ਬੀਤੇ ਦਿਨੀਂ 120 ਕੁਇੰਟਲ ਕਣਕ ਨਾਲ ਭਰਿਆ ਟਰੱਕ ਕਾਬੂ ਕੀਤਾ
ਬੀ ਟੀ ਐਨ, ਅਬੋਹਰ/ਫਾਜ਼ਿਲਕਾ, 21 ਅਪ੍ਰੈਲ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਕਣਕ ਲਿਆ ਕੇ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਵੇਚਣ ਵਾਲਿਆਂ ਦੀ ਖੈਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੋਰਨਾਂ ਰਾਜਾਂ ਤੋਂ ਆਉਣ ਵਾਲੀ ਕਣਕ ਨੂੰ ਪੰਜਾਬ ਦੀਆਂ ਮੰਡੀਆਂ ਵਿੱਚ ਵਿਕਣ ਨਹੀਂ ਦਿੱਤਾ ਜਾਵੇਗਾ। ਇਸੇ ਤਹਿਤ ਬੀਤੇ ਦਿਨੀਂ 120 ਕੁਇੰਟਲ ਕਣਕ ਨਾਲ ਭਰਿਆ ਟਰੱਕ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੈਕਟਰੀ ਮਾਰਕਿਟ ਕਮੇਟੀ ਅਬੋਹਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਸਖਤ ਹਦਾਇਤਾਂ ਹਨ ਕਿ ਬਾਹਰੀ ਸੂਬੇ ਦੀ ਕਣਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਨਹੀਂ ਆਉਣੀ ਚਾਹੀਦੀ। ਇਸੇ ਤਹਿਤ ਇੰਟਰਸਟੇਟ ਬੈਰੀਅਰ ਰਾਜਪੁਰ `ਤੇ ਟਰੱਕ ਨੰ ਆਰ ਜੇ 09 ਜੀਬੀ 9273 ਨੂੰ ਰੋਕ ਕੇ ਚੈਕਿੰਗ ਕੀਤੀ ਗਈੇ। ਜਿਸ ਵਿਚੋਂ 120 ਕੁਇੰਟਲ ਕਣਕ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਇੰਨਬਿੰਨ ਪਾਲਣਾ ਕੀਤੀ ਜਾ ਰਹੀ ਹੈ ਅਤੇ ਬਾਹਰਲਿਆਂ ਸੂਬਿਆਂ ਤੋਂ ਆਉਣ ਵਾਲੀ ਕਣਕ ਨੂੰ ਫੜਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਇਸ ਕਾਲਾ ਬਜ਼ਾਰੀ ਨੂੰ ਰੋਕਣ ਲਈ ਇਕ ਪਲਾਨਿੰਗ ਤਹਿਤ ਹਰ ਇਕ ਐਂਟਰੀ ਪੁਆਇੰਟ ਤੇ ਬਾਹਰਲੇ ਰਾਜਾਂ ਤੋਂ ਆਉਣ ਵਾਲੀ ਕਣਕ ਨੂੰ ਰੋਕਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।