ਨਸ਼ਾ ਤਸਕਰਾਂ ਦੀ ਫੜੋ-ਫੜੀ ਲਈ ਬਰਨਾਲਾ ਦੀ ਸੈਂਸੀ ਬਸਤੀ
ਰਘਵੀਰ ਹੈਪੀ/ ਅਦੀਸ਼ ਗੋਇਲ , ਬਰਨਾਲਾ 2 ਮਈ 2021
ਨਸ਼ਾ ਤਸਕਰਾਂ ਦੀ ਫੜੋ-ਫੜੀ ਲਈ ਸੀਆਈਏ ਸਟਾਫ ਦੀ ਟੀਮ ਨੇ ਹੁਣੇ-ਹੁਣੇ ਵੱਡੀ ਕਾਰਵਾਈ ਕਰਦਿਆਂ ਦਲਬਲ ਨਾਲ ਰੇਡ ਕੀਤੀ ਹੈ। ਐਸ.ਪੀ. ਪੀਬੀਆਈ ਜਗਵਿੰਦਰ ਚੀਮਾ, ਡੀਐਸਪੀ ਡੀ ਬ੍ਰਿਜ ਮੋਹਨ ਅਤੇ ਸੀਆਈਏ ਦੇ ਇੰਚਾਰਜ ਇੰਸਪਕੈਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਨੇ ਬੈਂਸੀ ਬਸਤੀ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਘਰਾਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ। ਪੁਲਿਸ ਪਾਰਟੀ ਨੂੰ ਦੇਖਦਿਆਂ ਹੀ , ਨਸ਼ਾ ਤਸਕਰਾਂ ਦੇ ਨਾਮ ਤੇ ਮਸ਼ਹੂਰ ਇਸ ਖੇਤਰ ਵਿੱਚ ਭੱਗਦੜ ਮੱਚ ਗਈ। ਪਰੰਤੂ ਪੁਲਿਸ ਦੀ ਵਿਉਂਤਬੰਦੀ ਕਾਰਣ, ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਕਾਫੀ ਗਿਣਤੀ ਵਿੱਚ ਸ਼ੱਕੀ ਨੌਜਵਾਨ ਇੱਕ ਦੀ ਥਾਂ ਦੂਜੀ ਪੁਲਿਸ ਪਾਰਟੀ ਨੇ ਘੇਰ ਲਏ। ਪੁਲਿਸ ਪਾਰਟੀਆਂ ਵੱਲੋਂ ਨਸ਼ੇ ਦੀ ਬਰਾਮਦਗੀ ਲਈ, ਜਿੱਥੇ ਸ਼ੱਕੀ ਘਰਾਂ/ਕੋਠੀਆਂ ਵਿੱਚ ਤਲਾਸ਼ੀ ਲਈ ਜਾ ਰਹੀ ਹੈ, ਉੱਥੇ ਹੀ ਸ਼ੱਕੀ ਨੌਜਵਾਨਾਂ ਦੇ ਮੋਬਾਇਲ ਵੀ ਜਾਂਚ ਪੜਤਾਲ ਲਈ ਪੁਲਿਸ ਨੇ ਕਬਜ਼ੇ ਵਿੱਚ ਲੈ ਲਏ ਹਨ। ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਵੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁੱਛਣ ਤੇ ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੈਂਸੀ ਬਸਤੀ ਵਿੱਚ ਕੁੱਝ ਨਸ਼ਾ ਤਸਕਰ ਪਹੁੰਚੇ ਹੋਏ ਹਨ, ਜਿਨਾਂ ਕੋਲ ਨਸ਼ਾ ਕਾਫੀ ਮਾਤਰਾ ਵਿੱਚ ਬਰਾਮਦ ਹੋ ਸਕਦਾ ਹੈ। ਸ੍ਰੀ ਗੋਇਲ ਨੇ ਕਿਹਾ ਪੁਲਿਸ ਪਾਰਟੀ ਦੀ ਰੇਡ ਜ਼ਾਰੀ ਹੈ, ਨਸ਼ਿਆਂ ਦੀ ਬਰਾਮਦੀ ਸਬੰਧੀ ਪੂਰੇ ਵੇਰਵੇ ਪੁਲਿਸ ਕਾਰਵਾਈ ਮੁਕੰਮਲ ਹੋਣ ਤੇ ਦਿੱਤੇ ਜਾਣਗੇ।