ਕਰੋਨਾ ਮਨੁੱਖੀ ਜਾਤੀ ਦਾ ਇੱਕ ਅਜਿਹਾ ਦੁਸ਼ਮਨ ਹੈ ਜਿਸ ਨਾਲ ਸਮੁੱਚੀ ਦੁਨੀਆਂ ਜੂਝ ਰਹੀ ਹੈ। ਇਹ ਨਾ ਤਾ ਜਾਤ ਦੇਖਦਾ ਹੈ ਨਾ ਹੀ ਧਰਮ, ਨਾ ਅਮੀਰੀ ਨਾ ਗਰੀਬੀ। ਇਹ ਹਰ ਉਸ ਮਨੁੱਖ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਜੋ ਸਾਹਮਣੇ ਆ ਕੇ ਟੱਕਰ ਲੈਣ ਦੀ ਸੋਚਦਾ ਹੈ।
ਇਸ ਨਾਲ ਲੜਨ ਲਈ ਸਾਡੇ ਸਾਹਮਣੇ ਦੋ ਮਾਡਲ ਇੱਕ ਅਮਰੀਕੀ ਮਾਡਲ ਤੇ ਦੂਜਾ ਚੀਨੀ। ਅਮੀਰੀਕੀ ਮਾਡਲ ਜੋ ਹੈ ਉਸ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਮਨੁੱਖਤਾ ਸਿਰਫ਼ ਘਾਣ ਹੀ ਹੋ ਸਕਦਾ ਹੈ। ਅਮਰੀਕੀ ਮਾਡਲ ਵਿੱਚ ਸਰਮਾਈਦੇਰੀ ਨੂੰ ਬਚਾਉਣ ਦੀ ਜੱਦੋ ਜਹਿਦ ਹੈ, ਪਰ ਮੈਨੂੰ ਨੀਂ ਲੱਗਦਾ ਇਸ ਵਿੱਚ ਉਹ ਕਾਮਯਾਬ ਹੋਣਗੇ। ਹਰ ਰੋਜ ਹਜਾਰਾਂ ਲੋਕ ਅਮਰੀਕਾ ਵਿੱਚ ਇਸ ਬਿਮਾਰੀ ਨਾਲ ਮਰ ਰਹੇ ਹਨ। ਇਹ ਗਿਣਤੀ ਦਿਨੋਂ ਦਿਨ ਵਧਦੀ ਹੀ ਜਾ ਰਹੀ ਹੈ, ਇੱਕ ਅੰਦਾਜ਼ੇ ਮੁਤਾਬਕ 5 ਲੱਖ ਦੇ ਕਰੀਬ ਅਮਰੀਕੀ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਨੇ।
ਦੂਜੇ ਪਾਸੇ ਚੀਨੀ ਮਾਡਲ ਹੈ ਜਿਸ ਵਿੱਚ ਮਨੁੱਖਤਾ ਨੂੰ ਘਰਾਂ ਵਿੱਚ ਇੱਕ ਵਾਰ ਬੰਦ ਕਰਕੇ ਫਿਰ ਉਨ੍ਹਾਂ ਦੀ ਪੂਰੀ ਤਰ੍ਹਾਂ ਸਕ੍ਰੀਨਿੰਗ ਕੀਤੀ। ਚੀਨ ਵਿੱਚ ਉੱਥੋਂ ਦੀ ਸਰਕਾਰ ਨੇ ਲੋਕਾਂ ਨੂੰ ਕੈਦ ਕਰਕੇ ਹਰ ਕਲੌਨੀ ਅਤੇ ਹਰ ਪਿੰਡ ਦੀ ਨਾਕਾਬੰਦੀ ਕੀਤੀ ਅਤੇ ਬਾਅਦ ਵਿੱਚ ਹਰ ਬਾਹਰ ਨਿੱਕਲਣ ਵਾਲੇ ਮਨੁੱਖ ਦਾ ਤਾਪਮਾਨ ਚੈੱਕ ਕਰਨ ਵਾਲੀਆਂ ਮਸ਼ੀਨਾਂ ਨਾਲ ਹਰ ਵਿਅਕਤੀ ਦਾ ਤਾਪਮਾਨ ਚੈੱਕ ਕਰਕੇ ਉਨ੍ਹਾਂ ਨੂੰ ਵੱਖ ਕਰਕੇ ਇਲਾਜ ਕੀਤਾ। ਇਸੇ ਢੰਗ ਨਾਲ ਚੀਨ ਨੇ ਇਸ ਬਿਮਾਰੀ ਤੇ ਕਾਬੂ ਪਾ ਲਿਆ ਹੈ।
ਚੀਨ ਵਿੱਚ ਇੱਕ ਕੌਮਨਿਸਟ ਸਰਕਾਰ ਹੈ। ਇਹ ਇੱਕ ਅਜਿਹੀ ਵਿਚਾਰਧਾਰਾ ਹੈ ਜਿਸ ਵਿੱਚ ਰੱਬ ਜਾਂ ਧਰਮ ਨਾਂ ਦੀ ਕੋਈ ਚੀਜ਼ ਟਿਕ ਹੀ ਨਹੀਂ ਸਕਦੀ। ਚੀਨ ਦੀ ਸਰਕਾਰ ਨੇ ਵਿਗਿਆਨ ਦਾ ਆਸਰਾ ਲਿਆ ਹੈ ਅਤੇ ਇਸ ਬਿਮਾਰੀ ਤੇ ਜਿੱਤ ਪਾ ਲਈ ਹੈ। ਸਾਡੇ ਮੁਲਕ ਭਾਰਤ ਵਿੱਚ ਨਿਰਸੰਦੇਹ ਹੁਕਮਰਾਨਾਂ ਨੇ ਚੀਨੀ ਮਾਡਲ ਨੂੰ ਅਪਣਾਇਆ ਹੈ ਪਰ ਉਨ੍ਹਾਂ ਦੀ ਸੋਚ ਪਛਾਖੜੀ ਹੈ। ਇਸ ਪਛਾਖੜੀ ਸੋਚ ਕਾਰਨ ਹੀ ਉਹ ਮਨੁੱਖਤਾ ਨੂੰ ਘਾਣ ਦੀ ਤਰਫ਼ ਧੱਕ ਰਹੇ ਨੇ।
ਇਸ ਵਾਇਰਸ ਦਾ ਮੁਕਾਬਲਾ ਸਾਹਮਣੇ ਲੜਕੇ ਨਹੀਂ ਕੀਤਾ ਜਾ ਸਕਦਾ, ਇਸ ਨਾਲ ਲੜਨ ਲਈ ਅਸੀਂ ਲੋਕਾਂ ਨੂੰ ਘਰਾਂ ਵਿੱਚ ਕੈਦ ਤਾਂ ਕਰ ਲਿਆ ਹੈ ਪਰ ਅੱਗੇ ਲੋਕਾਂ ਦੀ ਸਕਰੀਨਿੰਗ ਲਈ ਲੋਂੜੀਦੇ ਸੰਦ ਸਾਡੇ ਕੋਲ ਹੈ ਹੀ ਨਹੀਂ ਹਨ। ਸਾਡੇ ਡਾਕਟਰ ਨੰਗੇ ਧੜ ਇਸ ਬਿਮਾਰੀ ਨਾਲ ਜੂਝ ਰਹੇ ਨੇ। ਸਾਡੀ ਪੁਲਿਸ ਨੇ ਲੋਕਾਂ ਨੂੰ ਘਰਾਂ ਵਿੱਚ ਕੈਦ ਤਾਂ ਕਰ ਲਿਆ ਹੈ ਪਰ ਉਸ ਕੋਲ ਅੱਗੇ ਲੋਕਾਂ ਦੀ ਸਕਰੀਨਿੰਗ ਕਰਨ ਲਈ ਜਰੂਰੀ ਦੂਰੋਂ ਹੀ ਤਾਪਮਾਨ ਚੈੱਕ ਕਰਨ ਵਾਲੀਆਂ ਮਸ਼ੀਨਾਂ ਨਹੀਂ ਹਨ। ਜਿਸ ਤਰ੍ਹਾਂ ਦਾ ਲੋਕਡਾਊਨ ਸਾਡੇ ਮੁਲਕ ਵਿੱਚ ਕੀਤਾ ਗਿਆ ਹੈ ਇਹ ਕੁਝ ਸਮੇਂ ਲਈ ਤਾਂ ਸਾਨੂੰ ਰਾਹਤ ਦਵਾ ਸਕਦਾ ਹੈ ਪਰ ਮੈਨੂੰ ਨੀਂ ਲੱਗਦਾ ਸਾਡੇ ਹੁਕਮਰਾਨ ਆਪਣੀ ਪਛਾਖੜੀ ਸੋਚ ਨਾਲ ਇਸਤੇ ਜਿੱਤ ਪਾ ਸਕਣਗੇ।