ਯੁੱਗ ਕਵੀ ਪ੍ਰੋ ਮੋਹਨ ਸਿੰਘ ਦੀ 42ਵੀਂ ਬਰਸੀ ਮੌਕੇ ਯਾਦਗਾਰੀ ਆਨਲਾਈਨ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ

Advertisement
Spread information

ਪ੍ਰੋ: ਮੋਹਨ ਸਿੰਘ ਜੀ ਨੇ ਯੁਗ ਕਵੀ ਹੋਣ ਦੀ ਉਪਾਧੀ ਆਪਣੀ ਅਲੌਕਿਕ ਪ੍ਰਤਿਭਾ ਨਾਲ ਹਾਸਲ  ਕੀਤੀ-  ਡਾ: ਸ ਪ ਸਿੰਘ

ਦਵਿੰਦਰ ਡੀ ਕੇ , ਲੁਧਿਆਣਾ: 4 ਮਈ 2021

ਲੋਕ ਵਿਰਾਸਤ ਅਕਾਡਮੀ ਲੁਧਿਆਣਾ ਅਤੇ ਕਾਮਰਸ ਮੈਨੇਜਮੈਂਟ ਐਸੋਸੀਏਸ਼ਨ ਲੁਧਿਆਣਾ ਵੱਲੋਂ
ਯੁੱਗ ਕਵੀ ਪ੍ਰੋ ਮੋਹਨ ਸਿੰਘ ਜੀ ਦੀ 42ਵੀਂ ਬਰਸੀ ਮੌਕੇ ਪ੍ਰੋ ਮੋਹਨ ਸਿੰਘ ਯਾਦਗਾਰੀ ਆਨਲਾਈਨ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਸ ਪ ਸਿੰਘ ਨੇ ਕੀਤੀ। ਪ੍ਰਧਾਨਗੀ ਭਾਸ਼ਨ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰੋ: ਮੋਹਨ ਸਿੰਘ ਜੀ ਨੇ ਯੁਗ ਕਵੀ ਹੋਣ ਦੀ ਉਪਾਧੀ ਅਲੌਕਿਕ ਪ੍ਰਤਿਭਾ ਕਾਰਨ ਹਾਸਲ ਕੀਤੀ। ਉਨ੍ਹਾਂ ਦੇਸ਼  ਵੰਡ ਮਗਰੋਂ ਜਲੰਧਰ ਵੱਸਦਿਆਂ ਜਿਹੜਾ ਜੀਵਨ ਸੰਘਰਸ਼ ਕੀਤਾ ਉਸ ਦਾ ਮੈਂ ਬਚਪਨ ਵੇਲੇ ਦਾ ਚਸ਼ਮਦੀਦ ਗਵਾਹ ਹਾਂ। ਉਹ ਪੱਕਾ ਬਾਗ ਇਲਾਕੇ ਵਿੱਚ ਪੁਸਤਕ ਪ੍ਰਕਾਸ਼ਨ ਤੇ ਪੰਜ ਦਰਿਆ ਮਾਸਿਕ ਪੱਤਰ ਨੂੰ ਛਾਪਣ ਵੇਲੇ ਉਸੇ ਨਿੱਕੇ ਜਹੇ ਘਰ ਵਿੱਚ ਹੀ ਨਿਵਾਸ ਰੱਖਦੇ ਸਨ। ਉਨ੍ਹਾਂ ਨੇ ਜਲੰਧਰ ਨੂੰ ਸਾਹਿੱਤਕ ਕੇਂਦਰ ਬਣਾਉਣ ਚ ਵੱਡਾ ਯੋਗਦਾਨ ਪਾਇਆ। ਸ ਸ ਮੀਸ਼ਾ, ਜਗਤਾਰ, ਰਵਿੰਦਰ ਰਵੀ ਤੇ ਹੋਰ ਅਨੇਕਾਂ ਕਵੀਆਂ ਨੂੰ ਪ੍ਰੇਰਨਾ ਦੇ ਕੇ ਅੱਗੇ ਵਧਣ ਲਈ ਸਹਿਯੋਗੀ ਬਣੇ। ਉਨ੍ਹਾਂ ਕਿਹਾ ਕਿ 1970 ਚ ਲੁਧਿਆਣਾ ਦੀ ਪੰਜਾਬ ਖੇਤੀ ਯੂਨੀਵਰਸਿਟੀ ਚ ਆ ਕੇ ਆਖਰੀ ਸਾਹਾਂ ਤੀਕ ਲੁਧਿਆਣਾ ਦੀ ਹਰ ਸਾਹਿੱਤਕ ਸਰਗਰਮੀ ਨੂੰ ਸਰਪ੍ਰਸਤੀ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਪ੍ਰੋ: ਮੋਹਨ ਸਿੰਘ ਜੀ ਦੇ ਆਪਣੇ ਦੱਸਣ ਮੁਤਾਬਕ ਉਨ੍ਹਾਂ ਨੀ ਅੱਜ ਕੋਈ ਆਇਆ ਸਾਡੇ ਵਿਹੜੇ ਗੀਤ ਕਿਸੇ ਵਿਅਕਤੀ ਦੇ ਆਗਮਨ ਤੇ ਨਹੀਂ ਸੀ ਲਿਖਿਆ ਸਗੋਂ ਗੁਰੂ ਨਾਨਕ ਆਗਮਨ ਪੁਰਬ ਤੇ ਲਾਹੌਰ ਰਹਿੰਦਿਆਂ ਲਿਖਿਆ ਸੀ।
ਉਦਘਾਟਨੀ ਭਾਸ਼ਣ ਦਿੰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ 1971 ਤੋਂ 1978 ਤੀਕ ਅਸੀਂ ਉਨ੍ਹਾਂ ਦੀ ਅਨੇਕ ਵਾਰ ਸੰਗਤ ਮਾਣੀ ਅਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ: ਮ ਸ ਰੰਧਾਵਾ ਦੀ ਪ੍ਰਧਾਨਗੀ ਵੇਲੇ ਬਤੌਰ ਜਨਰਲ ਸਕੱਤਰ ਆਪਣੇ ਅੱਖੀਂ ਪੰਜਾਬੀ ਭਵਨ ਦੀ ਉਸਾਰੀ ਕਰਵਾਉਂਦੇ ਵੇਖਿਆ। ਉਨ੍ਹਾਂ ਦੀ ਹਾਜ਼ਰੀ ਚ ਕਦੇ ਵੀ ਛੋਟੇਪਨ ਦਾ ਅਹਿਸਾਸ ਨਹੀਂ ਸੀ ਹੁੰਦਾ। ਉਹ ਹਰ ਪਲ ਹੀ ਉਸਤਾਦ ਸਨ, ਇਥੋਂ ਤੀਕ ਕਿ ਹਰ ਕਾਰਜ ਵਿੱਚ ਸਲੀਕਾ ਸਿਖਾਉਂਦੇ ਸਨ। ਵਜਦ ਵਿੱਚ ਆਇਆਂ ਤੋਂ ਅਸੀਂ ਉਨ੍ਹਾਂ ਤੋਂ ਉਨ੍ਹਾਂ ਦੇ ਪੋਠੋਹਾਰੀ ਗੀਤ ਬਹੁਤ ਵਾਰ ਸੁਣੇ। ਤਿੰਨ ਮਈ 1978 ਨੂੰ ਉਨ੍ਹਾਂ ਦਾ ਤੜਕਸਾਰ ਵਿਛੋੜਾ ਸਾਡੇ ਲਈ ਏਦਾਂ ਸੀ ਜਿਵੇਂ ਸੂਰਜ ਚੜ੍ਹਨੋਂ ਪਹਿਲਾਂ ਡੁੱਬ ਗਿਆ ਹੋਵੇ। 1977 ਚ ਜਨਤਾ ਸਰਕਾਰ ਬਣਨ ਤੇ ਉਨ੍ਹਾਂ ਇੱਕ ਗ਼ਜ਼ਲ ਲਿਖਣੀ ਆਰੰਭੀ ਜੋ ਸੰਪੂਰਨ ਨਾ ਕਰ ਸਕੇ। ਇਸ ਅਧੂਰੀ ਗ਼ਜ਼ਲ ਦੇ ਦੋ ਸ਼ਿਅਰਾਂ ਚ ਹੀ ਉਨ੍ਹਾਂ ਆਪਣਾ ਪ੍ਰਤੀਕਰਮ ਪਰੋ ਦਿੱਤਾ।
ਨਾ ਹਿਣਕੋ ਘੋੜਿਓ ਬੇਸ਼ੱਕ ਨਵਾਂ ਨਿਜ਼ਾਮ ਆਇਆ। ਨਵਾਂ ਨਿਜ਼ਾਮ ਹੈ ਲੈ ਕੇ ਨਵੀਂ ਲਗਾਮ ਆਇਆ। ਅਯੁਧਿਆ ਵਿੱਚ ਅਜੇ ਵੀ ਭੁੱਖਿਆਂ ਵੀ ਭੁੱਖਿਆਂ ਦੀ ਭੀੜ ਬੜੀ, ਪਿਆ ਕੀ ਫ਼ਰਕ ਜੇ ਰਾਵਣ ਗਿਆ ਤੇ ਰਾਮ ਆਇਆ।
ਵਿਸ਼ੇਸ਼ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ,ਸਾਬਕਾ ਮੁਖੀ ਤੇ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਿਹਾ ਕਿ ਪ੍ਰੋ: ਮੋਹਨ ਸਿੰਘ ਨੇ ਰਵਾਇਤੀ ਸੋਚ ਧਾਰਾ ਵਾਲੀ ਦੀ ਥਾਂ ਮਨੁਖ ਦੇ ਅੰਤਰੀਵ ਨੂੰ ਪਹਿਲੀ ਵਾਰ ਰਚਨਾ ਦੇ ਕੇਂਦਰ ਚ ਲਿਆਂਦਾ। ਉਨ੍ਹਾਂ ਲੋਕ ਪੱਖੀ ਲਹਿਰਾਂ ਦੇ ਸੰਗ ਸਾਥ ਤੁਰਦਿਆਂ ਸ਼ਬਦ ਨੂੰ ਹਥਿਆਰ ਵਾਂਗ ਵੀ ਵਰਤਿਆ। ਉਹ ਸਾਡੀ ਪੰਜਾਬੀ ਰਹਿਤਲ ਦੇ ਸਮਰੱਥ ਪੇਸ਼ਕਾਰ ਸਨ।
ਪ੍ਰੋ: ਮੋਹਨ ਸਿੰਘ ਦੇ ਗੀਤਾਂ ਨੂੰ ਆਵਾਜ਼ ਦੇਣ ਵਾਲੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਧੀ ਡੌਲੀ ਗੁਲੇਰੀਆ ਨੇ ਆਪਣੀ ਬੇਟੀ ਸੁਨਯਨੀ ਨਾਲ ਮਿਲ ਕੇ ਪ੍ਰੋ: ਮੋਹਨ ਸਿੰਘ ਦੇ ਕੁਝ ਗੀਤ ਤੇ ਕਵਿਤਾਵਾਂ ਤੋਂ ਇਲਾਵਾ ਲੱਠੇ ਦੀ ਚਾਦਰ ਵਰਗੇ ਲੋਕ ਗੀਤ ਵੀ ਸੁਣਾਏ ਜੋ ਪ੍ਰੋ: ਮੋਹਨ ਸਿੰਘ ਜੀ ਨੇ ਹੀ ਕਿਸੇ ਵਕਤ ਸੁਰਿੰਦਰ ਕੌਰ ਪਰਿਵਾਰ ਨੂੰ ਸੌਂਪੇ ਸਨ।

Advertisement

ਮੁੱਖ ਮਹਿਮਾਨ ਵਜੋਂ ਬੋਲਦਿਆਂ
ਮੈਂਬਰ ਪਾਰਲੀਮੈਂਟ  ਤੇ ਉੱਘੇ ਲੋਕ ਗਾਇਕ ਮੁਹੰਮਦ ਸਦੀਕ ਨੇ ਕਿਹਾ ਕਿ 1978 ਤੋਂ ਸ: ਜਗਦੇਵ ਸਿੰਘ ਜੱਸੋਵਾਲ ਤੇ ਸਾਥੀਆਂ ਨਾਲ ਮਿਲ ਕੇ ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲੇ ਦੀ ਸੇਵਾ ਕੀਤੀ ਪਰ 1985 ਚ ਫਾਉਂਡੇਸ਼ਨ ਦੇ ਆਦੇਸ਼ ਤੇ ਜਦ ਪ੍ਰੋ: ਮੋਹਨ ਸਿੰਘ ਜੀ ਦੇ ਕਲਾਮ ਨੂੰ ਸੰਗੀਤਬੱਧ ਕੀਤਾ ਤਾਂ ਆਤਮਿਕ ਬੁਲੰਦੀ ਮਹਿਸੂਸ ਕੀਤੀ। ਨਗ ਪੰਜਾਬ ਦਾ ਨਾਮ ਹੇਠ ਪਹਿਲੀ ਆਡਿਉ ਕੈਸਿਟ ਮੈਂ ਤੇ ਮੇਰੇ ਸਾਥੀ ਕਲਾਕਾਰਾਂ ਦੀਦਾਰ ਸੰਧੂ, ਸਵਰਨ ਲਤਾ, ਰਣਜੀਤ ਕੌਰ ਤੇ ਕੁਲਦੀਪ ਮਾਣਕ ਨੇ ਗਾਈ। ਇਸ ਦੀ ਕੁਮੈਂਟਰੀ ਸੁਰਜੀਤ ਪਾਤਰ ਜੀ ਨੇ ਕੀਤੀ। ਉਨ੍ਹਾਂ ਨੂੰ ਪੜ੍ਹਦਿਆਂ ਜਾਪਦਾ ਹੈ ਕਿ ਜ਼ਿੰਦਗੀ ਹਰ ਵੇਲੇ ਸੰਘਰਸ਼ ਤੇ ਦੂਸਰਿਆਂ ਲਈ ਪ੍ਰੇਰਕ ਸ਼ਕਤੀ ਦਾ ਨਾਮ ਹੈ।

ਮੈਂ ਉਨ੍ਹਾਂ ਦੀ ਗ਼ਜ਼ਲ ਪੰਜਾਬ ਵਿਧਾਨ ਸਭਾ ਵਿੱਚ ਵੀ ਸੁਣਾਈ ਸੀ ਜਿਸ ਚ ਉਹ ਨਾਨਕ ਦੇ ਖ਼੍ਵਾਬ ਦਾ ਪੰਜਾਬ ਸਿਰਜਣ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ਨੇ ਇਸ ਸੁਪਨੇ ਨੂੰ ਮਧੋਲ ਕੇ ਰੱਖ ਦਿੱਤਾ ਹੈ। ਮੁਹੰਮਦ ਸਦੀਕ ਜੀ ਨੇ ਕੁਝ ਰਚਨਾਵਾਂ ਗਾ ਕੇ ਵੀ ਸੁਣਾਈਆਂ।
ਇਸ ਮੌਕੇ ਪ੍ਰੋ: ਮੋਹਨ ਸਿੰਘ ਜੀ ਨੂੰ ਸਮਰਪਿਤ ਕਵੀ ਦਰਬਾਰ ਵੀ ਕੀਤਾ ਗਿਆ ਜਿਸ ਵਿੱਚ ਸੁਖਵਿੰਦਰ ਅੰਮ੍ਰਿਤ, ਡਾ ਲਖਵਿੰਦਰ ਜੌਹਲ, ਸੁਰਜੀਤ ਜੱਜ, ਡਾ ਅਸ਼ਵਨੀ ਭੱਲਾ, ਤਰਲੋਚਨ ਲੋਚੀ, ਡਾ. ਜਗਵਿੰਦਰ ਜੋਧਾ, ਮਨਜਿੰਦਰ ਧਨੋਆ, ਪ੍ਰੋ ਮਨਦੀਪ ਕੌਰ ਔਲਖ, ਰਾਜਦੀਪ ਸਿੰਘ ਤੂਰ, ਕਰਮਜੀਤ ਸਿੰਘ ਗਰੇਵਾਲ, ਪ੍ਰੋ ਜਸਬੀਰ ਸਿੰਘ ਸ਼ਾਇਰ ਤੋਂ ਇਲਾਵਾ ਪਾਕਿਸਤਾਨ ਤੋਂ ਡਾ: ਇਕਬਾਲ ਕੈਸਰ ਤੇ ਲੰਡਨ ਤੋਂ ਅਜ਼ੀਮ ਸ਼ੇਖ਼ਰ ਨੇ ਵੀ ਭਰਪੂਰ ਹਾਜ਼ਰੀ ਲੁਆਈ।  ਇਕਬਾਲ ਕੈਸਰ ਨੇ ਕਿਹਾ ਕਿ ਜਵਾਨੀ ਵੇਲੇ ਪੰਜਾਬੀ ਕਵਿਤਾ ਦੀ ਪਹਿਲੀ ਕਿਤਾਬ ਆਪਣੇ ਉਸਤਾਦ ਦੇ ਕਹਿਣ ਤੇ ਉਨ੍ਹਾਂ ਪ੍ਰੋ: ਮੋਹਨ ਸਿੰਘ ਦੀ ਸਾਵੇ ਪੱਤਰ ਪੜ੍ਹੀ ਸੀ।
ਪੰਜਾਬ ਕਾਮਰਸ ਤੇ ਬਿਜਨਸ ਐਸੋਸੀਏਸ਼ਨ ਦੇ ਪ੍ਰਧਾਨ ਡਾ: ਅਸ਼ਵਨੀ ਭੱਲਾ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ
Advertisement
Advertisement
Advertisement
Advertisement
Advertisement
error: Content is protected !!