ਆਖਿਰ ਕਿੱਥੇ ਗਈ 17 ਮਹੀਨੇ ਪਹਿਲਾਂ ਨਗਰ ਕੌਂਸਲ ਵੱਲੋਂ ਖਰੀਦੀ 1 ਨਵੀਂ ਇਨੋਵਾ ਗੱਡੀ,,
ਹਰਿੰਦਰ ਨਿੱਕਾ, ਬਰਨਾਲਾ 5 ਮਈ 2021
ਆਪਣੀ ਚੋਣ ਹੋਣ ਤੋਂ ਬਾਅਦ ਹੀ ਲਗਾਤਾਰ ਵਿਵਾਦਾਂ ਦੇ ਘੇਰੇ ਵਿੱਚ ਚੱਲ ਰਹੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਨੇ ਹਾਊਸ ਦੇ ਨਵੇਂ ਚੁਣੇ ਮੈਂਬਰਾਂ ਦੀ ‘’ ਅੱਜ ’’ 11 ਵਜੇ ਸਵੇਰੇ ਹੋ ਰਹੀ ਪਲੇਠੀ ਮੀਟਿੰਗ ਵਿੱਚ ਹੀ, ਖੁਦ ਲਈ ਇੱਕ ਨਵੀਂ ਇਨੋਵਾ ਗੱਡੀ ਲੈ ਕੇ ਦੇਣ ਦਾ ਮਤਾ ਰੱਖ ਕੇ ਇੱਕ ਹੋਰ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ । ਜਿਸ ਕਾਰਣ ਪਹਿਲੀ ਮੀਟਿੰਗ ਹੀ ਹੰਗਾਮਾ ਭਰਪੂਰ ਰਹਿਣ ਦੇ ਅਸਾਰ ਬਣ ਗਏ ਹਨ। ਏਜੰਡੇ ਦੀ 11 ਨੰਬਰ ਆਈਟਮ ਵਿੱਚ ਪ੍ਰਧਾਨ ਲਈ ਨਵੀਂ ਇਨੋਵਾ ਗੱਡੀ ਖਰੀਦ ਕਰਨ ਬਾਰੇ ਲਿਖਿਆ ਗਿਆ ਹੈ।
ਪੜ੍ਹੋ ਏਜੰਡੇ ਦੀ ਹੂਬਹੂ ਵੰਨਗੀ
ਤਜਵੀਜ਼ ਨੰ. 11 ਵਿਸਾ: ਦਫਤਰ ਨਗਰ ਕੌਂਸਲ ਬਰਨਾਲਾ ਲਈ ਨਵੀ ਇਨੋਵਾ ਕਾਰ ਖਰੀਦਣ ਸਬੰਧੀ।
ਰਿਪੋਰਟ ਦਫਤਰ ਕਿ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਜੀ ਪਾਸ ਜੋ ਅੰਬੈਸਡਰ ਕਾਰ ਹੈ । ਉਹ ਸਾਲ 2007 ਵਿੱਚ ਖਰੀਦੀ ਗਈ ਸੀ। ਇਹ ਕਾਰ ਬਹੁਤ ਪੁਰਾਈ ਹੋਣ ਕਾਰਣ ਇਸ ਦੀ ਮੈਨਟੀਨੈਂਸ ਤੇ ਕਾਫੀ ਖਰਚ ਆਉਂਦਾ ਹੈ ਅਤੇ ਇਹ ਕਾਰ ਕਾਫੀ ਪੁਰਾਈ ਹੋਣ ਕਾਰਣ ਇਸ ਦੀ ਐਵਰੇਜ ਘੱਟ ਹੋਣ ਕਾਰਣ ਤੇਲ ਤੇ ਵਾਧੂ ਖਰਚ ਕਰਨਾ ਪੈ ਰਿਹਾ ਹੈ । ਇਹ ਕਾਰ ਪੁਰਾਣੀ ਹੋਣ ਕਾਰਨ ਕੰਡਮ ਹੋ ਚੁੱਕੀ ਹੈ। ਇਸ ਦੀ ਨਿਲਾਮੀ ਕਰਵਾਉਣ ਅਤੇ ਦਫਤਰ ਲਈ ਪਹਿਲਾਂ ਮਤਾ ਨੰਬਰ 342 ਮਿਤੀ 05.03.2019 ਅਨੁਸਾਰ ਇਨੋਵਾ ਗੱਡੀ ਮਨਜੂਰ ਕਰਕੇ ਖਰੀਦ ਕੀਤੀ ਗਈ ਸੀ । ਨਵੀਂ ਇਨੋਵਾ ਕਾਰ ਖਰੀਦਣ ਨਾਲ ਪੁਰਾਈ ਕਾਰ ਨੂੰ ਮੈਨਟੀਨੈਸ ਕਰਵਾਉਣ ਦੇ ਖਰਚੇ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਦਫਤਰ ਲਈ ਨਵੀਂ ਇਨੋਵਾ ਖਰੀਦਣ ਅਤੇ ਇਸ ਤੋਂ ਆਉਣ ਵਾਲੇ ਖਰਚੇ ਦੀ ਪ੍ਰਵਾਨਗੀ ਹਿੱਤ ਰਿਪੋਰਟ ਪੇਸ਼ ਹੈ ਜੀ।
ਕਿੱਥੇ ਗਈ ਪਹਿਲਾਂ ਖਰੀਦੀ ਇਨੋਵਾ ਗੱਡੀ !
ਟਰਾਂਸਪੋਰਟ ਵਿਭਾਗ ਦੇ ਰਿਕਾਰਡ ਵਿੱਚ ਨਗਰ ਕੌਂਸਲ ਬਰਨਾਲਾ ਦੇ ਨਾਮ ਪਹਿਲਾਂ ਵੀ ਇੱਕ ਇਨੋਵਾ ਕਰਿਸਟਾ ਗੱਡੀ ਨੰਬਰ ਪੀ.ਬੀ. 19 ਐਸ 4383 ਬੋਲ ਰਹੀ ਹੈ। ਇਸ ਡੀਜਲ ਇਨੋਵਾ ਗੱਡੀ ਦੀ ਰਜਿਸਟ੍ਰੇਸ਼ਨ 13 ਮਈ 2019 ਦੀ ਹੈ । ਜਿਸ ਦੀ ਫਿਟਨੈਸ 12 ਮਈ 2034 ਨਿਸਚਿਤ ਹੈ। ਯਾਨੀ ਇਹ ਗੱਡੀ ਖਰੀਦ ਕੀਤੀ ਨੂੰ ਹਾਲੇ 1 ਸਾਲ 5 ਮਹੀਨੇ ਹੀ ਹੋਏ ਹਨ। ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਪ੍ਰਧਾਨ ਦੀ ਅੰਬੈਸਡਰ ਗੱਡੀ ਪੁਰਾਣੀ ਅਤੇ ਕੰਡਮ ਹੋ ਗਈ ਹੈ ਤਾਂ ਫਿਰ ਇਨੋਵਾ ਕਰਿਸਟਾ ਗੱਡੀ ਨੰਬਰ ਪੀ.ਬੀ. 19 ਐਸ 4383 ਕਿਸ ਕੋਲ ਚੱਲ ਰਹੀ ਹੈ ।
ਇੱਕ ਵੱਡੇ ਅਧਿਕਾਰੀ ਨੂੰ ਵਗਾਰ ‘ਚ ਦਿੱਤੀ ਇਨੋਵਾ ਗੱਡੀ !
ਭਰੋਸੇਯੋਗ ਸੂਤਰਾਂ ਅਨੁਸਾਰ ਨਗਰ ਕੌਂਸਲ ਦੀ ਨਵੀਂ ਇਨੋਵਾ ਕਰਿਸਟਾ ਗੱਡੀ ਨੰਬਰ ਪੀ.ਬੀ. 19 ਐਸ 4383 , ਕਰੀਬ ਡੇਢ ਸਾਲ ਪਹਿਲਾਂ ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੂੰ ਵਗਾਰ ਦੇ ਤੌਰ ਤੇ ਭੇਜੀ ਗਈ ਹੈ। ਗੱਲ ਸਿਰਫ ਗੱਡੀ ਵਗਾਰ ਵਿੱਚ ਦੇਣ ਦੀ ਨਹੀਂ, ਬਲਕਿ ਲੋਕਾਂ ਦੇ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਕੌਂਸਲ ਦੇ ਖਜਾਨੇ ਦੀ ਦੁਰਵਰਤੋਂ ਦੀ ਹੈ। ਇਹ ਮਾਮਲਾ ਇੱਥੇ ਹੀ ਬੱਸ ਨਹੀਂ, ਜੇਕਰ ਨਗਰ ਕੌਂਸਲ ਨੇ ਕਿਸੇ ਅਧਿਕਾਰੀ ਨੂੰ ਗੱਡੀ ਵਗਾਰ ਵਿੱਚ ਵੀ ਦੇ ਦਿੱਤੀ ਤਾਂ ਫਿਰ ਉਸ ਗੱਡੀ ਦੇ ਤੇਲ ਦਾ ਖਰਚ ਵੀ ਨਗਰ ਕੌਂਸਲ ਦੇ ਫੰਡ ਵਿੱਚੋਂ ਹੀ ਪੁਆਇਆ ਜਾਂਦਾ ਹੋਵੇਗਾ । ਬਾਕੀ ਹੁਣ ਇੱਕ ਹੋਰ ਨਵੀਂ ਇਨੋਵਾ ਗੱਡੀ ਖਰੀਦਣ ਦੇ ਮਤੇ ਨੂੰ ਪ੍ਰਵਾਨਗੀ ਦੇਣ ਤੋਂ ਸ਼ਹਿਰੀਆਂ ਨੂੰ ਪਤਾ ਲੱਗ ਜਾਵੇਗਾ ਕਿ ਕਿਹੜੇ ਕਿਹੜੇ ਕੌਂਸਲਰ ਫਿਜੂਲ ਖਰਚੀ ਲਈ ਆਪਣੀ ਸਹਿਮਤੀ ਦਿੰਦੇ ਹਨ ਜਾਂ ਫਿਰ ਉਨਾਂ ਨੂੰ ਸ਼ਹਿਰ ਦੇ ਵਿਕਾਸ ਕੰਮਾਂ ਦੀ ਫਿਕਰ ਹੈ। ਇਹ ਤਾਂ ਮੀਟਿੰਗ ਦੀ ਕਾਰਵਾਈ ਤੋਂ ਬਾਅਦ ਹੀ ਸਾਫ ਹੋਵੇਗਾ।