ਪ੍ਰਦੀਪ ਕਸਬਾ, ਬਰਨਾਲਾ, 27ਅਪ੍ਰੈਲ 2021
ਸੰਘਰਸ਼ਸ਼ੀਲ ਜੰਥੇਬੰਦੀਆਂ ਦਾ ਇੱਕ ਡੈਲੀਗੇਸ਼ਨ ਕ੍ਰਾਂਤਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪਵਿੱਤਰ ਲਾਲੀ ਦੀ ਅਗਵਾਈ ਵਿੱਚ ਡਿਪਟੀ ਕਮੀਸ਼ਨਰ ਬਰਨਾਲਾ ਨੂੰ ਮਿਲਿਆ। ਉਨ੍ਹਾਂ ਇਸ ਮੌਕੇ ਡਿਪਟੀ ਕਮੀਸ਼ਨਰ ਨੂੰ ਜਾਣਕਾਰੀ ਦਿੰਦੀਆਂ ਦੱਸਿਆ ਕਿ ਵਿਛੋੜਾ ਦੇ ਗਿਆ ਜਗਦੀਪ ਸਿਦਓੜਾ ਜਿਸ ਦੀ ਉਮਰ 47 ਸਾਲਾਂ ਦੇ ਕਰੀਬ ਸੀ ਕ੍ਰਾਂਤਕਾਰੀ ਕਿਸਾਨ ਯੂਨੀਅਨ ਨਾਲ ਜੁੜਿਆ ਹੋਇਆ ਸੀ। ਇਹ ਜੰਥੇਬੰਦੀ ਦੇ ਦੋ ਹੋਰ ਸਾਥੀਆਂ ਗੁਰਮੀਤ ਸਿੰਘ ਅਤੇ ਹਰਜੀਤ ਸਿੰਘ ਨਾਲ 25 ਜਨਵਰੀ ਨੂੰ ਉਹ 26 ਜਨਵਰੀ ਦੇ ਵੱਡੇ ਮਾਰਚ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਗਿਆ ਸੀ। ਉਹ 27 ਤਰੀਕ ਤੱਕ ਟਿੱਕਰੀ ਅਤੇ ਸਿੰਘੂ ਬਾਰਡਰ ਉਤੇ ਆਪਣੇ ਸਾਥੀਆਂ ਨਾਲ ਰਿਹਾ। 27 ਦੀ ਸ਼ਾਮ ਨੂੰ ਉਸ ਦੀ ਸਿਹਤ ਅਚਨਚੇਤ ਖਰਾਬ ਹੋ ਗਈ । ਜਿਸ ਕਾਰਣ ਨਾਲ ਗਏ ਜੰਥੇਬੰਦੀ ਦੇ ਸਾਥੀ ਉਸ ਨੂੰ ਬਰਨਾਲੇ ਵਾਪਿਸ ਲੈ ਆਏ। ਜਗਦੀਪ ਸਦਿਓੜਾ ਕਈ ਦਿਨ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਰਿਹਾ ਜਿੱਥੇ ਉਸਦੇ ਕਈ ਅਪਰੇਸ਼ਨ ਵੀ ਹੋਏ। ਮਿਤੀ 25 ਅਪ੍ਰੈਲ 2021 ਨੂੰ ਸਵੇਰੇ 9ਂ30 ਵਜੇ ਉਸਦੀ ਸਿਵਲ ਹਸਪਤਾਲ ਬਰਨਾਲਾ ਵਿੱਚ ਹੀ ਮੌਤ ਹੋ ਗਈ ਹੈ।
ਕ੍ਰਾਂਤਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਡਿਪਟੀ ਕਮੀਸ਼ਨਰ ਬਰਨਾਲਾ ਨੂੰ ਦੱਸਿਆ ਕਿ ਜਗਦੀਪ ਦੇ ਪਰਿਵਾਰ ਦੀ ਆਰਥਿਕ ਹਾਲਤ ਮੰਦੀ ਹੈ। ਇਸ ਦੀ ਪਤਨੀ ਰੇਖਾ ਰਾਣੀ ਦੀ ਉਮਰ 41 ਸਾਲਾਂ ਦੇ ਲੱਗਭੱਗ ਹੈ ਅਤੇ ਉਹ +2 ਪਾਸ ਹੈ। ਉਸਦੀ ਇੱਕ 13 ਵਰ੍ਹਿਆਂ ਦੀ ਧੀ ਹੈ। ਘਰ ਦੀ ਆਰਥਿਕ ਹਾਲਤ ਬੇਹੱਦ ਮੰਦੀ ਹੋਣ ਕਾਰਣ ਰੇਖਾ ਰਾਣੀ ਨੂੰ ਬੇਟੀ ਦੇ ਪਾਲਣ ਪੋਸਣ ਲਈ ਨੌਕਰੀ ਅਤੇ ਸਰਕਾਰੀ ਸਹਾਇਤਾ ਦੀ ਬੇਹੱਦ ਜਰੂਰਤ ਹੈ। ਉਨ੍ਹਾਂ ਜੰਥੇਬੰਦੀ ਵੱਲੋਂ ਜਗਦੀਪ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਤੈਅ ਕੀਤੀ ਗਈ 10 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਅਤੇ ਉਸਦੀ ਪਤਨੀ ਰੇਖਾ ਰਾਣੀ ਨੂੰ ਪੱਕੀ ਸਰਕਾਰੀ ਨੌਕਰੀ ਤੁਰੰਤ ਦਿੱਤੇ ਜਾਣ ਦੀ ਮੰਗ ਕੀਤੀ।
ਇਸ ਡੈਲੀਗੇਸ਼ਨ ਵਿੱਚ ਕ੍ਰਾਂਤਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗੋਪੀ ਮੀਤ ਪ੍ਰਧਾਨ ਮਲਕੀਤ ਰਾਜ ਮੋਹਨ ਸਿੰਘ ਰੂੜੇਕੇ ਤਰਕਸ਼ੀਲ ਸੁਸਾਇਟੀ ਭਾਰਤ ਦੇ ਅਮਿੱਤ ਮਿੱਤਰ ਡੈਮੋਕਰੇਟੀਕ ਟੀਚਰਜ ਫਰੰਟ ਦੇ ਰਾਜੀਵ ਕੁਮਾਰ ਨੌਜਵਾਨ ਭਾਰਤ ਸਭਾ ਵੱਲੋਂ ਨਵਕਿਰਣ ਪੱਤੀ ,ਮੁਲਾਜਮ ਫਰੰਟ ਦੇ ਜਗਰਾਜ ਟੱਲੇਵਾਲ ਤੋਂ ਇਲਾਵਾ ਵਿਛੋੜਾ ਦੇ ਗਏ ਕਿਸਾਨ ਦੀ ਪਤਨੀ ਰੇਖਾ ਰਾਣੀ ਵੀ ਸ਼ਾਮਿਲ ਸੀ। ਵੱਖ ਵੱਖ ਜੰਥੇਬੰਦੀਆਂ ਦੇ 2 ਦਰਜਨ ਦੇ ਕਰੀਬ ਨੁੰਮਾਇਦੇ ਵੀ ਇਸ ਮੌਕੇ ਹਾਜਰ ਸਨ। ਹਾਜਿਰ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ ਜਲਦੀ ਬਣਦੀ ਸਹਾਇਤਾ ਨਾ ਦਿੱਤੀ ਤਾਂ ਉਹਨਾਂ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ।