ਫੌਜੀ ਅਮਰਦੀਪ ਸਿੰਘ ਦੇ ਸਿਰ ਤੋਂ ਬਚਪਨ ਵਿੱਚ ਹੀ ਉੱਠ ਗਿਆ ਸੀ ਮਾਂ ਦਾ ਸਾਇਆ, ਭੂਆ-ਫੁੱਫੜ ਨੇ ਹੀ ਕੀਤਾ ਪਾਲਣ-ਪੋਸ਼ਣ
ਅਮਰਦੀਪ ਦੇ ਸ਼ਹੀਦ ਹੋ ਜਾਣ ਦੀ ਖਬਰ ਸੁਣ ਕੇ ਪਰਿਵਾਰ ਤੇ ਡਿੱਗਿਆ ਦੁੱਖਾਂ ਦਾ ਪਹਾੜ
ਹਰਿੰਦਰ ਨਿੱਕਾ , ਬਰਨਾਲਾ , 26 ਅਪ੍ਰੈਲ 2021
ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਦਾ ਰਹਿਣ ਵਾਲਾ ਫ਼ੌਜੀ ਜਵਾਨ ਅਮਰਦੀਪ ਸਿੰਘ (23) ਸਿਆਚਿਨ (ਲੇਹ ਲਦਾਖ਼) ‘ਚ ਡਿੱਗੇ ਬਰਫ਼ ਦੇ ਤੋਦੇ ਹੇਠਾਂ ਦੱਬ ਕੇ ਸ਼ਹੀਦ ਹੋ ਗਿਆ । ਬੇਸ਼ੱਕ ਫੌਜੀ ਜਵਾਨ ਅਮਰਦੀਪ ਸਿੰਘ ਸ਼ਹੀਦੀ ਜਾਮ ਪੀ ਕੇ ਦੇਸ਼ ਤੋਂ ਕੁਰਬਾਨ ਹੋ ਗਿਆ। ਪਰੰਤੂ ਆਪਣੇ ਪੁੱਤ ਦੀ ਸ਼ਹੀਦੀ ਦੀ ਖਬਰ ਪਰਿਵਾਰ ਤੇ ਦੁੱਖਾਂ ਦਾ ਪਹਾੜ ਬਣ ਕੇ ਡਿੱਗ ਪਈ। ਅਮਰਦੀਪ ਸਿੰਘ ਦੀ ਸ਼ਹੀਦੀ ਦੀ ਖਬਰ ਨਾਲ ਪਿੰਡ ਹੀ ਨਹੀਂ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਰਾਮਗੜ੍ਹੀਆ ਪਰਿਵਾਰ ਨਾਲ ਸਬੰਧਤ ਨੌਜਵਾਨ ਅਮਰਦੀਪ ਸਿੰਘ (23) ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਫੂਲ, ਜਿਲ੍ਹਾ ਬਠਿੰਡਾ ਦੇ ਸਿਰ ਤੋਂ ਬਚਪਨ ਵਿੱਚ ਹੀ ਉਸਦੀ ਮਾਂ ਦਾ ਸਾਇਆ ਉੱਠ ਗਿਆ ਸੀ। ਜਿਸ ਤੋਂ ਬਾਅਦ ਅਮਰਦੀਪ ਸਿੰਘ ਅਤੇ ਉਸ ਦੀ ਛੋਟੀ ਭੈਣ ਸੁਖਦੀਪ ਕੌਰ (20) ਨੂੰ ਉਨ੍ਹਾਂ ਦਾ ਫੁੱਫੜ ਸੁਰਜੀਤ ਸਿੰਘ ਸੀਤਾ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕਰਮਗੜ੍ਹ ਆਪਣੇ ਘਰ ਲੈ ਆਇਆ ਸੀ। ਅਮਰਦੀਪ ਤੇ ਉਸ ਦੀ ਭੈਣ ਦਾ ਪਾਲਣ ਪੋਸ਼ਣ ਇੱਨ੍ਹਾਂ ਦੀ ਭੂਆ-ਫੁੱਫੜ ਨੇ ਹੀ ਕੀਤਾ। ਅਮਰਦੀਪ ਸਿੰਘ ਸਾਲ 2018 ‘ਚ 21 ਪੰਜਾਬ ਰੈਜਮੈਂਟ ਵੈਬਰੂ ‘ਚ ਭਰਤੀ ਹੋਇਆ ਸੀ। ਲੰਘੀ 25 ਅਪ੍ਰੈਲ ਨੂੰ ਲੇਹ ਲਦਾਖ਼ ਦੇ ਸਿਆਚਿਨ ਖੇਤਰ ‘ਚ ਪਰਤਾਪੁਰਤ ਥਰਡ ਗਲੇਸ਼ੀਅਰ ‘ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ 6 ਜਵਾਨ ਬਰਫ਼ ਹੇਠਾਂ ਦੱਬ ਗਏ ਸਨ। ਜਿੰਨਾਂ ਚੋਂ 2 ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ ਜ਼ਿਲ੍ਹਾ ਬਰਨਾਲਾ ਦਾ ਇਹ ਨੌਜਵਾਨ ਅਮਰਦੀਪ ਸਿੰਘ ਕਰਮਗੜ੍ਹ ਵੀ ਸ਼ਾਮਿਲ ਹੈ।
ਉਨ੍ਹਾਂ ਦੱਸਿਆ ਕਿ ਕਿਰਤੀ ਪਰਿਵਾਰ ਨਾਲ ਸਬੰਧਿਤ ਸ਼ਹੀਦ ਅਮਰਦੀਪ ਸਿੰਘ ਨੇ 10 ਵੀਂ ਤੱਕ ਦੀ ਪੜ੍ਹਾਈ ਪਿੰਡ ਕਰਮਗੜ੍ਹ ਤੋਂ ਕਰਨ ਬਾਅਦ 12 ਵੀਂ ਕਲਾਸ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਤੋਂ ਕੀਤੀ। ਉਹ ਘਰ ਦੇ ਆਰਥਿਕ ਹਾਲਾਤਾਂ ਨੂੰ ਬਦਲਣ ਲਈ ਭਾਰਤੀ ਫ਼ੌਜ ‘ਚ ਭਰਤੀ ਹੋਇਆ ਸੀ, ਪਰੰਤੂ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਹੋਇਆ । ਸਰਪੰਚ ਨੇ ਦੱਸਿਆ ਕਿ ਅਮਰਦੀਪ ਸਿੰਘ ਦੇ ਸ਼ਹੀਦ ਹੋ ਜਾਣ ਦੀ ਸੂਚਨਾ ਉਸਦੇ ਪਰਿਵਾਰ ਨੂੰ ਅੱਜ ਸਵੇਰੇ ਦਿੱਤੀ ਗਈ। ਥਾਣਾ ਠੁੱਲ੍ਹੇਵਾਲ ਦੇ ਐਸ ਐਚ ਉ ਗੁਰਤਾਰ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਅਮਰਦੀਪ ਸਿੰਘ ਦੀ ਮ੍ਰਿਤਕ ਦੇਹ 27 ਅਪ੍ਰੈਲ ਦੀ ਸ਼ਾਮ ਤੱਕ ਪਿੰਡ ਕਰਮਗੜ੍ਹ ਪਹੁੰਚਣ ਦੀ ਸੰਭਾਵਨਾ ਹੈ।
ਐਸ ਐਸ ਪੀ ਸ੍ਰੀ ਸੰਦੀਪ ਗੋਇਲ ਨੇ ਫੌਜੀ ਅਮਰਦੀਪ ਸਿੰਘ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਬੇਸ਼ੱਕ ਫੌਜੀ ਜਵਾਨ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰੰਤੂ ਪਰਿਵਾਰ ਨੂੰ ਮਾਣ ਰਹੇਗਾ ਕਿ ਉਨ੍ਹਾਂ ਦਾ ਪੁੱਤਰ ਦੇਸ਼ ਕੌਮ ਤੋਂ ਆਪਣੇ ਪ੍ਰਾਣ ਨਿਸ਼ਾਵਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ। ਜਿਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਹ ਸਮਾਜ ਦੇ ਚੇਤਿਆਂ ਵਿੱਚ ਆਪਣੀ ਅਮਿੱਟ ਛਾਪ ਛੱਡ ਜਾਂਦੇ ਹਨ,ਜੋ ਹਮੇਸ਼ਾ ਸਮਾਜ ਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾਦਾਇਕ ਸਾਬਿਤ ਹੁੰਦੀ ਹੈ। ਸ੍ਰੀ ਗੋਇਲ ਨੇ ਕਿਹਾ ਕਿ ਸ਼ਹੀਦ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਤੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਸਵੇਰੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਾਵਾਂਗਾ ਅਤੇ ਅਸੀਂ ਸ਼ਹੀਦ ਦੇ ਪਰਿਵਾਰ ਦੀ ਦੇਖਭਾਲ ਦੀ ਜਿੰਮੇਵਾਰੀ ਆਪਣੇ ਮੋਢਿਆਂ ਤੇ ਲਵਾਂਗੇ ,ਪਰਿਵਾਰ ਤੇ ਅਚਾਨਕ ਆਣ ਪਈ ਵੱਡੇ ਸੰਕਟ ਦੀ ਇਸ ਘੜੀ ਵਿੱਚ ਅਸੀਂ ਹਰ ਤਰ੍ਹਾਂ ਨਾਲ ਸ਼ਹੀਦ ਦੇ ਪਰਿਵਾਰ ਨਾਲ ਖੜਾਂਗੇ।