ਕੀ ਕੋਵਿਡ ਟੈਸਟ ਕਰਵਾ ਕੇ ਹੀ ਮੀਟਿੰਗ ਵਿੱਚ ਸ਼ਾਮਿਲ ਹੋਣਗੇ ਕੌਸਲਰ ?
ਹਰਿੰਦਰ ਨਿੱਕਾ , ਬਰਨਾਲਾ 5 ਮਈ 2021
ਬੇਸ਼ੱਕ ਜਿਲ੍ਹਾ ਪ੍ਰਸ਼ਾਸਨ ,ਪੰਜਾਬ ਸਰਕਾਰ ਵੱਲੋਂ ਕੋਵਿਡ 19 ਨੂੰ ਕੰਟਰੋਲ ਕਰਨ ਦੇ ਨਾਮ ਹੇਠ ਆਮ ਲੋਕਾਂ ਤੇ ਸਖਤ ਪਾਬੰਦੀਆਂ ਲਾਗੂ ਕਰਵਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ। ਜਿਸ ਤਹਿਤ ਵਿਆਹ ਸ਼ਾਦੀਆਂ, ਮੌਤ ਆਦਿ ਸਮਾਗਮਾਂ ਵਿੱਚ ਵੀ।10 ਤੋਂ ਵੱਧ ਵਿਅਕਤੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਤੇ ਲੱਗਿਆ ਹੋਇਆ ਹੈ। ਪਰੰਤੂ ਦੂਜੇ ਪਾਸੇ ਕੋਵਿਡ ਨਿਯਮਾਂ ਦਾ ਕੋਝਾ ਮਜਾਕ ਉਡਾਉਂਦਿਆਂ ਨਗਰ ਕੌਂਸਲ ਵੱਲੋਂ ਇੱਕ ਮੀਟਿੰਗ ਅੱਜ 11 ਵਜੇ ਨਗਰ ਕੌਂਸਲ ਦਫਤਰ ਵਿੱਚ ਰੱਖੀ ਗਈ ਹੈ। ਵਰਨਣਯੋਗ ਹੈ ਕਿ ਇਸ ਮੀਟਿੰਗ ਵਿੱਚ 31 ਕੌਂਸਲਰਾਂ, ਕੁਝ ਮਹਿਲਾ ਕੌਸਲਰਾਂ ਦੇ ਪਰਿਵਾਰਕ ਮੈਂਬਰਾਂ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸ਼ਾਮਿਲ ਹੋਣਾ ਤੈਅ ਹੀ ਹੈ। ਸੂਤਰਾਂ ਅਨੁਸਾਰ ਮੀਟਿੰਗ ਲਈ 50 ਦੇ ਕਰੀਬ ਵਿਅਕਤੀਆਂ ਦੇ ਖਾਣ ਪੀਣ ਅਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕੀ ਜਿਲ੍ਹਾ ਮਜਿਸਟ੍ਰੇਟ ਵੱਲੋਂ ਕਿਸੇ ਵੀ ਸਮਾਗਮ ਵਿੱਚ 10 ਤੋਂ ਵੱਧ ਵਿਅਕਤੀਆਂ ਦੇ ਸ਼ਾਮਿਲ ਹੋਣ ਦੀ ਪਾਬੰਦੀ, ਕੌਸਲ ਦਫਤਰ ਤੇ ਵੀ ਲਾਗੂ ਹੋਵੇਗੀ ਜਾਂ ਫਿਰ ਜਿੱਥੇ ਸਾਡਾ ਨੰਦ ਘੋਪ,ਉੱਥੇ ਗਧੀ ਮਰੀ ਦਾ ਕੋਈ ਨਹੀਂ ਦੋਸ਼,,ਦੀ ਪੁਰਾਣੀ ਕਹਾਵਤ ਹੀ ਲਾਗੂ ਹੋਵੇਗੀ। ਪਤਾ ਇਹ ਵੀ ਲੱਗਿਆ ਹੈ ਕਿ ਕੌਸਲਰਾਂ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਣ ਸਮੇਂ ਕੋਵਿਡ ਟੈਸਟ ਦੀ ਰਿਪੋਰਟ ਕਰਵਾ ਕੇ ਲਿਆਉਣ ਤੋਂ ਵੀ ਛੋਟ ਦਿੱਤੀ ਗਈ ਹੈ। ਇਸ ਸਬੰਧੀ ਨਗਰ ਕੌਂਸਲ ਦੇ ਈਉ ਮਨਪ੍ਰੀਤ ਸਿੰਘ ਦਾ ਪੱਖ ਜਾਨਣ ਲਈ ਫੋਨ ਕੀਤਾ ਤਾਂ ਉਨ੍ਹਾਂ ਫੋਨ ਰਿਸੀਵ ਨਹੀਂ ਕੀਤਾ।