26 ਜਨਵਰੀ ਨੂੰ ਸਿੰਘੂ ਬਾਰਡਰ ਤੇ ਹੋਏ ਰੋਸ ਮੁਜਾਹਰੇ ਤੋਂ ਬਾਅਦ ਹੋਇਆ ਗੰਭੀਰ ਬੀਮਾਰ
ਹਰਿੰਦਰ ਨਿੱਕਾ ਬਰਨਾਲਾ 20 ਅਪ੍ਰੈਲ 2021
ਇੱਥੋਂ ਦੇ ਜੰਡਾ ਵਾਲਾ ਰੋਡ ਉਤੇ ਰਹਿਣਵਾਲਾ ਜਗਦੀਪ ਸਿਦਓੜਾ ਸ਼ੁਰੂ ਤੋਂ ਹੀ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਹੈ। ਉਹ ਲੰਬੇ ਸਮੇਂ ਤਰਕਸ਼ੀਲ ਵਿਚਾਰਾਂ ਨਾਲ ਜੁੜਿਆ ਹੋਇਆ ਹੈ। ਜਦੋਂ ਤੋਂ ਕਿਸਾਨਾਂ ਵੱਲੋਂ ਦਿੱਲੀ ਵਿਖੇ ਲਗਾਤਾਰ ਧਰਨਾ ਸ਼ੁਰੂ ਕੀਤਾ ਗਿਆ ਉਸ ਸਮੇਂ ਤੋਂ ਹੀ ਉਹ ਕਈ ਵਾਰ ਦਿੱਲੀ ਦੇ ਚੱਕਰ ਲਗਾ ਚੁੱਕਾ ਸੀ। ਬੀਤੀ 26 ਜਨਵਰੀ ਨੂੰ ਉਹ ਬਰਨਾਲਾ ਤੋਂ ਇੱਕ ਕਾਫਲੇ ਨਾਲ ਹਿੱਸਾ ਲੈਣ ਦਿੱਲੀ ਗਿਆ ਪਰ ਉਥੇ ਜਾ ਕੇ ਹੀ ਉਹ ਗੰਭੀਰ ਬੀਮਾਰ ਹੋ ਗਿਆ।ਜਗਦੀਪ ਦੀ ਪਤਨੀ ਰੇਖਾ ਰਾਣੀ ਨੇ ਦੱਸਿਆ ਕਿ 25 ਜਨਵਰੀ ਨੂੰ ਉਹ 26 ਜਨਵਰੀ ਦੇ ਵੱਡੇ ਮਾਰਚ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਗਿਆ ਅਤੇ ਉਹ 27 ਤਰੀਕ ਤੱਕ ਸਿੰਘੂ ਬਾਰਡਰ ਉਤੇ ਆਪਣੇ ਸਾਥੀਆਂ ਨਾਲ ਰਹੇ। 27 ਦੀ ਸ਼ਾਮ ਨੂੰ ਉਹਨਾਂ ਦੀ ਅਚਨਚੇਤ ਸਿਹਤ ਖਰਾਬ ਹੋਣ ਕਾਰਨ ਉਹ ਬਰਨਾਲੇ ਵਾਪਿਸ ਆ ਗਏ। ਇੱਕ-ਦੋ ਦਿਨ ਘਰੇ ਬੀਮਾਰ ਰਹਿਣ ਤੋਂ ਬਾਅਦ ਓਹਨਾਂ ਨੇ ਸਥਾਨਕ ਪ੍ਰਾਇਵੇਟ ਹਸਪਤਾਲ ਵਿੱਚ ਇਲਾਜ ਲੈਣਾ ਸ਼ੁਰੂ ਕੀਤਾ। ਦਿੱਲੀ ਤੋਂ ਵਾਪਿਸ ਆਉਣ ਉਪਰੰਤ ਹੀ ਉਹਨਾਂ ਨੂੰ ਸਿਰ ਦਰਦ ਦੀ ਸ਼ਕਾਇਤ ਹੋ ਗਈ ਸੀ। 25-26 ਫਰਵਰੀ ਦੇ ਆਸ-ਪਾਸ ਜਾ ਕੇ ਉਹ ਗੰਭੀਰ ਰੂਪ ਵਿੱਚ ਬੀਮਾਰ ਹੋ ਗਏ।
ਰੇਖਾ ਰਾਣੀ ਨੇ ਦੱਸਿਆ ਮੈਂ ਇਲਾਜ ਲਈ ਉਹਨਾਂ ਨੂੰ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ, ਜਿੱਥੇ ਉਹਨਾਂ ਦੇ ਸਿਰ ਦਾ ਓਪਰੇਸ਼ਨ 1 ਮਾਰਚ 2021 ਨੂੰ ਕੀਤਾ ਗਿਆ। 13 ਮਾਰਚ ਨੂੰ ਓਹਨਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਵੀ ਮਿਲ ਗਈ। ਪਰ ਇਲਾਜ ਤੋਂ ਬਾਅਦ ਵੀ ਉਹ ਸਿਹਤਮੰਦ ਨਹੀਂ ਮਹਿਸੂਸ ਕਰ ਰਹੇ ਸੀ। ਇਸ ਲਈ ਉਹਨਾਂ ਨੂੰ ਮੁੜ ਸੀ.ਐੱਮ.ਸੀ. ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਪੀ.ਜੀ.ਆਈ. ਚੰਡੀਗੜ੍ਹ ਹਸਪਤਾਲ ਵਿਖੇ ਉਹਨਾਂ ਦਾ ਇਲਾਜ ਕਰਵਾਇਆ ਗਿਆ ਹੈ। ਉਹ ਹੁਣ ਵੀ ਸਿਵਲ ਹਸਪਤਾਲ ਬਰਨਾਲਾ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗੋਪੀ, ਜਿਲਾ ਵਿੱਤ ਸਕੱਤਰ ਦਲਜੀਤ ਸਿੰਘ, ਇਨਕਲਾਬੀ ਜਮਹੂਰੀ ਮੋਰਚਾ ਦੇ ਸੂਬਾ ਆਗੂ ਜਗਰਾਜ ਟੱਲੇਵਾਲ, ਡੀ.ਟੀ.ਐਫ. ਆਗੂ ਰਾਜੀਵ ਕੁਮਾਰ, ਤਰਕਸ਼ੀਲ ਸੁਸਾਇਟੀ ਭਾਰਤ ਦੇ ਅਮਿੱਤ ਮਿੱਤਰ ਅਤੇ ਨੋਜਵਾਨ ਭਾਰਤ ਸਭਾ ਦੇ ਆਗੂ ਨਵਕਿਰਣ ਪੱਤੀ ਵੱਲੋਂ ਸਥਾਨਕ ਪਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਗਦੀਪ ਸਿਦਓੜਾ ਪਰਿਵਾਰ ਦੀ ਆਰਥਿਕ ਹਾਲਤ ਬੇਹੱਦ ਮੰਦੀ ਹੈ ਇਸ ਲਈ ਜਲਦ ਤੋਂ ਜਲਦ ਉਸ ਨੂੰ ਆਰਥਿਕ ਸਹਾਇਤਾ ਉਪਲੱਬਧ ਕਰਵਾਈ ਜਾਵੇ। ਉਸਦੇ ਇਲਾਜ ਉਤੇ ਹੁਣ ਤੱਕ ਪਰਿਵਾਰ ਮਿੱਤਰਾਂ ਦੋਸਤਾਂ ਤੋਂ ਪੈਸੇ ਉਧਾਰ ਲੈ ਕੇ 6-7 ਲੱਖ ਰੁਪੈ ਖਰਚ ਕਰ ਚੁੱਕਾ ਹੈ। ਜਮਹੂਰੀ ਜੰਥੇਬੰਦੀਆਂ ਨੇ ਕਿਹਾ ਕਿ ਜਲਦੀ ਹੀ ਜਗਦੀਪ ਦੇ ਪੂਰੇ ਕੇਸ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕੋਲ ਵੀ ਉਠਾਇਆ ਜਾਵੇਗਾ ਤਾਂ ਜੋ ਪਰਿਵਾਰ ਦੀ ਵਿੱਤੀ ਸਹਾਇਤਾ ਕਰਵਾਈ ਜਾ ਸਕੇ।