ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 244ਵਾਂ ਦਿਨ
ਬੇਟੀ ਇਕਬਾਲਜੀਤ ਨੇ ਪਿਤਾ ਨਰੈਣ ਦੱਤ ਦੇ ਜਨਮ ਦਿਨ ਦੀ ਖੁਸ਼ੀ ‘ਚ 5000 ਰੁਪਏ ਦੀ ਸਹਾਇਤਾ ਰਾਸ਼ੀ ਭੇਜੀ।
ਪਰਦੀਪ ਕਸਬਾ , ਬਰਨਾਲਾ: 1 ਜੂਨ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 244 ਵੇਂ ਦਿਨ ਵੀ ਪੂਰੇ ਜੋਸ਼ੋ -ਖਰੋਸ਼ ਨਾਲ ਜਾਰੀ ਰਿਹਾ। ਕੱਲ੍ਹ ਰਾਤ ਆਏ ਝੱਖੜ ਨੇ ਧਰਨੇ ਵਾਲੀ ਥਾਂ ‘ਤੇ ਲੱਗੇ ਟੈਂਟ ਉਖਾੜ ਦਿੱਤੇ ਪਰ ਕਿਸਾਨਾਂ ਦੇ ਹੌਂਸਲੇ ‘ ਚ ਕੋਈ ਫਰਕ ਨਹੀਂ ਪਿਆ। ਦਿਨ ਚੜ੍ਹਦੇ ਨਾਲ ਹੀ ਟੈਂਟ ਨੂੰ ਦੁਬਾਰਾ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ ਅਤੇ ਧਰਨੇ ਬਦਲਵੀਂ ਥਾਂ ‘ਤੇ ਆਪਣੇ ਰਵਾਇਤੀ ਅੰਦਾਜ਼ ਨਾਲ ਜਾਰੀ ਰਿਹਾ। ਕੁੱਝ ਘੰਟਿਆਂ ਬਾਅਦ ਹੀ ਟੈਂਟ ਤਿਆਰ ਸੀ।
ਕਿਸਾਨ ਅੰਦੋਲਨ ਦੇ ਲੰਬੇ ਅਰਸੇ ਤੱਕ ਚੱਲਣ ਦੇ ਆਸਾਰ ਹਨ।ਇਸ ਲਈ ਫੰਡਾਂ ਦੀ ਵੀ ਜਰੂਰਤ ਦਰਕਾਰ ਹੈ। ਅੱਜ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰੈਣ ਦੱਤ ਦੀ ਬੇਟੀ ਨੇ ਆਪਣੇ ਪਿਤਾ ਦੇ ਜਨਮ ਦਿਨ ਦੀ ਖੁਸ਼ੀ ‘ਚ ਕਨੇਡਾ ਤੋਂ ਕਿਸਾਨ ਮੋਰਚੇ ਲਈ 5000 ਰੁਪਏ ਸਹਾਇਤਾ ਰਾਸ਼ੀ ਭੇਜੀ। ਸੰਚਾਲਨ ਕਮੇਟੀ ਨੇ ਬੇਟੀ ਦਾ ਬਹੁਤ ਬਹੁਤ ਧੰਨਵਾਦ ਕੀਤਾ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਬਾਬੂ ਸਿੰਘ ਖੁੱਡੀ ਕਲਾਂ, ਨਰੈਣ ਦੱਤ, ਅਮਰਜੀਤ ਕੌਰ, ਚਰਨਜੀਤ ਕੌਰ,ਬਲਜੀਤ ਸਿੰਘ ਚੌਹਾਨਕੇ, ਸ਼ਿੰਗਾਰਾ ਸਿੰਘ ਰਾਜੀਆ, ਮਨਜੀਤ ਰਾਜ, ਗੋਰਾ ਸਿੰਘ ਢਿੱਲਵਾਂ, ਮਨਜੀਤ ਕੌਰ ਖੁੱਡੀ ਕਲਾਂ ਤੇ ਕਾਕਾ ਸਿੰਘ ਫਰਵਾਹੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੇ ਧਰਨਿਆਂ ਵਿੱਚ ਬੈਠਿਆਂ ਅੱਤ ਦੀ ਗਰਮੀ, ਸਰਦੀ, ਮੀਂਹ ਹਨੇਰੀ, ਝੱਖੜ ਆਦਿ ਹਰ ਤਰ੍ਹਾਂ ਦੇ ਕੁਦਰਤੀ ਕਹਿਰ ਆਪਣੇ ਪਿੰਡਿਆਂ ‘ਤੇ ਝੱਲੇ ਹਨ। ਕਿਸਾਨਾਂ ਦੇ ਸਿਰੜ ਤੇ ਸਿਦਕ ਦੇ ਚੱਲਦਿਆਂ ਇਹ ਦੁਸ਼ਵਾਰੀਆਂ ਵੀ ਉਨ੍ਹਾਂ ਦੇ ਹੌਂਸਲੇ ਨੂੰ ਡੇਗ ਨਹੀਂ ਸਕਦੀਆਂ।
ਕਿਸਾਨ ਆਗੂਆਂ ਨੇ ਕਿਹਾ ਕਿ 5 ਜੂਨ ਨੂੰ ਸੰਪੂਰਨ ਕਰਾਂਤੀ ਦਿਵਸ ਮਨਾਉਣ ਲਈ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਚਾਲੇ ਪਾ ਰਹੇ ਹਨ। ਬਰਨਾਲਾ ਜਿਲ੍ਹੇ ਦੇ ਸੰਯੁਕਤ ਕਿਸਾਨ ਮੋਰਚੇ ਦੇ ਸਾਥੀ ਦਿੱਲੀ ਮੋਰਚਿਆਂ ‘ਚ ਜਾਣ ਲਈ ਕੱਲ੍ਹ 9 ਵਜੇ ਮਾਨਸਾ ਤੋਂ ਦਿੱਲੀ ਵਾਲੀ ਟਰੇਨ ‘ਤੇ ਸਵਾਰ ਹੋਣਗੇ। ਦਿੱਲੀ ਜਾਣ ਦੇ ਇੱਛੁਕ ਸਾਥੀ ਤੇ ਬੀਬੀਆਂ ਸੰਚਾਲਕ ਕਮੇਟੀ ਕੋਲ ਨਾਂਅ ਦਰਜ ਕਰਵਾ ਜਾਣ ਤਾਂ ਜੁ ਮਾਨਸਾ ਪਹੁੰਚਣ ਲਈ ਢੁਕਵੇਂ ਇੰਤਜਾਮ ਕੀਤੇ ਜਾ ਸਕਣ।
ਅੱਜ ਜਸ਼ਨਦੀਪ ਕੌਰ, ਮੁਖਤਿਆਰ ਕੌਰ ਖੁੱਡੀ ਕਲਾਂ ਤੇ ਨਰਿੰਦਰਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।