ਕਿਸਾਨ ਅੰਦੋਲਨ ਦੇ 6 ਮਹੀਨੇ
ਇਨਕਲਾਬੀ ਕੇਂਦਰ,ਪੰਜਾਬ ਦੀਆਂ ਆਗੂ ਟੀਮਾਂ ਨੇ ਨਿਭਾਈ ਸੁਚੇਤ ਪਹਿਲਕਦਮੀ – ਨਰਾਇਣ ਦੱਤ
ਪਰਦੀਪ ਕਸਬਾ , ਬਰਨਾਲਾ 28 ਮਈ 2021
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨ ਅੰਦੋਲਨ ਦੇ ਸਰਕਾਰ ਦੀ ਹੱਠਧਰਮੀ ਵਿਰੁੱਧ 6 ਮਹੀਨੇ ਪੂਰੇ ਹੋਣ’ਤੇ ਪੂਰੇ ਮੁਲਕ ਅੰਦਰ ਕਾਲਾ ਦਿਵਸ ਮਨਾਉਣ ਨੂੰ ਪੂਰੇ ਪੰਜਾਬ ਵਿੱਚੋਂ ਵਿਸ਼ਾਲ ਜਨ ਸਮਰਥਨ ਮਿਲਿਆ। ਹਰ ਪਾਸੇ ਕਾਲੀਆਂ ਚੁੰਨੀਆਂ,ਕਾਲੀਆਂ ਪੱਗੀਆਂ,ਕਾਲੀਆਂ ਪੱਟੀਆਂ, ਕਾਲੇ ਚੋਲੇ ਹੀ ਨਜਰੀਂ ਪੈਂਦੇ ਸਨ।
ਕਾਲਾ ਦਿਵਸ ਨੂੰ ਸਫਲ ਬਨਾਉਣ ਵਿੱਚ ਕਿਸਾਨ-ਮਜਦੂਰ ਜਥੇਬੰਦੀਆਂ ਤੋਂ ਇਲਾਵਾ ਇਨਕਲਾਬੀ ਕੇਂਦਰ, ਪੰਜਾਬ ਦੀਆਂ ਦੀਆਂ ਟੀਮਾਂ ਨੇ ਕੰਵਲਜੀਤ ਖੰਨਾ, ਨਰਾਇਣ ਦੱਤ, ਮੁਖਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ,ਜਸਵੰਤ ਜੀਰਖ ਦੀ ਅਗਵਾਈ ਵਿੱਚ ਡਾ ਰਜਿੰਦਰ,ਡਾ ਸੁਖਵਿੰਦਰ, ਖੁਸ਼ਮੰਦਰਪਾਲ, ਹਰਚਰਨ ਚੰਨਾ,ਜਸਪਾਲ ਚੀਮਾ, ਹਰਸ਼ਾ ਸਿੰਘ,ਹਰਮੇਸ਼ ਕੁਮਾਰ,ਮੰਦਰ ਜੱਸੀ, ਜਗਦੀਸ਼ ਸਿੰਘ, ਰਿੰਕੂ ਬਰਨਾਲਾ ਅਤੇ ਜਗਦੀਪ ਆਦਿ ਆਗੂਆਂ ਵੱਲੋਂ ਵੱਖ-ਵੱਖ ਸ਼ਹਿਰਾਂ/ ਪਿੰਡਾਂ ਦੀਆਂ ਸੈਂਕੜੇ ਅਹਿਮ ਥਾਵਾਂ ਤੇ ਕਾਲੇ ਝੰਡੇ ਅਤੇ ਸੈਂਕੜੇ ਫਲੈਕਸਾਂ ਲਗਾਈਆਂ,ਅਰਥੀਆਂ ਸਾੜੀਆਂ।
ਇਸ ਦੌਰਾਨ ਬੁਲਾਰੇ ਆਗੂਆਂ ਨੇ ਕਿਸਾਨ ਅੰਦੋਲਨ ਪ੍ਰਤੀ ਮੋਦੀ ਹਕੂਮਤ ਵੱਲੋਂ ਧਾਰੇ ਹੱਠੀ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਕਿਸਾਨ ਅੰਦੋਲਨ ਤੋਂ ਜਨ ਅੰਦੋਲਨ ਬਣ ਚੁੱਕੇ ਸੰਘਰਸ਼ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਅਹਿਦ ਕੀਤਾ।ਇਨਕਲਾਬੀ ਕੇਂਦਰ ਦੀ ਪਹਿਲਕਦਮੀ ਤੇ ਇਨਕਲਾਬੀ ਕੇਂਦਰ ਦੀਆਂ ਔਰਤ ਕਾਰਕੁਨਾਂ ਨੇ ਕੇਵਲਜੀਤ ਕੌਰ ਠੀਕਰੀਵਾਲਾ ਦੀ ਅਗਵਾਈ ਵਿੱਚ ਦੋ ਦਿਨ ਸਖਤ ਮਿਹਨਤ ਕਰਕੇ ਸੈਂਕੜੇ ਝੰਡੇ,ਝੰਡੀਆਂ,ਕਾਲੇ ਚੋਲੇ ਤਿਆਰ ਕੀਤੇ। ਪਿੰਡਾਂ/ਸ਼ਹਿਰਾਂ ਅੰਦਰ ਸੈਂਕੜੇ ਘਰਾਂ ਅੱਗੇ ਕਾਲੇ ਝੰਡੇ ਲਹਿਰਾਏ ਗਏ। ਕਈ ਸ਼ਹਿਰਾਂ ਵਿੱਚ ਇਨਕਲਾਬੀ ਕੇਂਦਰ ਦੀ ਪਹਿਲਕਦਮੀ ‘ਤੇ ਪ੍ਰਾਈਵੇਟ ਟਰਾਂਸਪੋਰਟ ਕਾਮਿਆਂ/ਪੀਆਰਟੀਸੀ/ਪੰਜਾਬ ਰੋਡਵੇਜ਼ ਦੇ ਕਾਮਿਆਂ ਸੈਂਕੜੇ ਬੱਸਾਂ ਤੇ ਕਾਲੇ ਝੰਡੇ ਲਹਿਰਾਕੇ ਕਿਸਾਨ ਅੰਦੋਲਨ ਨਾਲ ਸਾਂਝ ਪਾਈ। ਵੱਖ-ਵੱਖ ਥਾਵਾਂ ਤੇ ਹੋਈਆਂ ਇਕੱਤਰਤਾਵਾਂ ਨੂੰੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਦੇ ਆਗੂਆਂ ਕਿਹਾ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨ ਅੰਦੋਲਨ ਦੇ ਸਰਕਾਰ ਦੀ ਹੱਠਧਰਮੀ ਵਿਰੁੱਧ ਦਿੱਲੀ ਬਾਰਡਰਾਂ ਤੇ 6 ਮਹੀਨੇ ਪੂਰੇ ਹੋਣਤੇ ਕਾਲਾ ਦਿਵਸ ਖੇਤੀ ਵਿਰੋਧੀ ਤਿੰਨੋਂ ਕਾਲੇ ਕਾਨੂੰਨ, ਬਿਜਲੀ ਸੋਧ ਬਿਲ -2021 ਰੱਦ ਕਰਾਉਣ ਲਈ ਕਿਸਾਨ/ਲੋਕ ਅੰਦੋਲਨ ਵਿੱਚ ਹਰ ਘਰ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ।
ਆਗੂਆਂ ਦੱਸਿਆ ਕਿ ਮੋਦੀ ਹਕੂਮਤ ਨੂੰ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਸਾਡਾ ਵਿਸ਼ਾਲ ਮਜਬੂਤ ਚੇਤੰਨ ਜਥੇਬੰਦਕ ਏਕਾ ਹੀ ਮਜਬੂਰ ਕਰੇਗਾ। ਮੋਦੀ ਹਕੂਮਤ ਵੱਲੋਂ ਸਾਮਰਾਜੀ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੇ ਦਿਸ਼ਾ ਨਿਰਦੇਸ਼ਨਾਂ ਤਹਿਤ ਉੱਚ ਕਾਰਪੋਰੇਟ ਘਰਾਣਿਆਂ ਪੱਖੀ ਲੋਕ ਵਿਰੋਧੀ ਨੀਤੀ ਖਿਲਾਫ ਸੰਘਰਸ਼ ਨੂੰ ਵਿਸ਼ਾਲ ਅਤੇ ਤੇਜ ਕਰਨਾ ਸਮੇਂ ਦੀ ਲੋੜ ਹੈ।ਖੇਤੀ ਖੇਤਰ ( ਪੇਂਡੂ ਸੱਭਿਅਤਾ ) ਦਾ ਉਜਾੜਾ ਰੋਕਣ ਲਈ ਚੱਲ ਰਹੇ ਕਿਸਾਨ/ਲੋਕ ਅੰਦੋਲਨ ਦਾ ਕਿਸਨ-ਮਜਦੂਰ-ਮੁਲਾਜਮ, ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਹਿੱਸਿਆਂ ਦੇ ਨਾਲ-ਨਾਲ ਸ਼ਹਿਰੀ ਕਾਰੋਬਾਰੀਆਂ ਨੂੰ ਵੱਧ ਤੋਂ ਵੱਧ ਹਿੱਸਾ ਬਨਾਉਣ ਦਾ ਸੁਚੇਤ ਉਪਰਾਲਾ ਕੀਤਾ ਗਿਆ। ਮੋਦੀ ਹਕੂਮਤ ਵੱਲੋਂ ਕਰੋਨਾ ਸੰਕਟ ਫੈਲਾਉਣ ਦਾ ਬਹਾਨਾ ਬਣਾਕੇ ਕਿਸਾਨ/ਲੋਕਅੰਦੋਲਨ ਨੂੰ ਬਦਨਾਮ ਕਰਨ ਦੀ ਹਕੂਮਤੀ ਮੁਹਿੰਮ ਪੂਰੇ ਸਿਖਰਾਂ’ਤੇ ਹੈ ਜਦ ਕਿ ਕਰੋਨਾ ਵਾਇਰਸ ਦਾ ਵਿਗਿਆਨਕ ਢੰਗ ਨਾਲ ਇਲਾਜ ਕਰਨ ਵੱਲ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਆਮ ਲੋਕਾਂ ਲਈ ਮੈਡੀਕਲ ਸਹੂਲਤਾਂ ਨਾਦਾਰਦ ਹਨ। ਉਲਟਾ ਸਰਕਾਰ ਵੱਲੋਂ ਜਬਰੀ ਠੋਸੇ ਲਾਕਡਾਊਨ ਨਾਲ ਕਿਰਤੀਆਂ ਅਤੇ ਛੋਟੇ ਕਾਰੋਬਾਰੀਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਸਰਕਾਰਾਂ ਆਪਣੀਆਂ ਜਿੰਮੇਵਾਰੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕਰੋਨਾ ਫੈਲਾਉਣ ਦਾ ਦੋਸ਼ ਕਿਸਾਨਾਂ ਸਿਰ ਮੜੵਨ ਲਈ ਤਹੂ ਹੈ। ਆਗੂਆਂ ਕਿਹਾ ਕਿ ਮੋਦੀ ਸਰਕਾਰ ਦੇ ਇਸ ਸਾਜਿਸ਼ੀ ਹੱਲੇ ਨੂੰ ਹਰ ਹਾਲਤ ਵਿੱਚ ਪਛਾੜਿਆ ਜਾਵੇਗਾ। ਇਹਨਾਂ ਹਕੂਮਤੀ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
**