ਹਰ ਕੁਰਬਾਨੀ ਦੇਕੇ ਸੰਘਰਸ਼ ਦੀ ਸੂਹੀ ਲਾਟ ਨੂੰ ਮਘਦਾ ਰੱਖਣ ਦਾ ਅਹਿਦ
ਪਰਦੀਪ ਕਸਬਾ , ਬਰਨਾਲਾ: 28 ਮਈ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲੱਗੇ ਮੋਰਚੇ ਦੇ 240 ਵੇਂ ਦਿਨ ਵੀ ਆਪਣੇ ਨਵੇਕਲੇ ਜ਼ੋਸੀਲੇ ਅੰਦਾਜ਼ ਵਿੱਚ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਸ਼ਹੀਦ ਭਗਵਤੀ ਚਰਨ ਵੋਹਰਾ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਰਲੀ, ਗੁਰਦੇਵ ਸਿੰਘ ਮਾਂਗੇਵਾਲ,ਕਰਨੈਲ ਸਿੰਘ ਗਾਂਧੀ,ਗੁਰਚਰਨ ਸਿੰਘ ਸਰਪੰਚ, ਗੁਰਨਾਮ ਸਿੰਘ ਠੀਕਰੀਵਾਲਾ,ਅਮਰਜੀਤ ਕੌਰ, ਮਨਜੀਤ ਕੌਰ,ਜਸਪਾਲ ਕੌਰ, ਬਾਬੂ ਸਿੰਘ ਖੁੱਡੀਕਲਾਂ, ਗੋਰਾ ਸਿੰਘ ਢਿੱਲਵਾਂ, ਗੁਰਮੇਲ ਰਾਮ ਸ਼ਰਮਾ, ਬਲਜੀਤ ਸਿੰਘ ਚੁਹਾਨਕੇ, ਚਰਨਜੀਤ ਕੌਰ, ਸੁਖਦੇਵ ਸਿੰਘ ਨੇ ਐਲਾਨ ਕੀਤਾ ਕਿ ਅੱਜ ਸਾਡੇ ਲਈ ਜੋਰਦਾਰ ਅਹਿਦ ਕਰਨ ਦਾ ਦਿਨ ਹੈ। ਅੱਜ ਦੇ ਦਿਨ ਹੀ ਭਾਰਤੀ ਲੋਕਾਂ ਦੇ ਗਲੋਂ ਅੰਗਰੇਜਾਂ ਦੀ ਗੁਲਾਮੀ ਦਾ ਜੂਲਾ ਲਾਹੁਣ ਲਈ ਸ਼ਹੀਦ ਭਗਤ ਸਿੰਘ ਦੇ ਸਾਥੀ ਭਗਵਤੀ ਚਰਨ ਵੋਹਰਾ ਰਾਵੀ ਦਰਿਆ ਦੇ ਕੰਢੇ ਬੰਬ ਟੈਸਟ ਕਰਨ ਸਮੇਂ ਫਟ ਜਾਣ ਕਰਕੇ ਮੌਕੇ ਤੇ ਹੀ ਸ਼ਹਾਦਤ ਦਾ ਜਾਮ ਪੀ ਗਿਆ ਸੀ। ਇਹਨਾਂ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚਲਦਿਆਂ ਹੀ ਮੌਜੂਦਾ ਹਾਕਮਾਂ ਖਿਲਾਫ਼ ਕਿਸਾਨੀ ਅੰਦੋਲਨ ਦਿਨੋ ਦਿਨ ਹੋਰ ਵਿਸ਼ਾਲ ਅਤੇ ਤਿੱਖਾ ਹੋ ਰਿਹਾ ਹੈ। ਸਾਡੇ ਸ਼ਹੀਦ ਜਿਸਮਾਨੀ ਰੂਪ’ਚ ਚਲੇ ਜਾਣ ਤੋਂ ਬਾਅਦ ਵੀ ਵਿਚਾਰਾਂ ਦੇ ਰੂਪ’ਚ ਚਾਨਣ ਮੁਨਾਰਾ ਹਨ। ਸਾਡੇ ਲਈ ਛੇ ਮਹੀਨੇ ਜਾਂ ਛੇ ਸਾਲਾਂ ‘ਚ ਕੋਈ ਫਰਕ ਨਹੀਂ, ਸਾਡਾ ਬਸ ਇੱਕੋ -ਇੱਕ ਤੇ ਅਟੱਲ ਟੀਚਾ ਹੈ -ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣਾ। ਬੁਲਾਰਿਆਂ ਨੇ ਕਿਹਾ ਕਿ ਜਦ ਕਿਸਾਨ ਪਿਛਲੇ ਮਹੀਨੇ ਫਸਲ ਵਾਢੀ ਵਿੱਚ ਰੁੱਝੇ ਹੋਏ ਸਨ ਤਾਂ ਸਰਕਾਰ ਨੇ ਭਰਮ ਪਾਲ ਲਿਆ ਸੀ ਕਿ ਕਿਸਾਨ ਅੰਦੋਲਨ ਪੇਤਲਾ ਪੈ ਜਾਵੇਗਾ। ਸਰਕਾਰ ਅਕਾ ਥਕਾ ਕੇ ਕਿਸਾਨਾਂ ਨੂੰ ਘਰ ਤੋਰ ਕੇ ਅੰਦੋਲਨ ਖਤਮ ਕਰ ਦੇਵੇਗੀ। ਪਰ ਕਿਸਾਨ ਅੰਦੋਲਨ ਦੀਆਂ ਲੋਕ ਸੱਥਾਂ ਅੰਦਰ ਜੜ੍ਹਾਂ ਬਹੁਤ ਡੂੰਘੀਆਂ ਚਲੀਆਂ ਗਈਆਂ ਹਨ। ਸਰਕਾਰ ਕੋਲ ਇਸ ਅੰਦੋਲਨ ਨੂੰ ਖਤ਼ਮ ਕਰਨ ਦਾ ਬੱਸ ਇੱਕੋ ਇੱਕ ਹੱਲ ਬਾਕੀ ਬਚਿਆ ਹੈ ਕਿ ਤਿੰਨੋਂ ਕਾਲੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣ।
ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਅੰਦੋਲਨ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ। ਅੰਦੋਲਨ ਨੇ ਵੱਡੇ ਵਪਾਰਕ ਘਰਾਣਿਆਂ( ਅਡਾਨੀਆਂ-ਅੰਬਾਨੀਆਂ)ਨੂੰ ਨਿਸ਼ਾਨਾ ਬਣਾ ਕੇ ਕਾਰਪੋਰੇਟਾਂ ਦਾ ਲੋਕ ਦੋਖੀ ਚਿਹਰਾ ਲੀਰੋ ਲੀਰ ਕਰ ਦਿੱਤਾ ਹੈ।ਸਾਮਰਾਜੀਆਂ ਦੀਆਂ ਦਲਾਲ ਭਾਰਤੀ ਹਾਕਮ ਜਮਾਤੀ ਪਾਰਲੀਮਾਨੀ ਪਾਰਟੀਆਂ ਦਾ ਪਰਦਾਚਾਕ ਕਰ ਦਿੱਤਾ ਹੈ। ਕਰੋਨਾ ਸੰਕਟ ਦੌਰਾਨ ਵੀ ਜਿੱਥੇ ਆਮ ਲੋਕਾਂ ਦੀਆਂ ਦੁਸ਼ਵਾਰੀਆਂ ਵਧੀਆਂ ਹਨ। ਕਰੋੜਾਂ ਲੋਕਾਂ ਦਾ ਰੁਜਗਾਰ ਖੁੱਸ ਗਿਆ ਹੈ। ਦੂਜੇ ਪਾਸੇ ਭਾਰਤੀ ਖਰਬ ਪਤੀਆਂ ਦੀ ਜਾਇਦਾਦ ਵਿੱਚ 35 % ਵਾਧਾ ਹੋਇਆ ਹੈ। ਸਬਰ, ਸਿਦਕ, ਸੰਜਮ,ਦਲੇਰੀ ਅਤੇ ਅਮਨ ਨਾਲ ਚੱਲ ਰਹੇ ਵਿਸ਼ਾਲ ਕਿਸਾਨ ਅੰਦੋਲਨ ਦੀ ਬਦੌਲਤ ਹੀ ਹੈ ਕਿ ਸਰਕਾਰ ਨੂੰ ਮੁਲਕ ਅੰਦਰੋਂ ਅਤੇ ਕੌਮਾਂਤਰੀ ਪਲੇਟਫਾਰਮਾਂ ਤੇ ਵੀ ਜਵਾਬਦੇਹ ਹੋਣਾ ਪੈ ਰਿਹਾ ਹੈ।
ਕੇਂਦਰੀ ਸਰਕਾਰ ਨੂੰ ਕੁੱਝ ਮਹੀਨਿਆਂ ਬਾਅਦ ਹੋਣ ਵਾਲੀਆਂ ਯੂ.ਪੀ ਦੀਆਂ ਵਿਧਾਨ ਸਭਾ ਚੋਣਾਂ ਦਾ ਧੁੜਕੂ ਸਤਾ ਰਿਹਾ ਹੈ। ਕਿਉਂਕਿ ਕਿਸਾਨ ਅੰਦਰ ਦੀ ਅਗਵਾਈ ਕਰਨ ਵਾਲੀ ਸੰਯੁਕਤ ਕਿਸਾਨ ਮੋਰਚੇ ਦੀ ਆਗੂ ਟੀਮ ਨੇ ਕੇਂਦਰੀ ਹਕੂਮਤ ਨੂੰ ਉਸ ਦੇ ਲੋਕ ਵਿਰੋਧੀ ਖਾਸੇ ਦੀ ਬੰਗਾਲ ਦੀ ਤਰਜ ਤੇ ਸਿਆਸੀ ਕੀਮਤ ਤਾਰਨ ਲਈ ਅਗਾਊਂ ਵਿਉਂਤਬੰਦੀ ਕਰ ਲਈ ਹੈ। ਕਿਸਾਨ ਅੰਦੋਲਨ ਆਪਣੀ ਇਤਿਹਾਸਕ ਮੰਜਿਲ ਸਰ ਕਰਨ ਵੱਲ ਵਧ ਰਿਹਾ ਹੈ। ਅੱਜ ਪੰਜਾਬ ਰੰਗ ਮੰਚ ਜੋਧਪੁਰ ਵੱਲੋਂ ਜਗੈਂਬੋ ਬਾਦਸ਼ਾਹ ਦੀ ਨਿਰਦੇਸ਼ਨਾ ਹੇਠ ਨਾਟਕ” ਹੱਕਾਂ ਲਈ ਜੋ ਲੜਦੇ ਨੇ ” ਪੇਸ਼ ਕੀਤਾ ਗਿਆ।
ਅੱਜ ਦਰਸ਼ਨ ਸਿੰਘ, ਜਗਰੂਪ ਠੁੱਲੀਵਾਲ, ਕਵੀਸ਼ਰੀਆਂ, ਗੀਤ ਤੇ ਕਵਿਤਾਵਾਂ ਸੁਣਾਈਆਂ।