ਜ਼ਮੀਨ ਦੀ ਕਾਣੀ ਵੰਡ ਨੂੰ ਲੈ ਕੇ ਸੰਘਰਸ਼ ਕਰਦੇ ਰਹਾਂਗੇ – ਧਰਮਪਾਲ
ਜ਼ਮੀਨ ਸਾਂਝੇ ਤੌਰ ਤੇ ਮਿਲ ਜਾਣ ਤੋਂ ਬਾਅਦ ਖੇਤ ਵਿੱਚ ਜਾ ਕੇ ਆਪਣੇ ਹਿੱਸੇ ਦੀ ਜ਼ਮੀਨ ਤੇ ਚੜ੍ਹਾਇਆ ਝੰਡਾ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 28 ਮਈ 2021
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਪਿੰਡ ਸਫੀਪੁਰ ਕਲਾਂ ਵਿਖੇ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਪੇਂਡੂ ਦਲਿਤ ਮਜ਼ਦੂਰ ਭਾਈਚਾਰਾ ਪਿਛਲੇ ਰੇਟ ਉੱਪਰ ਅਤੇ ਸਾਂਝੇ ਤੌਰ ਤੇ ਲੈਣ ਵਿੱਚ ਸਫਲ ਹੋਏ। ਜ਼ਮੀਨ ਸਾਂਝੇ ਤੌਰ ਤੇ ਮਿਲ ਜਾਣ ਤੋਂ ਬਾਅਦ ਖੇਤ ਵਿੱਚ ਜਾ ਕੇ ਆਪਣੇ ਹਿੱਸੇ ਦੀ ਜ਼ਮੀਨ ਤੇ ਝੰਡਾ ਚੜ੍ਹਾਇਆ।
ਝੰਡਾ ਚੜ੍ਹਾਉਣ ਮੌਕੇ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਧਰਮਪਾਲ ਸਿੰਘ ਨੇ ਕਿਹਾ ਕਿ ਤੀਜੇ ਹਿੱਸੇ ਦੀ ਜ਼ਮੀਨ ਦਲਿਤ ਬੇਜ਼ਮੀਨਿਆਂ ਲਈ ਮਾਣ ਸਨਮਾਨ ਦਾ ਪ੍ਰਤੀਕ ਬਣ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਦੋਂ ਇੱਥੋਂ ਦੀਆਂ ਸਰਕਾਰਾਂ ਕੋਰੋਨਾ ਨੂੰ ਹਊਆ ਬਣਾ ਕੇ ਪੇਸ਼ ਕਰ ਰਹੀਆਂ ਹਨ ਅਤੇ ਲੋਕਡਾਉਣ ਲਗਾ ਰਹੀਆਂ ਹਨ ਪਰ ਲੋਕਡਾਉਣ ਸਮੱਸਿਆ ਦਾ ਕੋਈ ਹੱਲ ਨਹੀਂ । ਲੋਕ ਉਡਾਉਣ ਦੀ ਬਜਾਏ ਲੋੜ ਇਸ ਗੱਲ ਦੀ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦਾ ਪੂਰਾ ਪ੍ਰਬੰਧ ਕਰੇ , ਨਵੀਂ ਭਰਤੀ ਕਰੇ, ਮਜ਼ਦੂਰਾਂ, ਲੋੜਵੰਦਾਂ ਲਈ ਮੁਫਤ ਵਿੱਚ ਇਲਾਜ ਦਾ ਪੱਕਾ ਪ੍ਰਬੰਧ ਕਰੇ । ਕੋਰੋਨਾ ਦੇ ਚਲਦਿਆਂ ਮਜ਼ਦੂਰਾਂ ਲਈ ਪ੍ਰਤੀ ਮਹੀਨਾ ਪੰਜ ਹਜ਼ਾਰ ਰੁਪਏ ਪ੍ਰਤੀ ਪਰਿਵਾਰ ਦਿੱਤਾ ਜਾਵੇ । ਆਗੂ ਨੇ ਅਖੀਰ ਚ ਅਪੀਲ ਕੀਤੀ ਕਿ ਪਿੰਡਾਂ ਵਿੱਚ ਠੀਕਰੀ ਪਹਿਰਾ ਲਗਾਉਣ ਦੀਆਂ ਸਰਕਾਰ ਦੀਆਂ ਸਾਜ਼ਿਸ਼ਾਂ ਖ਼ਿਲਾਫ਼ ਲਾਮਬੰਦ ਹੋਵੋ ।