ਪੀੜ੍ਹਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਪਾਸੋਂ ਮਦਦ ਦੀ ਗੁਹਾਰ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 16 ਮਈ 2021
ਪਿੰਡ ਭੱਦਲਵੱਢ (ਬਰਨਾਲਾ) ਦੀ ਬਾਜੀਗਰ ਬਸਤੀ ’ਚ ਰਹਿੰਦੇ ਮਜ਼ਦੂਰ ਪਰਿਵਾਰ ਦਾ ਮੁਖੀ ਲੱਗਭੱਗ ਪਿਛਲੇ ਡੇਢ ਮਹੀਨਿਆਂ ਤੋਂ ਭੇਦਭਰੀ ਹਾਲਤ ’ਚ ਲਾਪਤਾ ਹੈ। ਮਜ਼ਦੂਰ ਪਰਿਵਾਰ ਵੱਲੋਂ ਲਾਪਤਾ ਵਿਆਕਤੀ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ,ਪਰ ਲਾਪਤਾ ਹੋਏ ਵਿਆਕਤੀ ਸਬੰਧੀ ਕੋਈ ਵੀ ਸੁਰਾਗ ਨਹੀਂ ਮਿਲ ਰਿਹਾ। ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੈ ਕੁਮਾਰ ਵਾਸੀ ਬਾਜੀਗਰ ਬਸਤੀ ਭੱਦਲਵੱਢ ਨੇ ਦੱਸਿਆਂ ਕਿ ਉਸ ਦਾ ਪਿਤਾ ਮਲਕੀਤ ਰਾਮ (45) ਪੁੱਤਰ ਮਰਹੂਮ ਮਹਿੰਦਰ ਰਾਮ 25 ਮਾਰਚ ਨੂੰ ਕੈਥਲ (ਹਰਿਆਣਾ) ’ਚ ਪੀਰ ਬਾਬਾ ਹੈਦਰ ਸੇਖ ਦੀ ਦਰਗਾਹ ਤੇ ਮੱਥਾਂ ਟੇਕਣ ਲਈ ਘਰੋਂ ਗਿਆ ਸੀ। 25 ਮਾਰਚ ਨੂੰ ਦਰਗਾਹ ਤੇ ਰਾਤ ਦੀ ਚੌਂਕੀ ਭਰਨ ਉਪਰੰਤ ਉਸਨੇ 26 ਮਾਰਚ ਨੂੰ ਵਾਪਿਸ ਪਿੰਡ ਆਉਣਾ ਸੀ। ਪਰ 26 ਮਾਰਚ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਕਾਰਨ ਉਹ ਉਧਰ ਹੀ ਫਸ ਗਿਆ। ਇਸ ਸਬੰਧੀ ਉਸਦੇ ਪਿਤਾ ਨੇ ਘਰ ਫੋਨ ਕਰਕੇ ਦੱਸਿਆਂ ਕਿ ਉਹ ਭਾਰਤ ਬੰਦ ਕਾਰਨ ਉਧਰ ਹੀ ਫਸ ਗਿਆ ਹੈ, ਜਿਸ ਕਰਕੇ ਉਹ 27 ਨੂੰ ਵਾਪਿਸ ਪਿੰਡ ਆ ਜਾਵੇਗਾ। ਜਦੋਂ ਉਹ 27 ਨੂੰ ਘਰ ਵਾਪਿਸ ਨਾ ਆਇਆ ਤਾਂ ਪਰਿਵਾਰ ਉਸ ਦੀ ਭਾਲਟੋਲ ਲਈ ਕੈਂਥਲ ਹਰਿਆਣਾ ਚਲਾ ਗਿਆ। ਉਥੇ ਡੇਰੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਦੇਖਿਆਂ ਉਨ੍ਹਾਂ ਦਾ ਪਿਤਾ ’ਚੋ ਬਾਹਰ ਆਉਂਦਾ ਤਾਂ ਦਿਖਾਈ ਦਿੱਤਾ ਪਰ ਉਸ ਤੋਂ ਬਾਅਦ ਕੋਈ ਪਤਾਂ ਨਹੀਂ ਲੱਗਾ । ਵਿਜੈ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਪਰਿਵਾਰ ਵੱਲੋਂ ਪੁਲਿਸ ਥਾਣਾ ਠੁੱਲੀਵਾਲ ਵਿਖੇ ਦਰਖਾਸ਼ਤ ਦਿੱਤੀ ਹੋਈ ਹੈ,ਪਰ ਉਸ ਦੇ ਪਿਤਾ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ। ਜੇਕਰ ਕਿਸੇ ਵੀ ਵਿਆਕਤੀ ਨੂੰ ਉਸਦੇ ਪਿਤਾ ਸਬੰਧੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਪਰਿਵਾਰ ਨਾਲ 98724-02993 ਦੇ ਸੰਪਰਕ ਕੀਤਾ ਜਾਵੇ। ਇਸ ਮੌਕੇ ਲਾਪਤਾ ਵਿਆਕਤੀ ਦੀ ਪਤਨੀ ਕੁਲਵੰਤ ਕੌਰ ਨੇ ਕਿਹਾ ਮਲਕੀਤ ਰਾਮ ਦੇ ਲਾਪਤਾ ਹੋਣ ਤੇ ਪਰਿਵਾਰ ਡੂੰਘੇ ਸਦਮੇ ’ਚ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਮਲਕੀਤ ਰਾਮ ਦੀ ਭਾਲ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ।
ਕੀ ਕਹਿੰਦੇ ਨੇ ਐਸ ਐਚ ਓ ਠੁੱਲੀਵਾਲ
ਇਸ ਸਬੰਧੀ ਐਸਐਚਓ ਠੁੱਲੀਵਾਲ ਗੁਰਤਾਰ ਸਿੰਘ ਨੇ ਸੰਪਰਕ ਕਰਨ ਤੇ ਦੱਸਿਆਂ ਕਿ ਮਲਕੀਤ ਰਾਮ ਦੇ ਗੁੰਮ ਹੋਣ ਸਬੰਧੀ ਪਰਿਵਾਰ ਵੱਲੋਂ ਦਰਖਾਸਤ ਦਿੱਤੀ ਗਈ ਸੀ। ਥਾਣਾ ਠੁੱਲੀਵਾਲ ਵੱਲੋਂ ਮਲਕੀਤ ਰਾਮ ਦੀ ਗੁੰਮਸਦੀ ਰਿਪੋਰਟ ਦਰਜ਼ ਕਰਕੇ ਇਸ਼ਤਿਹਾਰ ਜਾਰੀ ਕਰਦਿਆਂ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਹੈ।