ਕੋਰੋਨਾਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਦੇ ਨਾਲ-ਨਾਲ ਟੀਕਾ ਲਗਵਾਉਣਾ ਵੀ ਜ਼ਰੂਰੀ: ਵਿਜੈ ਇੰਦਰ ਸਿੰਗਲਾ

Advertisement
Spread information

ਕੈਬਨਿਟ ਮੰਤਰੀ ਸਿੰਗਲਾ ਨੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਕੀਤੇ ਪ੍ਰਬੰਧਾਂ ਦੀ ਕੀਤੀ ਸਮੀਖਿਆ
ਹਰਪ੍ਰੀਤ ਕੌਰ,  ਸੰਗਰੂਰ, 6 ਮਈ 2021
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਅਤੇ ਸੰਗਰੂਰ ਹਲਕੇ ਤੋਂ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਨਿਯਮਤ ਪੱਧਰ ’ਤੇ ਕੇਂਦਰ ਸਰਕਾਰ ਨੂੰ ਸੂਬੇ ਦੀਆਂ ਲੋੜਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਨੇ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਲਈ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।
ਇਸ ਮੌਕੇ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਮਝਣ ਦੀ ਲੋੜ ਹੈ ਕਿ ਕੋਰੋਨਾਵਾਇਰਸ ਇੱਕ ਬਹੁਤ ਖ਼ਤਰਨਾਕ ਵਾਇਰਸ ਜੋ ਬਹੁਤ ਤੇਜ਼ੀ ਨਾਲ ਫੈਲਦਾ ਹੈ। ਉਨਾਂ ਕਿਹਾ ਕਿ ਇਸ ਤੋਂ ਬਚਾਅ ਲਈ ਸਾਵਧਾਨੀਆਂ ਦੀ ਪੂਰੀ ਤਰਾਂ ਪਾਲਣਾ ਕਰਨ ਦੇ ਨਾਲ-ਨਾਲ ਕੋਵਿਡ ਵੈਕਸੀਨੇਸ਼ਨ ਕਰਵਾਉਣੀ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਇਸ ਲਈ ਕਾਂਗਰਸ ਸਰਕਾਰ ਵੱਲੋਂ ਜ਼ਿਲੇ ਅੰਦਰ 150 ਵੈਕਸੀਨੇਸ਼ਨ ਸੈਂਟਰ ਚਲਾਏ ਜਾ ਰਹੇ ਹਨ ਜੋ ਕਿ ਹਰ ਸਰਕਾਰੀ ਸਿਹਤ ਸੰਸਥਾ ਜਿਵੇਂ ਹਸਪਤਾਲ, ਡਿਸਪੈਂਸਰੀ ਅਤੇ ਵੈਲਨੈਸ ਸੈਂਟਰਾਂ ਵਿਚ ਚੱਲ ਰਹੇ ਹਨ। ਉਨਾਂ ਦੱਸਿਆ ਕਿ ਤਾਜ਼ਾ ਅਲਾਟਮੈਂਟ ਅਨੁਸਾਰ 7,000 ਵੈਕਸੀਨ ਆਏ ਸਨ ਜਿਸ ਵਿਚੋਂ ਪਿਛਲੇ ਦੋ ਦਿਨਾਂ ’ਚ 4,800 ਲਾਭਪਾਤਰੀਆਂ ਨੂੰ ਟੀਕੇ ਲਗਾਏ ਵੀ ਜਾ ਚੁੱਕੇ ਹਨ। ਉਨਾਂ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਆਪਣੀ ਸੁਰੱਖਿਆ ਲਈ ਮੁੱਖ ਮੰਤਰੀ ਤੇ ਉਨਾਂ ਆਪ ਵੀ ਇਸਦੀ ਡੋਜ਼ ਲਗਵਾਈ ਹੈ ਅਤੇ ਸੰਗਰੂਰ ਵਾਸੀਆਂ ਨੂੰ ਵੀ ਆਪਣੀ ਸਿਹਤਯਾਬੀ ਲਈ ਇਹ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪਾਜਿਟਿਵ ਰਿਪਰੋਟ ਹੋਣ ਵਾਲੇ ਵਿਅਕਤੀ ਨੂੰ ਕੋਰੋਨਾ ਫ਼ਤਿਹ ਕਿੱਟ ਪਹੁੰਚਾਉਣੀ ਯਕੀਨੀ ਬਣਾਈ ਜਾਵੇ।



ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਅੰਦਰ ਲੈਵਲ-2 ਬਿਸਤਰਿਆਂ ਦੀ ਸਮਰੱਥਾ ਲਗਭਗ 200 ਕਰਵਾ ਲਈ ਗਈ ਹੈ ਅਤੇ ਇਨਾਂ ਨੂੰ ਹੋਰ ਵਧਾਉਣ ਲਈ ਉਨਾਂ ਹਦਾਇਤ ਕੀਤੀ ਕਿ ਹੋਰਨਾ ਪ੍ਰਬੰਧਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਨਾਲ ਵੀ ਸੰਪਰਕ ਕਰਕੇ ਉਨਾਂ ਨੂੰ ਇਹਨਾਂ ਪ੍ਰਬੰਧਾਂ ਵਿਚ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਟੀਚਾ ਹੈ ਕਿ ਹਰ ਸਬਡਵੀਜਨ ਵਿਚ ਹਰ ਤਰਾਂ ਦੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਜਿਨਾਂ ’ਚ ਵੈਕਸੀਨੇਸ਼ਨ ਸੈਂਟਰ, ਲੈਵਲ-2 ਕੋਵਿਡ ਕੇਅਰ ਸੈਂਟਰ ਅਤੇ ਲੋੜੀਂਦੇ ਆਕਸੀਜਨ ਸਲੰਡਰ ਸ਼ਾਮਲ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਖੁਦ ਵੀ ਆਕਸੀਜਨ ਦੀ ਸਪਲਾਈ ’ਤੇ ਨਜ਼ਰ ਰੱਖ ਰਹੇ ਹਨ ਅਤੇ ਨਿਸ਼ਚਿਤ ਕੋਟੇ ਤਹਿਤ ਸੰਗਰੂਰ ਨੂੰ ਵੀ ਪੂਰੀ ਸਪਲਾਈ ਮਿਲ ਰਹੀ ਹੈ। ਉਨਾਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬੰਦ ਕੀਤੇ ਗਏ ਕਿਸੇ ਉਦਯੋਗ ਵਿਚ ਜੇਕਰ ਆਕਸੀਜਨ ਦੇ ਖਾਲੀ ਜਾਂ ਭਰੇ ਸਿਲੰਡਰ ਉਪਲਬਧ ਹੋਣ ਤਾਂ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਇਨਾਂ ਦੀ ਨਿਸ਼ਾਨਦੇਹੀ ਕਰਵਾ ਲਈ ਜਾਵੇ।

Advertisement
Advertisement
Advertisement
Advertisement
Advertisement
error: Content is protected !!