕਿਸੇ ਨੂੰ ਵੀ ਪੱਕਾ ਪਤਾ ਨਹੀਂ। ਉਂਜ ਉਹਦੀਆਂ ਤਿੰਨ ਜਨਮ ਮਿਤੀਆਂ ਲਿਖੀਆਂ ਮਿਲਦੀਆਂ ਹਨ। 20 ਨਵੰਬਰ 1929, 17 ਅਕਤੂਬਰ 1935 ਅਤੇ 20 ਨਵੰਬਰ 1935 । ਦੇਸ਼ ਦੀ ਵੰਡ ਵੇਲੇ ਉਹ ਅੱਠਵੀਂ ’ਚ ਪੜ੍ਹਦਾ ਸੀ। ਅੰਦਾਜ਼ੇ ਨਾਲ ਉਹਦਾ ਜਨਮ ਸਾਲ 1932 ਦਾ ਮੰਨਿਆ ਜਾ ਸਕਦੈ। ਉਹ ਲਗਭਗ ਸੱਠ ਸਾਲ ਚੰਡੀਗੜ੍ਹ ਦੇ ਖੇਡ ਮੈਦਾਨਾਂ ਤੇ ਪਾਰਕਾਂ ’ਚ ਜੌਗਿੰਗ ਕਰਦਾ ਅਤੇ ਗੌਲਫ਼ ਖੇਡਦਾ ਰਿਹਾ। ਉਹਦੀ ਸਿਹਤ ਵੱਲ ਵੇਖਦਿਆਂ ਲੱਗਦਾ ਸੀ ਕਿ ਸੈਂਚਰੀ ਮਾਰ ਜਾਵੇਗਾ। ਪਰ ਕਰੋਨਾ ਉਸ ਮਹਾਨ ਦੌੜਾਕ ਨੂੰ ਨੱਬੇ ਕੁ ਸਾਲ ਦੀ ਉਮਰ ਵਿਚ ਲੈ ਬੈਠਾ। ਪਾਸ਼ ਨੇ ਉਹਦੀ ਸਵੈਜੀਵਨੀ ‘ਫਲਾਈਂਗ ਸਿੱਖ ਮਿਲਖਾ ਸਿੰਘ’ ਲਿਖੀ ਸੀ ਤੇ ਮੈਂ ਉਹਦੀ ਜੀਵਨੀ ‘ਉਡਣਾ ਸਿੱਖ ਮਿਲਖਾ ਸਿੰਘ’ ਛਪਵਾਈ ਜਿਸ ਦੇ ਸਰਵਰਕ ਉਤੇ ਦਰਜ ਹੈ ।
ਅਣਵੰਡੇ ਪੰਜਾਬ ਵਿਚ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਪਿੰਡ ਗੋਬਿੰਦਪੁਰਾ ਵਿਖੇ ਇਕ ਗ਼ਰੀਬ ਕਿਸਾਨ ਘਰ ਦਾ ਜੰਮਪਲ ਹੋ ਕੇ, 1947 ਦੀ ਦੇਸ਼-ਵੰਡ ਸਮੇਂ ਆਪਣੀਆਂ ਅੱਖਾਂ ਸਾਹਮਣੇ ਮਾਂ ਬਾਪ ਤੇ ਭੈਣ ਭਰਾ ਕਤਲ ਹੁੰਦੇ ਵੇਖ ਕੇ, ਬਚਪਨ ਤੇ ਭਵਿੱਖ ਟੁਕੜੇ ਟੁਕੜੇ ਕਰਾ ਕੇ, ਮਾਤ ਭੁਮੀ ਤੋਂ ਉੱਜੜ ਪੁੱਜੜ ਕੇ, ਅਨਾਥ ਹੋ ਕੇ, ਭੁੱਖੇ ਪਿਆਸੇ ਰਹਿ ਕੇ, ਜੇਲ੍ਹ ਦੀ ਹਵਾ ਖਾ ਕੇ, ਅੰਤਾਂ ਦੀਆਂ ਦੁਸ਼ਵਾਰੀਆਂ ’ਚੋਂ ਲੰਘ ਕੇ, ਫੌਜ ਵਿਚ ਭਰਤੀ ਹੋ ਕੇ, ਵੱਡੀ ਉਮਰ ’ਚ ਦੌੜ ਮੁਕਾਬਲੇ ਸ਼ੁਰੂ ਕਰ ਕੇ ਤੇ ਫਿਰ ‘ਦੌੜ ਦਾ ਬਾਦਸ਼ਾਹ’ ਬਣ ਕੇ ਜੋ ਮਿਸ਼ਾਲ ਮਿਲਖਾ ਸਿੰਘ ਨੇ ਜਗਾਈ ਉਹ ਸਾਡੇ ਸਭਨਾਂ ਲਈ ਚਾਨਣ ਮੁਨਾਰਾ ਹੈ।
ਮਿਲਖਾ ਸਿੰਘ ਦੀ ਜਗਾਈ ਮਿਸ਼ਾਲ ਹਰ ਬੱਚੇ ਨੂੰ, ਹਰ ਨੌਜੁਆਨ ਨੂੰ, ਹੌਂਸਲਾ ਹਾਰੀ ਬੈਠੇ ਹਾਰੀ-ਸਾਰੀ ਨੂੰ, ਡਿੱਗੇ ਢੱਠੇ ਇਨਸਾਨਾਂ ਨੂੰ ਉੱਚੀਆਂ ਉਡਾਰੀਆਂ ਭਰਨ ਅਤੇ ਮੰਜ਼ਿਲਾਂ ਮਾਰਨ ਲਈ ਉਕਸਾ ਸਕਦੀ ਹੈ। ਉਨ੍ਹਾਂ ਲਈ ਚਾਨਣ ਮੁਨਾਰਾ ਹੋ ਸਕਦੀ ਹੈ, ਰਾਹ ਦਸੇਰਾ ਹੋ ਸਕਦੀ ਹੈ, ਰਹਿਬਰ ਬਣ ਸਕਦੀ ਹੈ। ਮਿਲਖਾ ਸਿੰਘ ਦੀ ਦੌੜ, ਤੇਜ਼ ਕਦਮਾਂ ਨਾਲ ਕੇਵਲ 400 ਮੀਟਰ ਦੀ ਦੌੜ ਹੀ ਨਹੀਂ ਬਲਕਿ ਹਰ ਬਾਲਕ ਅੰਦਰ ਸੁੱਤੀਆਂ ਪਈਆਂ ਬੇਅੰਤ ਸੰਭਾਵਨਾਵਾਂ ਜਗਾਉਣ ਦੀ ਦੌੜ ਹੈ। ਪਰ ਇਰਾਦੇ ਦੀ ਦ੍ਰਿੜਤਾ, ਸਦੀਵੀ ਲਗਨ ਅਤੇ ਅਣਥੱਕ ਮਿਹਨਤ ਮਿਲਖਾ ਸਿੰਘ ਵਰਗੀ ਹੋਣੀ ਚਾਹੀਦੀ ਹੈ। copy