ਮੈਂ ਚਾਹੁੰਦਾ, ਮੇਰਾ ਦੂਜਾ ਪੁੱਤ ਵੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇ-ਸੁਰਜੀਤ ਸਿੰਘ
ਹਰਿੰਦਰ ਨਿੱਕਾ , ਬਰਨਾਲਾ 27 ਅਪ੍ਰੈਲ 2021
ਕੇਂਦਰੀ ਸ਼ਾਸ਼ਤ ਪ੍ਰਦੇਸ਼ ਲੇਹ ਲਦਾਖ ਦੇ ਸਿਆਚਿਨ ਖੇਤਰ ‘ਚ ਬਰਫ਼ ਦੇ ਤੋਦੇ ਹੇਠਾਂ ਦੱਬ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਜਿਲ੍ਹੇ ਦੇ ਪਿੰਡ ਕਰਮਗੜ੍ਹ ਦੇ ਰਹਿਣ ਵਾਲੇ ਸ਼ਹੀਦ ਫੌਜੀ ਜਵਾਨ ਅਮਰਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ, ਅੱਜ ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਉਨਾਂ ਕੋਲ ਉਚੇਚੇ ਤੌਰ ਤੇ ਪਹੁੰਚੇ । ਸ੍ਰੀ ਗੋਇਲ ਨੇ ਸ਼ਹੀਦ ਫੌਜੀ ਅਮਰਦੀਪ ਸਿੰਘ ਦਾ ਪਾਲਣ ਪੋਸ਼ਣ ਕਰਨ ਵਾਲੇ ਉਸ ਦੇ ਫੁੱਫੜ ਸੁਰਜੀਤ ਸਿੰਘ ਸੀਤਾ ਨੂੰ ਮਿਲ ਕੇ ਸ਼ਹੀਦ ਦੀ ਸ਼ਹਾਦਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ, ਅਮਰਦੀਪ ਸਿੰਘ ਦੀ ਸ਼ਹਾਦਤ ਕਾਰਣ ਪਰਿਵਾਰ ਨੂੰ ਪਿਆ ਘਾਟਾ ਪੂਰਾ ਨਹੀਂ ਕਰ ਸਕਦਾ। ਪਰੰਤੂ ਮੈਂ ਵਾਅਦਾ ਕਰਦਾ ਹਾਂ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਹਰ ਤਰਾਂ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜਾਂਗੇ। ਉਨਾਂ ਸੁਰਜੀਤ ਸਿੰਘ ਨੂੰ ਭਰੋਸਾ ਦਿੱਤਾ ਕਿ ਉਹ ਬਿਨਾਂ ਝਿਜਕ ਜਦੋਂ ਵੀ ਚਾਹੁਣ, ਹਰ ਕਿਸਮ ਦੀ ਸਹਾਇਤਾ ਲਈ ਸੰਪਰਕ ਕਰ ਸਕਦੇ ਹਨ। ਉਨਾਂ ਮੌਕੇ ਤੇ ਮੌਜੂਦ ਡੀਐਸਪੀ ਕੁਲਦੀਪ ਸਿੰਘ ਨੂੰ ਕਿਹਾ ਕਿ ਉਹ ਪਰਿਵਾਰ ਦੇ ਸੰਪਰਕ ਵਿੱਚ ਰਹਿਣ, ਪਰਿਵਾਰ ਨੂੰ ਕਿਸੇ ਵੀ ਚੀਜ਼ ਦੀ ਲੋੜ ਪਵੇ ਤਾਂ ਇੱਨਾਂ ਦੀ ਤੁਰੰਤ ਸਹਾਇਤਾ ਕੀਤੀ ਜਾਵੇ।
ਇਸ ਮੌਕੇ ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਨੇ ਕਿਹਾ ਕਿ ਬੇਸ਼ੱਕ ਸ਼ਹੀਦ ਦੇ ਆਸਰਿਤ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਅਤੇ 50 ਲੱਖ ਰੁਪਏ ਦਾ ਐਕਸਗ੍ਰੇਸੀਆ ਮੁਆਵਜਾ ਦੇਣ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰ ਦਿੱਤਾ ਹੈ। ਪਰੰਤੂ ਨੌਕਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਮੇਂ ਅਪਣਾਈ ਜਾਣ ਵਾਲੀ ਪ੍ਰਸ਼ਾਸ਼ਨਿਕ ਪ੍ਰਕਿਰਿਆ ਨੂੰ ਛੇਤੀ ਪੂਰਾ ਕਰਵਾਉਣ ਵਿੱਚ ਹਰ ਤਰਾਂ ਦਾ ਸਹਿਯੋਗ ਕਰਨਗੇ। ਪਰਿਵਾਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਗੋਇਲ ਨੇ ਦੱਸਿਆ ਕਿ ਸ਼ਹੀਦ ਦਾ ਪਾਰਥਕ ਸ਼ਰੀਰ ਅੱਜ ਦੇਰ ਰਾਤ ਤੱਕ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਪਹੁੰਚ ਜਾਵੇਗੀ। 28 ਅਪ੍ਰੈਲ ਦੁਪਹਿਰ ਤੱਕ ਸ਼ਹੀਦ ਦੇ ਪਾਰਥਕ ਸ਼ਰੀਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਲਿਆਂਦਾ ਜਾਵੇਗਾ। ਬਾਅਦ ਦੁਪਿਹਰ ਪੂਰੇ ਸਰਕਾਰੀ ਤੇ ਫੌਜੀ ਸਨਮਾਨਾਂ ਨਾਲ, ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ੍ਰੀ ਗੋਇਲ ਇਸ ਮੌਕੇ ਕਾਫੀ ਭਾਵੁਕ ਹੋ ਗਏ, ਉਨਾਂ ਕਿਹਾ ਕਿ ਆਪਣੇ ਜਿਗਰ ਦੇ ਟੁਕੜੇ ਦੇ ਸਦਾ ਲਈ ਵਿੱਛੜ ਜਾਣ ਦਾ ਦਰਦ ਅਕਿਹ ਤੇ ਅਸਿਹ ਹੁੰਦਾ ਹੈ। ਪਰੰਤੂ ਉਹ ਪਰਿਵਾਰ ਭਾਗਾਂ ਵਾਲੇ ਹੀ ਹੁੰਦੇ ਹਨ, ਜਿੰਨ੍ਹਾ ਦੇ ਪਰਿਵਾਰ ਨੂੰ ਸ਼ਹੀਦ ਦਾ ਪਰਿਵਾਰ ਹੋਣ ਦਾ ਮਾਣ ਪ੍ਰਾਪਤ ਹੁੰਦਾ ਹੈ।
ਅੱਖਾਂ ਨਮ, ਦੇਸ਼ ਭਗਤੀ ਦਾ ਜ਼ਜਬਾ ਬਰਕਰਾਰ,,
ਸ਼ਹੀਦ ਅਮਰਦੀਪ ਸਿੰਘ ਦਾ ਪਾਲਣ ਪੋਸ਼ਣ ਕਰਕੇ, ਉਸ ਨੂੰ ਦੇਸ਼ ਦੀ ਸੇਵਾ ਕਰਨ ਲਈ ਫੌਜ ਵਿੱਚ ਭਰਤੀ ਹੋਣ ਦੀ ਪ੍ਰੇਰਣਾ ਦੇਣ ਵਾਲੇ ਉਸ ਦੇ ਫੁੱਫੜ ਸੁਰਜੀਤ ਸਿੰਘ ਸੀਤਾ ਦੀਆਂ ਅੱਖਾਂ ਬੇਸ਼ੱਕ ਨਮ ਸਨ, ਪਰੰਤੂ ਦੇਸ਼ ਭਗਤੀ ਦਾ ਜ਼ਜਬਾ ਤੇ ਆਪਣੇ ਹੱਥੀਂ ਪਾਲੇ ਪੁੱਤ ਦੀ ਸ਼ਹਾਦਤ ਦਾ ਮਾਣ ਵੀ ਸਾਫ ਝਲਕ ਰਿਹਾ ਸੀ। ਸੁਰਜੀਤ ਸਿੰਘ ਨੇ ਕਿਹਾ ਕਿ ਮੇਰਾ ਇੱਕ ਪੁੱਤ ਦੇਸ਼ ਤੋਂ ਕੁਰਬਾਨ ਹੋ ਗਿਆ, ਹੁਣ ਮੈਂ ਆਪਣੇ ਦੂਸਰੇ ਪੁੱਤ ਨੂੰ ਵੀ ਫੋਜ਼ ਵਿੱਚ ਹੀ ਭਰਤੀ ਕਰਵਾਉਣਾ ਚਾਹੁੰਦਾ ਹਾਂ ਤਾਂਕਿ ਉਹ ਵੀ ਦੇਸ਼ ਦੀ ਸੇਵਾ ਕਰ ਸਕੇ।
ਇਸ ਮੌਕੇ ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਅਤੇ ਸ਼ਹੀਦ ਦੇ ਪਰਿਵਾਰ ਦੇ ਮੈਂਬਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਅਤੇ ਸਮੂਹ ਸਟਾਫ ਵੀ ਹਾਜ਼ਿਰ ਰਿਹਾ। ਵਰਨਣਯੋਗ ਹੈ ਕਿ ਅਮਰਦੀਪ ਸਿੰਘ ਸਾਲ 2018 ‘ਚ 21 ਪੰਜਾਬ ਰੈਜਮੈਂਟ ਵੈਬਰੂ ‘ਚ ਭਰਤੀ ਹੋਇਆ ਸੀ। ਲੰਘੀ 25 ਅਪ੍ਰੈਲ ਨੂੰ ਲੇਹ ਲਦਾਖ਼ ਦੇ ਸਿਆਚਿਨ ਖੇਤਰ ‘ਚ ਪਰਤਾਪੁਰਤ ਥਰਡ ਗਲੇਸ਼ੀਅਰ ‘ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ 6 ਜਵਾਨ ਬਰਫ਼ ਹੇਠਾਂ ਦੱਬ ਗਏ ਸਨ। ਜਿੰਨਾਂ ਚੋਂ 2 ਦੀ ਮੌਤ ਹੋ ਗਈ ਸੀ ।