ਦੋਸ਼- 1 ਦਰਜ਼ਨ ਤੋਂ ਵੱਧ ਮੁੰਡਿਆਂ ਨੇ ਦੇਰ ਰਾਤ ਜਬਰਦਸਤੀ ਘਰ ਅੰਦਰ ਵੜ੍ਹ ਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ
ਪੁਲਿਸ ਨੇ ਕਾਰਵਾਈ ਦੇ ਨਾਂਅ ਤੇ ਮੰਗੀ 50 ਹਜ਼ਾਰ ਦੀ ਰਿਸ਼ਵਤ, ਨਹੀਂ ਦਿੱਤੇ ਤਾਂ ਪਰਚਾ ਦਰਜ਼ ਕਰਨ ਦੀ ਬਜਾਏ, ਚੌਂਕੀ ;ਚੋਂ ਭਜਾਇਆ-ਅਮ੍ਰਿਤਪਾਲ ਕੌਰ
ਡਾਹਢਿਆਂ ਦਾ ਜ਼ੋਰ, ਪੁਲਿਸ ਪਈ ਕਮਜ਼ੋਰ , ਬੇਵੱਸ ਨੌਜਵਾਨ ਨੇ ਪੁਲਿਸ ਕਾਰਵਾਈ ਨਾ ਹੋਣ ਤੋਂ ਖਫਾ ਹੋ ਕੇ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼
ਸੋਨੀ ਪਨੇਸਰ , ਬਰਨਾਲਾ 1 ਜੂਨ 2021
ਇਹ ਡਾਹਢਿਆਂ ਦਾ ਜ਼ੋਰ ਨਹੀਂ ਤਾਂ ਹੋਰ ਕੀ ਐ ,27 ਮਈ ਦੀ ਦੇਰ ਰਾਤ ਬੀਕਾ ਸੂਚ ਪੱਤੀ ਖੇਤਰ ਦੇ ਖੇਤਾਂ ਅੰਦਰ ਸਥਿਤ ਇੱਕ ਘਰ ਅੰਦਰ ਜਬਰਦਸਤੀ ਦਾਖਿਲ ਹੋ ਕੇ ਪਰਿਵਾਰ ਦੇ 3 ਜੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵਾਰਦਾਤ ਦੇ 5 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਦੋਸ਼ੀਆਂ ਖਿਲਾਫ ਹਾਲੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ। ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ ‘ਚ ਹੁੰੜਦੰਗ ਮਚਾਉਂਦੇ ਨੌਜਵਾਨ ਵੀ ਤਫਤੀਸ਼ ਅਧਿਕਾਰੀ ਦੀ ਜਾਂਚ ਲਈ ਕੋਈ ਖਾਸ ਪੁਖਤਾ ਸਬੂਤ ਨਹੀਂ । ਜਿਸ ਕਾਰਣ ਉਹ ਪੀੜਤ ਪਰਿਵਾਰ ਨੂੰ ਕੋਈ ਮੌਕੇ ਦਾ ਗਵਾਹ ਪੇਸ਼ ਕਰਨ ਲਈ ਕਹਿ ਰਹੇ ਹਨ। ਅਜਿਹੇ ਦੋਸ਼ ਪੀੜਤ ਔਰਤ ਅਮ੍ਰਿਤਪਾਲ ਕੌਰ ਪਤਨੀ ਪੂਰਨ ਸਿੰਘ ਵਾਸੀ ਬੀਕਾ ਸੂਚ ਪੱਤੀ, ਖੁੱਡੀ ਕਲਾਂ-ਬਰਨਾਲਾ ਲਿੰਕ ਰੋਡ ਬਰਨਾਲਾ ਸ਼ਦੇ ਹਨ। ਬੇਹੱਦ ਸਹਿਮੀ ਹੋਈ ਪੀੜਤ ਔਰਤ ਨੇ ਭਰੇ ਮਨ ਨਾਲ ਕਿਹਾ ਕਿ ਦੋਸ਼ੀ ਹਮਲਾਵਰ ਸ਼ਰੇਆਮ ਘੁੰਮਦੇ ਫਿਰਦੇ ਹਨ, ਸਗੋਂ ਪੁਲਿਸ ਵਾਲਿਆਂ ਨੇ ਉਸ ਨੂੰ ਇਹ ਕਹਿ ਕੇ ਚੌਂਕੀ ਵਿੱਚੋਂ ਬਰੰਗ ਮੋੜ ਦਿੱਤਾ ਕਿ ਜੇ ਕਾਰਵਾਈ ਕਰਵਾਉਣੀ ਹੈ ਤਾਂ 50 ਹਜ਼ਾਰ ਰੁਪਏ ਰਿਸ਼ਵਤ ਦੇ ਲੈ ਕੇ ਆਉ । ਜਦੋਂ ਕਿ ਅਸੀਂ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਹਾਂ, ਮਸਾਂ ਹੀ ਮਿਹਨਤ ਨਾਲ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਾਂ।
ਕਦੋਂ ਕਿੱਥੇ ਤੇ ਕੀ ਹੋਇਆ ? ? ?
ਅਮ੍ਰਿਤਪਾਲ ਕੌਰ ਪਤਨੀ ਪੂਰਨ ਸਿੰਘ ਵਾਸੀ ਬੀਕਾ ਸੂਚ ਪੱਤੀ ਹੰਡਿਆਇਆ ਨੇ ਦੱਸਿਆ ਕਿ ਗੁਰਮਨ ਸਿੰਘ ਵਾਸੀ ਕੋਠੇ ਜਲਾਲਕੇ ਹੰਡਿਆਇਆ ਆਪਣੇ ਕਰੀਬ 1 ਦਰਜ਼ਨ ਤੋਂ ਵੱਧ ਸਾਥੀਆਂ ਸਮੇਤ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ 27 ਮਈ ਦੀ ਰਾਤ ਕਰੀਬ 10:30 ਵਜੇ 2 ਬੁਲੇਟ ਮੋਟਰਸਾਇਕਲਾਂ, ਇੱਕ ਕਾਰ ਅਤੇ ਕਰੂਜ ਗੱਡੀ ਵਿੱਚ ਸਵਾਰ ਹੋ ਕੇ ਆਇਆ। ਸਾਰਿਆਂ ਨੇ ਘਰ ਦਾ ਗੇਟ ਖੜਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਗੇਟ ਖੋਹਲਿਆ ਤਾਂ ਗੁਰਮਨ ਤੇ ਉਸ ਦੇ ਹੋਰ ਸਾਥੀ ਜਬਰਦਸਤੀ ਘਰ ਅੰਦਰ ਦਾਖਿਲ ਹੋ ਗਏ। ਜਿੰਨਾਂ ਦੇ ਹੱਥਾਂ ਵਿੱਚ ਬੇਸਵਾਲ, ਹਾਕੀਆਂ ਤੇ ਡੰਡੇ ਫੜ੍ਹੇ ਹੋਏ ਸਨ। ਗੁਰਮਨ ਨੇ ਕਿਹਾ ਕਿ ਤੁਸੀਂ ਹਰਸ਼ ਨੂੰ ਬਾਹਰ ਕੱਢੋ ਅਸੀਂ। ਉਸ ਨੂੰ ਜਿੰਦਾ ਨਹੀਂ ਛੱਡਾਂਗੇ। ਇਸ ਸੁਣਕੇ ਮੇਰਾ ਬੇਟਾ ਹਰਸ਼, ਘਰ ਅੰਦਰ ਹੀ ਲੁੱਕ ਗਿਆ। ਪਰੰਤੂ ਸਾਡੇ ਰੋਕਣ ਤੇ ਗੁਰਮਨ ਤੇ ਉਸ ਦੇ ਦੂਜੇ ਸਾਥੀਆਂ ਨੇ ਪਹਿਲਾਂ ਮੇਰੀ,ਫਿਰ ਮੇਰੇ ਬੇਟੇ ਹਰਮਿੰਦਰ ਸਿੰਘ ਅਤੇ ਉਸ ਦੇ ਪਿਤਾ ਪੂਰਨ ਸਿੰਘ ਨਾਲ ਧੱਕਾਮੁੱਕੀ ਕੀਤੀ। ਘਰ ਅੰਦਰ ਇੱਟਾਂ/ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਘਰ ਵਿੱਚ ਮੌਜੂਦ ਮੇਰੀਆਂ 2 ਪ੍ਰੈਗਨੈਂਟ ਨੂੰਹਾਂ ਵੀ ਸਹਿਮ ਗਈਆਂ। ਸਾਡੇ ਸ਼ੋਰ ਮਚਾਉਣ ਅਤੇ ਜਦੋਂ ਹਰਸ਼ ਉਨਾਂ ਨੂੰ ਘਰ ਅੰਦਰ ਨਹੀਂ ਮਿਲਿਆ ਤਾਂ ਫਿਰ ਸਾਰੇ ਦੋਸ਼ੀ ਹਰਸ਼ ਨੂੰ ਫਿਰ ਤੋਂ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ। ਉਨਾਂ ਕਿਹਾ ਕਿ ਹਮਲਾਵਰਾਂ ਦੀ ਪਹਿਚਾਣ ਗੁਰਮਨ ਸਿੰਘ, ਹੈਪੀ ਪੇਮ ਨਗਰ ਬਰਨਾਲਾ, ਨਵੀ ਸਿੰਘ ਹੰਡਿਆਇਆ,ਲੱਖਾ ਸਿੰਘ, ਅਮ੍ਰਿਤ ਪਾਲ ਸਿੰਘ,ਗਗਨ ਸਿੰਘ ਦੇ ਤੌਰ ਤੇ ਹੋਈ ਹੈ। ਜਦੋਂ ਕਿ 6/7 ਹੋਰ ਅਣਪਛਾਤਿਆਂ ਦੀ ਸਾਹਮਣੇ ਆਉਣ ਤੇ ਉਸ ਦਾ ਪਰਿਵਾਰ ਪਹਿਚਾਣ ਕਰ ਸਕਦਾ ਹੈ।
112 ਨੰਬਰ ਤੇ ਵੀ ਦਿੱਤੀ ਸ਼ਕਾਇਤ-ਹਰਮਿੰਦਰ ਸਿੰਘ ਔਲਖ
ਹਰਮਿੰਦਰ ਸਿੰਘ ਔਲਖ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਨਾਂ ਰਾਤ ਨੂੰ ਹੀ 112 ਨੰਬਰ ਤੇ ਸ਼ਕਾਇਤ ਦਰਜ਼ ਕਰਵਾਈ। ਜਿਸ ਤੋਂ ਥੋੜੀ ਦੇਰ ਬਾਅਦ ਹੀ ਪੁਲਿਸ ਕਰਮਚਾਰੀ ਸੁਰਜੀਤ ਸਿੰਘ ,ਪੁਲਿਸ ਪਾਰਟੀ ਨਾਲ ਮੋਕਾ ਵਾਰਦਾਤ ਤੇ ਪਹੁੰਚਿਆਂ। ਘਰ ਵਿੱਚ ਬਿਖਰੇ ਇੱਟਾਂ ਰੋੜਿਆਂ ਅਤੇ ਹੋਰ ਸਮਾਨ ਦੀਆਂ ਫੋਟੋਆਂ ਖਿੱਚੀਆਂ ਤੇ ਸਵੇਰੇ 9 ਵਜੇ ਹੰਡਿਆਇਆ ਪੁਲਿਸ ਚੌਂਕੀ ਪਹੁੰਚਣ ਦਾ ਸੁਨੇਹਾ ਲਾ ਕੇ ਬਿਨਾਂ ਕੋਈ ਕਾਰਵਾਈ ਕੀਤੇ, ਉਥੋਂ ਚਲੇ ਗਏ। ਉਨਾਂ ਦੱਸਿਆ ਕਿ 28 ਮਈ ਦੀ ਸਵੇਰੇ ਕਰੀਬ 9 ਵਜੇ, ਅਸੀਂ ਸ਼ਕਾਇਤ ਦਰਜ਼ ਕਰਵਾਉਣ ਲਈ, ਪੁਲਿਸ ਚੌਂਕੀ ਪਹੁੰਚ ਗਏ। ਪੁਲਿਸ ਵਾਲਿਆਂ ਨੇ ਬਿਆਨ ਕਲਮਬੰਦ ਕੀਤੇ, ਪਰ ਕੋਈ ਕਾਰਵਾਈ ਨਹੀਂ ਕੀਤੀ। ਫਿਰ ਪੁਲਿਸ ਵਾਲਿਆਂ ਨੇ 29 ਮਈ ਨੂੰ ਦੋਵਾਂ ਧਿਰਾਂ ਨੂੰ ਪੁਲਿਸ ਚੌਂਕੀ ਵਿਖੇ ਬੁਲਾਇਆ। ਪੁਲਿਸ ਹਾਲੇ ਕਾਰਵਾਈ ਹੀ ਕਰ ਰਹੀ ਸੀ ਕਿ ਇੱਕ ਰਾਜਸੀ ਆਗੂ, ਉੱਥੇ ਦੋਸ਼ੀਆਂ ਦੀ ਮੱਦਦ ਤੇ ਆ ਗਿਆ। ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਕੋਈ ਹੋਰ ਵੱਡੇ ਕਾਂਗਰਸੀ ਆਗੂ ਦਾ ਫੋਨ ਆਇਆ ਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਠੱਪ ਹੋ ਗਈ। ਉਨਾਂ ਕਿਹਾ ਕਿ ਪੁਲਿਸ ਵਾਲਿਆਂ ਨੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਵੀ ਕੀਤੀ। ਜੋ ਦੇਣ ਤੋਂ ਅਸੀਂ ਆਪਣੀ ਗਰੀਬੀ ਦਾ ਵਾਸਤਾ ਦੇ ਕੇ ਨਾਂਹ ਕਰ ਦਿੱਤੀ।
ਕਾਰਵਾਈ ਤੋਂ ਖਫਾ ਹਰਮਿੰਦਰ ਨੇ ਕੀਤੀ ਆਤਮਹੱਤਿਆ ਦੀ ਕੋਸ਼ਿਸ਼
ਹਰਮਿੰਦਰ ਸਿੰਘ ਨੇ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਅਤੇ ਉਲਟਾ ਉਨਾਂ ਉੱਪਰ ਹੀ ਸਮਝੌਤੇ ਦਾ ਦਬਾਅ ਪਾਏ ਜਾਣ ਤੋਂ ਖਫਾ ਹੋ ਕੇ ਹਰਮਿੰਦਰ ਸਿੰਘ ਨੇ ਘਰ ਜਾ ਕੇ ਰਾਤ ਨੂੰ ਕੋਈ ਜਹਿਰੀਲੀ ਦਵਾਈ ਪੀ ਕੇ ਆਤਮਹੱਤਿਆਂ ਦੀ ਕੋਸ਼ਿਸ਼ ਕੀਤੀ। ਅਮ੍ਰਿਤਪਾਲ ਕੌਰ ਨੇ ਕਿਹਾ ਕਿ ਅਸੀਂ ਹਰਮਿੰਦਰ ਤੋਂ ਜਹਿਰੀਲੀ ਦਵਾਈ ਖੋਹ ਲਈ, ਪਰੰਤੂ ਕੁਝ ਦਵਾਈ ਪੀ ਲੈਣ ਕਾਰਣ ਉਸਨੂੰ ਰਾਤ ਨੂੰ ਹੀ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਵਾਇਆ। ਪੁਲਿਸ ਨੂੰ ਹਸਪਤਾਲ ਦੇ ਡਾਕਟਰਾਂ ਨੇ ਰੁੱਕਾ ਵੀ ਭੇਜਿਆ, ਪਰੰਤੂ ਕੋਈ ਪੁਲਿਸ ਮੁਲਾਜ਼ਮ ਬਿਆਨ ਲੈਣ ਲਈ ਹੀ ਨਹੀਂ ਪਹੁੰਚਿਆ। ਉਲਟਾ ਕੁਝ ਵਿਅਕਤੀ, ਉਨਾਂ ਤੇ ਸਮਝੌਤੇ ਲਈ ਦਬਾਅ ਬਣਾਉਂਦੇ ਰਹੇ। ਜਿਸ ਤੋਂ ਪ੍ਰੇਸ਼ਾਨ ਹੋ ਕੇ ਹਰਮਿੰਦਰ ਨੂੰ ਉੱਥੋਂ ਲੈ ਕੇ ਅਸੀਂ ਨਿੱਜੀ ਹਸਪਤਾਲ ਵਿੱਚ ਪਹੁੰਚ ਗਏ। ਉਨਾਂ ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਤੋਂ ਮੰਗ ਕੀਤੀ ਕਿ ਉਹ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ।ਉਨਾਂ ਨੂੰ ਗਿਰਫਤਾਰ ਕਰਕੇ ਅਤੇ ਸਾਨੂੰ ਇਨਸਾਫ ਬਖਸ਼ਿਆ ਜਾਵੇ ।
ਜੇ ਪਤਾ ਹੁੰਦਾ , ਪੰਜਾਬ ਦੇ ਹਾਲਤ ਮਾੜੇ ਨੇ, ਮੈਂ ਬੱਚਿਆਂ ਨੂੰ ਕਦੇ ਨਾ ਲਿਆਉਂਦੀ,,,
ਹੁੱਬਕੀਆਂ ਰੋਂਦੀ ਅਮ੍ਰਿਤਪਾਲ ਕੌਰ ਨੇ ਕਿਹਾ ਕਿ ਸਾਡਾ ਜੱਦੀ ਪਿੰਡ ਬੇਸ਼ੱਕ ਬੀਕਾ ਸੂਚ ਪੱਤੀ ਹੰਡਿਆਇਆ ਹੀ ਹੈ। ਪਰੰਤੂ ਮੇਰੇ ਬੱਚਿਆਂ ਦਾ ਜਨਮ ਸ੍ਰੀ ਪਾਉਂਟਾ ਸਾਹਿਬ ਦਾ ਹੀ ਹੈ। ਕਾਫੀ ਸਮਾਂ ਪਹਿਲਾਂ ਅਸੀਂ ਫਿਰ ਆਪਣੇ ਜੱਦੀ ਘਰ ਆ ਕੇ ਰਹਿਣ ਲੱਗ ਪਏ। ਹੁਣ ਮੈਂ ਪਛਤਾ ਰਹੀ ਹਾਂ ਕਿ ਜੇ ਪਤਾ ਹੁੰਦਾ, ਪੰਜਾਬ ਦੇ ਹਾਲਾਤ ਮਾੜੇ ਨੇ, ਮੈਂ ਆਪਣੇ ਬੱਚਿਆਂ ਨੂੰ ਕਦੇ ਵੀ ਇੱਥੇ ਨਾ ਲਿਆਂਉਂਦੀ। ਉਨਾਂ ਕਿਹਾ ਕਿ ਅਸੀਂ ਘਰ ਵਿੱਚ 3 ਔਰਤਾਂ ਤੇ 3 ਆਦਮੀ ਰਹਿੰਦੇ ਹਾਂ। ਮੇਰੇ ਦੋਵੇਂ ਬੇਟੇ ਆਪਣੇ ਕੰਮਾਂ ਕਾਰਾਂ ਤੇ ਬਾਹਰ ਚਲੇ ਜਾਂਦੇ ਨੇ, ਤੇ ਘਰ ਵਿੱਚ ਬਿਰਧ ਪਿਉ ਹੀ ਰਹਿ ਜਾਂਦਾ ਹੈ। ਉਨਾਂ ਘਟਨਾ ਦੀ ਵਜ੍ਹਾ ਰੰਜਿਸ਼ ਬਾਰੇ ਕਿਹਾ ਕਿ ਕਰੀਬ ਢਾਈ ਕੁ ਮਹੀਨੇ ਪਹਿਲਾਂ ਮੇਰੇ ਬੇਟੇ ਹਰਸ਼ਦੀਪ ਸਿੰਘ ਅਤੇ ਗੁਰਮਣ ਸਿੰਘ ਦਰਮਿਆਨ ਪੱਕਾ ਕਾਲਜ ਰੋਡ ਬਰਨਾਲਾ ਤੇ ਪੈਂਦੇ ਉ.ਬੀ.2 ਤੇ ਆਪਸ ਵਿੱਚ ਤਕਰਾਰ ਹੋ ਗਈ ਸੀ। ਜਿਸ ਸਬੰਧੀ ਦੋਵਾਂ ਦਾ ਸਮਝੈਤਾ ਵੀ ਹੋਗਿਆ ਸੀ। ਉਸੇ ਰੰਜਿਸ਼ ਕਾਰਣ, ਗੁਰਮਨ ਤੇ ਉਸ ਦੇ ਸਾਥੀ ਹਰਸ਼ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ।
107/151 ਦੀ ਕਾਰਵਾਈ ਕੀਤੀ, ਪੜਤਾਲ ਹਾਲੇ ਜ਼ਾਰੀ-ਐਸ.ਆਈ. ਬਲਦੇਵ ਸਿੰਘ
ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ ਐਸ.ਆਈ. ਬਲਦੇਵ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਅਮ੍ਰਿਤਪਾਲ ਕੌਰ ਦੀ ਸ਼ਕਾਇਤ ਤੇ ਫਿਲਹਾਲ ਰਪਟ ਨੰਬਰ 15 ਪਾ ਕੇ ਦੋਸ਼ੀਆਂ ਵਿਰੁੱਧ 107/151 ਦੀ ਕਾਰਵਾਈ ਕਰਕੇ, ਉਨਾਂ ਦੀਆਂ ਜਮਾਨਤਾਂ ਕਰਵਾ ਦਿੱਤੀਆਂ ਹਨ। ਜਦੋਂ ਕਿ ਦੋਸ਼ੀਆਂ ਦੁਆਰਾ ਮੁਦਈ ਦੇ ਘਰ ਅੰਦਰ ਵੜ੍ਹਕੇ ਹਮਲਾ ਕਰਨ ਸਬੰਧੀ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ। ਮੁਦਈ ਧਿਰ ਨੂੰ ਸਬੂਤ ਦੇ ਤੌਰ ਤੇ ਗਵਾਹ ਅਤੇ ਹੋਰ ਤੱਥ ਪੇਸ਼ ਕਰਨ ਲਿਆ ਕਿਹਾ ਗਿਆ ਹੈ। ਸਫਾ ਮਿਸਲ ਤੇ ਸ਼ਹਾਦਤ ਆਉਂਦਿਆਂ ਹੀ ਆਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿਹਾ ਕਿ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੀ ਕੋਈ ਗੱਲ ਉਨਾਂ ਦੇ ਧਿਆਨ ਵਿੱਚ ਨਹੀਂ ਹੈ। ਉਨਾਂ ਹਰਮਿੰਦਰ ਸਿੰਘ ਵੱਲੋਂ ਕੋਈ ਜਹਿਰੀਲੀ ਦਵਾਈ ਪੀਕੇ ਆਤਮਹੱਤਿਆਂ ਦੀ ਕੋਸ਼ਿਸ਼ ਕਰਨ ਦੀ ਪੁਸ਼ਟੀ ਕੀਤੀ ਕਿ ਹਸਪਤਾਲ ਵੱਲੋਂ ਰੁੱਕਾ ਭੇਜਿਆ ਗਿਆ ਸੀ, ਪਰੰਤੂ ਜਦੋਂ ਅਸੀਂ ਬਿਆਨ ਲਿਖਣ ਲਈ ਪਹੁੰਚੇ ਤਾਂ ਡਾਕਟਰਾਂ ਅਨੁਸਾਰ ਉਹ ਹਸਪਤਾਲ ਵਿੱਚੋਂ ਜਾ ਚੁੱਕਿਆ ਸੀ।