ਕਈ ਵਾਰ ਪੁਲਿਸ ਵਾਲਿਆਂ ਨੂੰ ਕੀਤਾ ਸੂਚਿਤ, ਨਾ ਕੋਈ ਪੜਤਾਲ ਕੀਤੀ ਨਾ ਹੀ ਕਬਜ਼ੇ ‘ਚ ਲਈ ਲਾਵਾਰਿਸ ਕਾਰ
ਹਰਿੰਦਰ ਨਿੱਕਾ , ਬਰਨਾਲਾ 1 ਜੂਨ 2021
ਸ਼ਹਿਰ ਦੇ ਰਾਮਬਾਗ ਰੋਡ ਤੇ ਸਥਿਤ ਮਿੱਤਲ ਸਟਰੀਟ ‘ਚ ਕਰੀਬ ਇੱਕ ਮਹੀਨੇ ਤੋਂ ਲਾਵਾਰਿਸ ਹਾਲਤ ਵਿੱਚ ਖੜ੍ਹੀ ਕਾਰ ਨੇ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਛੱਡਿਆ ਹੈ। ਸੂਚਨਾ ਮਿਲਣ ਦੇ ਬਾਵਜੂਦ ਵੀ ਮੁਕਾਮੀ ਪੁਲਿਸ ਬੇਖਬਰ ਬਣੀ ਹੋਈ ਹੈ। ਇਲਾਕਾ ਵਾਸੀਆਂ ਅਨੁਸਾਰ ਉਨਾਂ ਨੇ ਕਈ ਵਾਰ ਪੁਲਿਸ ਵਾਲਿਆਂ ਨੂੰ ਕਾਰ ਸਬੰਧੀ ਸੂਚਨਾ ਦਿੱਤੀ ਹੈ, ਪਰੰਤੂ ਸੂਚਨਾ ਮਿਲਣ ਤੋਂ ਬਾਅਦ ਵੀ ਨਾ ਕੋਈ ਪੁਲਿਸ ਕਰਮਚਾਰੀ ਪੜਤਾਲ ਲਈ ਮੌਕੇ ਤੇ ਪਹੁੰਚਿਆਂ ਹੈ ਅਤੇ ਨਾ ਹੀ ਕਿਸੇ ਨੇ ਲਾਵਾਰਿਸ ਸਵਿਫਟ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਉਸ ਦਾ ਸੁਰਾਗ ਲੱਭਣ ਵਿੱਚ ਕੋਈ ਰੁਚੀ ਦਿਖਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਇੱਕ ਮਹੀਨੇ ਤੋਂ ਮਿੱਤਲ ਹਸਪਤਾਲ ਤੋਂ ਥੋੜੀ ਦੂਰ, ਇੱਕ ਘਰ ਦੇ ਬਾਹਰ ਇੱਕ ਹਰਿਆਣਾ ਨੰਬਰ ਦੀ ਕਾਰ ਮਾਰਕਾ ਸਵਿਫਟ-ਨੰਬਰ HR-26 AZ-8342 ਰੰਗ ਚਿੱਟਾ ਖੜ੍ਹੀ ਹੈ। ਇਸ ਕਾਰ ਦੀ ਪਿਛਲੀ ਇੱਕ ਲਾਈਟ ਅਤੇ ਕੁਝ ਹੋਰ ਹਿੱਸੇ ਤੇ ਡੈਂਟ ਪਿਆ ਹੋਇਆ ਹੈ। ਇੱਥੇ ਹੀ ਬੱਸ ਨਹੀਂ, ਕਾਰ ਦਾ ਸਾਈਡ ਸ਼ੀਸ਼ਾ ਵੀ ਟੁੱਟਿਆ ਹੋਇਆ ਹੈ। ਕਾਰ ਦੇ ਅੰਦਰ ਵੀ ਕਾਰ ਦਾ ਟੁੱਟਿਆ ਹੋਇਆ ਕੁਝ ਸਮਾਨ ਵੀ ਪਿਆ ਹੈ। ਕਾਰ ਦੇ ਅੱਗੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦਾ ਵੱਡਾ ਝੰਡਾ ਵੀ ਲੱਗਿਆ ਹੋਇਆ ਹੈ। ਅਜਿਹੇ ਹਾਲਤ, ਬਿਆਨ ਕਰਦੇ ਹਨ ਕਿ ਕਾਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੀ ਲੁਕਾ-ਛਿਪਾ ਕੇ ਇੱਥੇ ਖੜ੍ਹੀ ਕੀਤੀ ਗਈ ਹੈ। ਆਂਢ-ਗੁਆਂਢ ਦੇ ਲੋਕਾਂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਹਿਸ ਕਾਰ ਸਬੰਧੀ ਪੁਲਿਸ ਨੂੰ ਵੀ ਕਈ ਵਾਰ ਸੂਚਿਤ ਕੀਤਾ ਹੈ। ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚੇ, ਪਰ ਦੇਖ ਕੇ ਹੀ ਵਾਪਿਸ ਚਲੇ ਗਏ। ਇਲਾਕਾ ਵਾਸੀਆਂ ਨੇ ਕਿਹਾ ਕਿ ਲਾਵਾਰਿਸ ਕਾਰ ਨੂੰ ਦੇਖਦਿਆਂ ਲੋਕਾਂ ਦੇ ਸਾਂਹ ਸੂਤੇ ਜਾ ਰਹੇ ਹਨ।