ਦੁਕਾਨਾਂ ਖੋਲਣ ਦੇ ਸਮੇਂ ਵਿੱਚ ਵਾਧਾ :
ਹਫਤਾਵਰੀ ਕਰਫਿਊ ਸ਼ਨੀਵਾਰ ਸ਼ਾਮ 7 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ
ਪਰਦੀਪ ਕਸਬਾ ,ਬਰਨਾਲਾ, 9 ਜੂਨ 2021
ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਚੰਡੀਗੜ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਪਾਬੰਦੀਆਂ ਲਾਈਆਂ ਗਈਆਂ ਸਨ, ਜਿਸ ਤਹਿਤ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਤਹਿਤ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕੋਵਿਡ ਪਾਬੰਦੀਆਂ ’ਤੇ ਛੋਟਾਂ ਦੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਨਾਂ ਹੁਕਮਾਂ ਤਹਿਤ ਜ਼ਰੂਰੀ ਦੁਕਾਨਾਂ ਅਤੇ ਸੇਵਾਵਾਂ ਜਿਵੇਂ ਸਮੂਹ ਹਸਪਤਾਲ, ਡਿਸਪੈਂਸਰੀਆਂ, ਕੈਮਿਸਟ, ਸਕੈਨ ਸੈਂਟਰ, ਮੈਡੀਕਲ ਉਪਕਰਣਾਂ ਦੀਆਂ ਦੁਕਾਨਾਂ, ਲੈਬੋਰੇਟਰੀ, ਕਲੀਨਿਕ, ਨਰਸਿੰਗ ਹੋਮ, ਐਂਬੂਲੈਂਸ ਆਦਿ ਸੇਵਾਵਾਂ ਸੋਮਵਾਰ ਤੋਂ ਐਤਵਾਰ 24 ਘੰਟੇ ਜਾਰੀ ਰਹਿਣ ਦੀ ਆਗਿਆ ਹੋਵੇਗੀ। ਇਸੇ ਸ਼੍ਰੇਣੀ ਤਹਿਤ ਪੈਟਰੋਲ ਪੰਪ, ਸੀਐਨਜੀ ਪੰਪ ਤੇ ਪੰਪਾਂ ਨਾਲ ਲੱਗਦੀਆਂ ਪੈਂਚਰਾਂ ਦੀਆਂ ਦੁਕਾਨਾਂ, ਸਮੂਹ ਪੈਟਰੋਲ ਪੰਪਾਂ ਤੇ ਡੀਜ਼ਲ/ਪੈਟਰੋਲ ਰੀਫਿਲ ਕਰਨ ਲਈ ਕੰਪਨੀ ਦੇ ਟਰੱਕ/ਟੈਂਕਰ ਜਿਵੇਂ ਕਿ ਐਚ.ਪੀ, ਇੰਡੀਅਨ ਆਇਲ, ਬੀ.ਪੀ. ਆਦਿ ਨੂੰ ਸਿਰਫ ਪੈਟਰੋਲ ਪੰਪਾਂ ’ਤੇ ਆਉਣ-ਜਾਣ ਦੀ ਆਗਿਆ ਦਿੱਤੀ ਜਾਂਦੀ ਹੈ ਅਤੇ ਰੀਫਿਲ ਕਰਨ ਉਪਰੰਤ ਟਰੱਕ ਡਰਾਈਵਰ ਤੁਰੰਤ ਟਰੱਕ/ਟੈਂਕਰ ਵਾਪਸ ਲੈ ਕੇ ਜਾਣ ਦੇ ਪਾਬੰਦ ਹੋਣਗੇ।
ਇਸ ਤੋਂ ਇਲਾਵਾ ਡੇਅਰੀ (ਬਰੈਡ, ਦੁੱਧ ਤੇ ਅੰਡੇ), ਡੇਅਰੀ ਉਤਪਾਦ ਜਿਵੇਂ ਦਹੀਂ, ਪਨੀਰ, ਮੱਖਣ ਆਦਿ, ਦੋਧੀਆਂ ਨੂੰ ਦੁੱਧ ਦੀ ਢੋਆ-ਢੋਆਈ, ਦੁੱਧ ਦੀਆਂ ਡੇਅਰੀਆਂ, ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਰੇਹੜੀਆਂ, ਮੀਟ, ਮੱਛੀ ਅਤੇ ਪੋਲਟਰੀ ਉਤਪਾਦ ਦੀਆਂ ਦੁਕਾਨਾਂ, ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਏਜੰਸੀਆਂ ਸੋਮਵਾਰ ਤੋਂ ਐਤਵਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੀਆਂ ਰਹਿ ਸਕਣਗੀਆਂ। ਰੈਸਟੋਰੈਂਟ, ਬੇਕਰੀ, ਫਾਸਟ ਫੂਡ ਦੀਆਂ ਦੁਕਾਨਾਂ ਅਤੇ ਕੰਨਫੈਕਸ਼ਨਰੀ (ਕੇਵਲ ਹੋਮ ਡਲਿਵਰੀ/ਟੇਕ ਅਵੇਅ ਲਈ) ਸੋਮਵਾਰ ਤੋਂ ਐਤਵਾਰ ਤੱਕ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਖੁੱਲੇ ਰਹਿਣਗੇ।
ਇਸ ਤੋਂ ਇਲਾਵਾ ਰਿਟੇਲ ਅਤੇ ਹੋਲਸੇਲ ਸ਼ਰਾਬ ਦੇ ਠੇਕੇ, ਅਹਾਤਿਆਂ ਨੂੰ ਸਿਰਫ ਟੇਕ ਅਵੇਅ ਲਈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 10 ਵਜੇ ਤੋਂ ਸ਼ਾਮ 09 ਵਜੇ ਤੱਕ ਦੀ ਹੋਵੇਗੀ। ਬੈਂਕ (ਕੇਵਲ 50% ਸਟਾਫ ਨਾਲ), ਬੈਂਕਿੰਗ ਕੌਰਸਪੋਡੈਂਟਸ, ਕਸਟਮਰ ਸਰਵਿਸ ਪੁਆਇੰਟ, ਪੋਸਟ ਆਫ਼ਿਸ, ਇੰਸ਼ੋਰੈਂਸ ਕੰਪਨੀ ਸਮੂਹ ਕੰਮ ਵਾਲੇ ਦਿਨਾਂ ਦੌਰਾਨ ਸਬੰਧਤ ਵਿਭਾਗ/ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਖੁੱਲੇ ਰਹਿਣਗੇ।
ਜਾਰੀ ਹੁਕਮਾਂ ਅਨੁਸਾਰ ਸਾਰੀਆਂ ਫੈਕਟਰੀਆਂ ਖੁੱਲੀਆਂ ਰਹਿਣਗੀਆਂ। ਫੈਕਟਰੀਆਂ ਵਿੱਚ ਕੰਮ ਕਰਦੇ ਕਰਮਚਾਰੀਆਂ/ਲੇਬਰ ਨੂੰ ਫੈਕਟਰੀ ਵਿੱਚ ਆਉਣ-ਜਾਣ ਅਤੇ ਕਰਮਚਾਰੀਆਂ/ਲੇਬਰ ਨੂੰ ਫੈਕਟਰੀ ਵਿੱਚ ਲਿਆਉਣ-ਛੱਡਣ ਲਈ ਵਹੀਕਲਾਂ ਦੀ ਵਰਤੋਂ ਦੀ ਆਗਿਆ ਹੋਵੇਗੀ ਅਤੇ ਇਸ ਸਬੰਧੀ ਫੈਕਟਰੀ ਦੇ ਮਾਲਕ/ਮੈਨੇਜਿੰਗ ਡਾਇਰੈਕਟਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਲੋੜੀਂਦੀ ਮਨਜ਼ੂਰੀ ਦੇਣੀ ਲਾਜ਼ਮੀ ਹੋਵੇਗੀ। ਮਾਲ ਦੀ ਢੋਆ ਢੁਆਈ ਵਾਲੇ ਵਾਹਨਾਂ ਨੂੰ ਹਰ ਰੋਜ਼ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਸਾਮਾਨ ਦੀ ਢੋਆ-ਢੋਆਈ ਕਰਨ ਦੀ ਆਗਿਆ ਹੋਵੇਗੀ।
ਆਮ ਜਨਤਾ ਨੂੰ ਪਾਰਕਾਂ ਵਿੱਚ ਸਵੇਰੇ 5 ਵਜੇ ਤੋਂ ਸਵੇਰੇ 9 ਵਜੇ ਤੱਕ ਜਾਣ ਦੀ ਆਗਿਆ ਹੋਵੇਗੀ। ਸਬਜ਼ੀ ਮੰਡੀ (ਕੇਵਲ ਹੋਲਸੇਲ ਲਈ) ਹਰ ਰੋਜ਼ ਸਵੇਰੇ 4 ਵਜੇ ਤੋਂ ਸਵੇਰੇ 10 ਤੱਕ ਖੁੱਲਣ ਦੀ ਆਗਿਆ ਹੋਵੇਗੀ।
ਸਮੂਹ ਦੁਕਾਨਾਂ ਦੇ ਮਾਲਕਾਂ ਅਤੇ ਆਮ ਪਬਲਿਕ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਵਿਡ-19 ਸਬੰਧੀ ਐਮ.ਐਚ.ਏ. ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ, ਬਾਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਭੀੜ ਨੂੰ ਸੀਮਿਤ ਰੱਖਣਾ, ਮਾਸਕ ਪਹਿਨਣਾ, ਵਾਰ-ਵਾਰ ਹੱਥ ਧੋਣਾ ਅਤੇ ਜਨਤਕ ਥਾਵਾਂ ’ਤੇ ਥੁੱਕਣ ਦੀ ਮਨਾਹੀ ਆਦਿ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਦੁਕਾਨਦਾਰਾਂ ਨੂੰ ਆਪਣਾ ਅਤੇ ਆਪਣੇ ਹੇਠ ਕੰਮ ਕਰਦੇ ਸਮੂਹ ਕਰਮਚਾਰੀਆਂ ਦਾ ਆਰਟੀ-ਪੀਸੀਆਰ ਟੈਸਟ ਕਰਵਾਉਣਾ ਲਾਜ਼ਮੀ ਬਣਾਉਣ। ਦੁਕਾਨਾਂ ਵਿੱਚ ਇੱਕ ਸਮੇਂ ’ਤੇ ਸਿਰਫ 10 ਗ੍ਰਾਹਕ ਹੀ ਦਾਖਲ ਹੋ ਸਕਦੇ ਹਨ ਅਤੇ ਵੱਡੇ ਗਰੌਸਰੀ ਸਟੋਰ ਜਿਵੇਂ ਕਿ ਮੋਰ, ਈਜ਼ੀ ਡੇਅ, ਡੀ ਮਾਰਟ, ਅਧਾਰ ਸਟੋਰ, ਰਿਲਾਇੰਸ ਸਟੋਰ ਆਦਿ ਵਿੱਚ ਇੱਕ ਸਮੇਂ ’ਤੇ ਸਿਰਫ 30 ਗ੍ਰਾਹਕ ਦਾਖਲ ਹੋ ਸਕਦੇ ਹਨ।
ਸਮੂਹ ਪ੍ਰਾਈਵੇਟ ਦਫ਼ਤਰਾਂ ਵਿੱਚ 50% ਸਟਾਫ ਨਾਲ ਕੰਮ ਕਰਨ ਦੀ ਆਗਿਆ ਹੋਵੇਗੀ। ਵਿਆਹ/ਅੰਤਿਮ ਸੰਸਕਾਰ/ਭੋਗ ਆਦਿ ਸਮਾਗਮਾਂ ਵਿੱਚ 20 ਵਿਅਕਤੀਆਂ ਤੋਂ ਵੱਧ ਇਕੱਠ ਕਰਨ ਦੀ ਮਨਾਹੀ ਹੋਵੇਗੀ। ਹਰ ਰੋਜ਼ ਸ਼ਨੀਵਾਰ ਤੱਕ ਸ਼ਾਮ 07 ਵਜੇ ਤੋਂ ਸਵੇਰੇ 05 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ ਅਤੇ ਹਰ ਸ਼ਨੀਵਾਰ ਸ਼ਾਮ 07 ਵਜੇ ਤੋਂ ਸੋਮਵਾਰ ਸਵੇਰੇ 05 ਵਜੇ ਤੱਕ ਹਫ਼ਤਾਵਰੀ (ਐਤਵਾਰ) ਕਰਫਿਊ ਲਾਗੂ ਹੋਵੇਗਾ। ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਸਪਾ/ਮਸਾਜ ਸੈਂਟਰ ਬੰਦ ਰਹਿਣਗੇ। ਸਮਾਜਿਕ, ਸੱਭਿਆਚਾਰਕ, ਖੇਡਾਂ ਆਦਿ ਨਾਲ ਸਬੰਧਤ ਸਮਾਗਮ ਕਰਨ ’ਤੇ ਪੂਰਨ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਸਰਕਾਰੀ ਸਮਾਗਮ ਜਿਵੇਂ ਕਿ ਉਦਘਾਟਨ, ਨੀਂਹ ਪੱਥਰ ਸਮਾਗਮ ਆਦਿ ਜ਼ਿਲਾ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਹੀ ਕਰਨ ਦੀ ਆਗਿਆ ਹੋਵੇਗੀ। ਰਾਜਨੀਤਿਕ ਇੱਕਠ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਹੋਵੇਗੀ।
ਉਕਤ ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51-60 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Advertisement