ਚੰਨਣਵਾਲ ਵਾਸੀਆਂ ਨੇ ਪਹਿਲ ਕਰਦੇ ਹੋਏ ਬਣਾਈ ‘ਪੇਂਡੂ ਸੰਜੀਵਨੀ ਕਮੇਟੀ’
ਰਘਵੀਰ ਹੈਪੀ , ਮਹਿਲ ਕਲਾਂ/ਬਰਨਾਲਾ, 17 ਮਈ 2021
ਪਿੰਡਾਂ ਵਿੱਚ ਵਧ ਰਹੇ ਕਰੋਨਾ ਮਹਾਮਾਰੀ ਦੇ ਪ੍ਰਕੋਪ ਵਿਰੁੱਧ ਅੱਗੇ ਆਉਦਿਆਂ ਪਿੰਡ ਚੰਨਣਵਾਲ ਵਾਸੀਆਂ ਨੇ ਨਿਵੇਕਲੀ ਪਹਿਲ ਕੀਤੀ ਹੈ। ਉਪ ਮੰਡਲ ਮੈਜਿਸਟ੍ਰੇਟ ਬਰਨਾਲਾ/ਤਪਾ ਸ੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਕਰੋਨਾ ਵਿਰੁੱਧ ਮੁਹਿੰਮ ਵਿਚ ਪੇਂਡੂ ਲੋਕਾਂ ਦੀ ਭਾਈਵਾਲੀ ਵਧਾਉਣ ਦੇ ਉਦੇਸ਼ ਨਾਲ ‘ਪੇਂਡੂ ਸੰਜੀਵਨੀ ਕਮੇਟੀ’ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਪਿੰਡ ਪੱਧਰ ’ਤੇ ਕਰੋਨਾ ਵਾਇਰਸ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਪਛਾਣ ਕਰ ਕੇ ਉਨਾਂ ਦਾ ਸਹੀ ਸਮੇਂ ’ਤੇ ਇਲਾਜ ਕਰਾਇਆ ਜਾ ਸਕੇੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡਾਂ ਵਿਚ ਕੰਮ ਕਰਦੇ ਆਰਐਮਪੀ ਡਾਕਟਰਾਂ, ਸਿਹਤ ਵਰਕਰਾਂ, ਪਟਵਾਰੀ, ਜੀਓਜੀ ਤੇ ਵਲੰਟੀਅਰਾਂ ਤੇ ਮੋਹਤਬਰਾਂ ਨੂੰ ਇਕ ਪਲੈਟਫਾਰਮ ’ਤੇ ਇਕੱਠਾ ਕਰ ਕੇ ਪੇਂਡੂ ਸੰਜੀਵਨੀ ਕਮੇਟੀ ਦਾ ਨਾਮ ਦਿੱਤਾ ਗਿਆ ਹੈ, ਜੋ ਕਮੇਟੀ ਇਸ ਮਹਾਮਾਰੀ ਵਿਰੁੱਧ ਆਮ ਲੋਕਾਂ ਲਈ ਵਰਦਾਨ ਸਿੱਧ ਹੋਵੇਗੀ।
ਇਸ ਮੁਹਿੰਮ ਤਹਿਤ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਪਿਛਲੇ ਦਿਨੀਂ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਮਗਰੋਂ 14 ਮਈ ਤੋਂ ਕਮੇਟੀ ਮੈਂਬਰਾਂ ਵੱਲੋਂ ਘਰ ਘਰ ਸਿਹਤ ਸਰਵੇਖਣ ਸ਼ੁਰੂ ਕੀਤਾ ਗਿਆ, ਜਿਸ ਵਿਚ ਸਬੰਧਤ ਵਿਅਕਤੀ ਦੇ ਸਰੀਰ ਦਾ ਤਾਪਮਾਨ, ਆਕਸੀਜਨ ਪੱਧਰ, ਦਿਲ ਦੀ ਧੜਕਣ ਤੇ ਕਰੋਨਾ ਸਬੰਧੀ ਲੱਛਣਾਂ ਸਬੰਧੀ ਮਾਪਦੰਡਾਂ ਦੇ ਆਧਾਰ ’ਤੇ ਜਾਣਕਾਰੀ ਇਕੱਠੀ ਕੀਤੀ ਗਈ, ਜਿਸ ਦੌਰਾਨ ਕਈ ਅਜਿਹੇ ਵਿਅਕਤੀਆਂ ਬਾਰੇ ਪਤਾ ਲੱਗਿਆ, ਜਿਨਾਂ ਵਿਚ ਕਰੋਨਾ ਦੇ ਲੱਛਣ ਸਨ, ਪਰ ਉਨਾਂ ਨੇ ਟੈਸਟ ਨਹੀਂ ਕਰਵਾਇਆ ਸੀ। ਉਨਾਂ ਦੱਸਿਆ ਕਿ ਕਮੇਟੀ ਮੈਂਬਰਾਂ ਨੂੰ ਸਰਵੇਖਣ ਦੌਰਾਨ ਅਜਿਹੇ ਮਰੀਜ਼ ਬਾਰੇ ਪਤਾ ਲੱਗਿਆ, ਜਿਸ ਦਾ ਆਕਸੀਜਨ ਲੈਵਲ (੨) ਸਿਰਫ 65% ਸੀ, ਜਿਸ ਨੂੰ ਫੌਰੀ ਤੌਰ ’ਤੇ ਇਲਾਜ ਲਈ ਭੇਜਿਆ ਗਿਆ।
ਸ੍ਰੀ ਵਾਲੀਆ ਨੇ ਦੱਸਿਆ ਕਿ ਇਸ ਸਰਵੇਖਣ ਅਤੇ ਕਮੇਟੀ ਬਣਾਉਣ ਦਾ ਮਕਸਦ ਅਜਿਹੇ ਵਿਅਕਤੀਆਂ ਨੂੰ ਸਮੇਂ ਸਿਰ ਜਾਗਰੂਕ ਅਤੇ ਕੋਵਿਡ ਟੈਸਟ ਅਤੇ ਇਲਾਜ ਲਈ ਪ੍ਰੇਰਿਤ ਕਰਨਾ ਹੈ, ਜਿਨਾਂ ਵਿਚ ਕਰੋਨਾ ਦੇ ਲੱਛਣ ਹਨ। ਉਨਾਂ ਦੱਸਿਆ ਕਿ ਇਸ ਸਰਵੇਖਣ ਦੌਰਾਨ ਅਜਿਹੇ ਵਿਅਕਤੀਆਂ ਦਾ ਪਤਾ ਲਾਇਆ ਗਿਆ ਅਤੇ ਸਥਿਤੀ ਦੇ ਆਧਾਰ ’ਤੇ ਲੈਵਲ 1 ਅਤੇ ਲੈਵਲ 2 ਫੈਸਿਲਟੀ ਵਿਖੇ ਭੇਜਿਆ ਗਿਆ ਤਾਂ ਜੋ ਉਨਾਂ ਦਾ ਸਮੇਂ ਸਿਰ ਇਲਾਜ ਹੋ ਸਕੇ।
ਉਨਾਂ ਆਖਿਆ ਕਿ ਪਿੰਡ ਪੱਧਰ ’ਤੇ ਇਸ ਉਪਰਾਲੇ ਨਾਲ ਜਿੱਥੇ ਲੋਕਾਂ ਵਿਚ ਕਰੋਨਾ ਸੈਂਪਿਗ ਅਤੇ ਇਲਾਜ ਪ੍ਰਤੀ ਸ਼ੰਕੇ ਅਤੇ ਡਰ ਦੂਰ ਹੋਵੇਗਾ, ਉਥੇ ਕਰੋਨਾ ਦਾ ਟਾਕਰਾ ਕਰ ਕੇ ਇਸ ਮਹਾਮਾਰੀ ’ਤੇ ਜਿੱਤ ਪਾਈ ਜਾ ਸਕੇਗੀ। ਉਨਾਂ ਚੰਨਣਵਾਲ ਵਾਸੀਆਂ ਦੀ ਸ਼ਲਾਘਾ ਕਰਦੇ ਹੋਏ ਹੋਰ ਪਿੰਡਾਂ ਨੂੰ ਵੀ ਅੱਗੇ ਆਉਣ ਦਾ ਸੱਦਾ ਦਿੱਤਾ।