ਕਿਰਤੀਆਂ ,ਕਿਸਾਨਾਂ ਕਾਮਿਆਂ ਦੀ ਆਵਾਜ਼ ਸੰਤ ਰਾਮ ਉਦਾਸੀ

Advertisement
Spread information

 ਲੇਖਕ ਗੁਰਭਜਨ ਗਿੱਲ

    ਸੰਤ ਰਾਮ ਉਦਾਸੀ ਅੱਜ ਦੇ ਦਿਨ 20 ਅਪਰੈਲ ਨੂੰ ਜਨਮਿਆ ਸੀ ਮਾਤਾ ਧਨ ਕੌਰ ਦੀ ਕੁਖੋਂ। ਕਿਰਤੀਆਂ ਕਿਸਾਨਾਂ ਕਾਮਿਆਂ ਦੀ ਆਵਾਜ਼ ਬਣ ਗਿਆ।ਰਾਏਸਰ(ਬਰਨਾਲਾ) ਦੀ ਕੀਰਤੀ ਚ ਵੱਡਾ ਟਿਮਕਣਾ ਜੜ ਗਿਆ। ਉਸ ਦੀ ਆਵਾਜ਼ ਧਰਤੀਉਂ ਉੱਠਦੀ, ਅੰਬਰੋਂ ਪਾਰ ਜਾਂਦੀ

Advertisement

ਦ ਕਹਿੰਦਾ

ਉੱਠ ਕਿਰਤੀਆ ਉੱਠ ਵੇ, ਉੱਠਣ ਦਾ ਵੇਲਾ।
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ।

   ਕੱਲ੍ਹ ਸ਼ਾਮੀਂ ਕਿਸੇ ਕਾਰਜ ਲਈ ਲਾਹੌਰ ਰਹਿੰਦੇ ਬਾਬਾ ਫ਼ਰੀਦ ਫਾਉਂਡੇਸ਼ਨ ਦੇ ਪ੍ਰਧਾਨ , ਸ਼ਾਇਰ ਤੇ ਨਵਯੁਗ ਤਕਨਾਲੋਜੀ ਦੇ ਚਿਤਰਕਾਰ ਮੁਹੰਮਦ ਆਸਿਫ਼ ਰਜ਼ਾ ਨਾਲ ਗੱਲ ਹੋ ਰਹੀ ਸੀ ਤਾਂ ਸੰਤ ਰਾਮ ਉਦਾਸੀ ਜੀ ਦਾ ਜ਼ਿਕਰ ਛਿੜਿਆ। ਮੈਂ ਦੱਸਿਆ ਕਿ ਅਸੀਂ ਵੀਹ ਅਪਰੈਲ ਸ਼ਾਮੀਂ ਛੇ ਵਜੇ ਉਸ ਦੀ ਯਾਦ ‘ਚ ਔਨਲਾਈਨ ਸਮਾਗਮ ਕਰ ਰਹੇ ਹਾਂ।
      ਉਸ ਕਿਹਾ ਉਨ੍ਹਾਂ ਦੀ ਕੋਈ ਚੰਗੀ ਜਹੀ ਤਸਵੀਰ ਭੇਜੋ ਮੈਂ ਪੇਂਟਿੰਗ ਚ ਢਾਲ ਦਿਆਂਗਾ। ਦੋਸਤੋ! 1986 ਚ ਸੁਰਗਵਾਸ ਹੋਏ ਉਦਾਸੀ ਦੀ ਹੁਣ ਤੀਕ ਕੋਈ ਪੇਂਟਿੰਗ ਏਨੀ ਜੀਵੰਤ ਮੈਂ ਨਹੀਂ ਵੇਖੀ ਜਿੰਨੀ ਦਿਨ ਚੜ੍ਹਨ ਸਾਰ ਮੁਹੰਮਦ ਆਸਿਫ਼ ਰਜ਼ਾ ਨੇ ਮੈਨੂੰ ਭੇਜੀ ਹੈ। ਕੰਪਿਊਟਰ ਤੋਂ ਸਿਰਜਣਾਤਮਕ ਕੰਮ ਲੈ ਕੇ ਉਸ ਮੇਰੀ ਰੀਝ ਪੁਗਾਈ ਹੈ। ਧੰਨਵਾਦ ਵੀਰਿਆ।
ਸੰਤ ਰਾਮ ਉਦਾਸੀ ਦੀ ਯਾਦ ਵਿੱਚ ਅੱਜ ਸ਼ਾਮੀਂ ਛੇ ਵਜੇ ਇਸ ਤਸਵੀਰ ਨੂੰ ਲੋਕ ਅਰਪਨ ਕਰਾਂਗੇ ਭਵਿੱਖ ਪੀੜ੍ਹੀਆਂ ਨੂੰ। ਫਿਰ ਸਮਾਗਮ ਤੋਰਾਂਗੇ।
ਜਿਸ ਲਿਖੇ ਸੀ ਕਦੇ ਇਹ ਗੀਤ

ਗੁਰੂ ਗੋਬਿੰਦ ਸਿੰਘ ਜੀ ਦੇ ਨਾਂ

ਜ਼ਿੰਦਗੀ ਦੇ ਰਾਹਾਂ ਵਿਚ ਹੱਕਾਂ ਦੀਆਂ ਮੰਜ਼ਲਾਂ ਨੂੰ
ਤੇਰਾ ਸਿੰਘ ਹੱਸ ਕੇ ਵਰੇ ।
ਓਨਿਆਂ ਸਿਰਾਂ ਦੀ ਫੇਰ ਮੁੜ ਕੇ ਹੈ ਲੋੜ ਸਾਨੂੰ
ਪਹਿਲਾਂ ਜਿੰਨੇ ਪੁੰਨ ਤੂੰ ਕਰੇ ।

ਸੱਚੇ ਸੁੱਚੇ ਸਿੰਘ ਦਾ ਤਾਂ ਇਹੋ ਈ ਕਮਾਲ ਏ ।
ਜ਼ਾਲਮਾਂ ਦੀ ਮੌਤ ‘ਤੇ ਗਰੀਬਾਂ ਦੀ ਉਹ ਢਾਲ ਏ ।
ਤੇਰਾ ਸਿੰਘ ਸਦਾ ਹੱਕ ਸੱਚ ਲਈ ਲੜਦਾ ਏ,
ਭਾਵੇਂ ਵੀਅਤਨਾਮ ‘ਚ ਲੜੇ ।
ਜ਼ਿੰਦਗੀ ਦੇ ਰਾਹਾਂ ਵਿਚ…………

ਲੋਕਾਂ ਨੂੰ ਸਿਖਾਇਆ ਤੇਰੀ ਕਵਿਤਾ ਦੀ ਹੇਕ ਨੇ ।
‘ਚਿੜੀ’ ਕਿਵੇ ‘ਬਾਜਾਂ’ ਦੇ ਕਲੇਜੇ ਕੀਤੇ ਛੇਕ ਨੇ ।
ਚੰਡੀ ਦੀਆਂ ਵਾਰਾਂ ਦਾ ਨਿਸ਼ਾਨਾ ਰੱਖ ਦਿਲ ਵਿੱਚ,
‘ਇਕੋ’ ਸਵਾ ਲੱਖ ਨਾ’ ਲੜੇ ।
ਜਿੰਦਗੀ ਦੇ ਰਾਹਾਂ ਵਿਚ……….

ਵਾਏ ਕੰਡਿਆਂ ‘ਤੇ ਸੁੱਤਾ ਸ਼ੇਰ ਤੂੰ ਜਗਾਵਣਾ ।
ਅਜੇ ਤਾਂ ਬੇਦਾਵਿਆਂ ਨੂੰ ਮੁਕਤ ਕਰਾਵਣਾ ।
ਇਹਦੇ ਨਾਂ ਬੇਦਾਵਾ ਦੇਖ ‘ਭਾਗੋ’ ਦੀਆਂ ਚੂੜੀਆਂ ਵੀ,
ਬਣ ਜਾਣ ਲੋਹੇ ਦੇ ਕੜੇ ।
ਜ਼ਿੰਦਗੀ ਦੇ ਰਾਹਾਂ ਵਿਚ…………

ਅੱਜ ਫੇਰ ਸਾਂਭਿਆ ਔਰੰਗੇ ਨੇ ਹੀ ਰਾਜ ਹੈ ।
ਪਿੰਡ ਪਿੰਡ ਪਹੁੰਚੀ ਚਮਕੌਰ ਦੀ ਆਵਾਜ਼ ਹੈ ।
ਵਿਹਲਾ ਜੇ ਗੋਬਿੰਦ ਵੀਅਤਨਾਮ ਤੇ ਕੰਪੂਚੀਆ ‘ਚੋ,
ਆ ਕੇ ਹਿੰਦ ਵਿਚ ਵੀ ਲੜੇ ।
ਜ਼ਿੰਦਗੀ ਦੇ ਰਾਹਾਂ ਵਿਚ………..

ਸਰਸਾ ਦੇ ਰੋੜ੍ਹ ਵਾਗੂੰ ਭੂਤਰੀ ਮਹਿੰਗਾਈ ਏ ।
ਜ਼ੁਲਮਾਂ ਦੀ ਕੰਧ ਸਾਡੇ ਗਲਾਂ ਤੀਕ ਆਈ ਏ ।
ਵਿਹਲੜਾਂ ਦੇ ਮੂੰਹਾਂ ਉਤੇ ਲਾਲੀ ਰੋਜ਼ ਚੜ੍ਹਦੀ ਏ,
ਲਹੂ ਜਦੋਂ ਕਾਮੇ ਦਾ ਸੜੇ ।
ਜ਼ਿੰਦਗੀ ਦੇ ਰਾਹਾਂ ਵਿਚ ਹੱਕਾਂ ਦੀਆਂ ਮੰਜ਼ਲਾਂ ਨੂੰ,
ਤੇਰਾ ਸਿੰਘ ਹੱਸ ਕੇ ਵਰੇ ।

ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਂ

ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲ੍ਹਾਂ ਵਿਚੋਂ ਨੀਰ ਵਗਿਆ ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ ‘ਜੱਗਿਆ’ ।

ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ,
ਮੇਰੀਏ ਜੁਆਨ ਕਣਕੇ ।
ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ,
ਤੂੰ ਸੋਨੇ ਦਾ ਪਟੋਲਾ ਬਣ ਕੇ ।
ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ,
ਓ ! ਮੇਰੇ ਬੇਜ਼ੁਬਾਨ ਢੱਗਿਆ ।
ਗਲ ਲੱਗ ਕੇ ਸੀਰੀ ਦੇ…

ਸਾਡਾ ਘੁੱਟੀਂ ਘੁੱਟੀਂ ਖ਼ੂਨ ਤੇਲ ਪੀ ਗਿਆ,
ਤੇ ਖ਼ਾਦ ਖਾ ਗਈ ਹੱਡ ਖਾਰ ਕੇ ।
ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ,
ਬੋਹਲ ਨੂੰ ਖੰਗੂਰਾ ਮਾਰ ਕੇ ।
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ,
ਕਿ ਸੱਧਰਾਂ ਨੂੰ ਲਾਂਬੂ ਲੱਗਿਆ ।
ਗਲ ਲੱਗ ਕੇ ਸੀਰੀ ਦੇ…

ਧੀਏ ਕਿਹੜੇ ਨੀ ਭੜੋਲੇ ਵਿਚ ਡੱਕ ਲਾਂ,
ਮੈਂ ਤੇਰੀਆਂ ਜੁਆਨ ਸੱਧਰਾਂ ।
ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ,
ਹੈ ਸਾਡੀਆਂ ਸਮਾਜੀ ਕਦਰਾਂ ।
ਧੀਏ ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ,
ਕਿਉਂ ਚੰਨ ਨੂੰ ਸਰਾਪ ਲੱਗਿਆ ?
ਗਲ ਲੱਗ ਕੇ ਸੀਰੀ ਦੇ…

ਸੁੱਕੇ ਜਾਣ ਨਾ ਬੋਹਲ੍ਹਾਂ ਦਾ ਮਾਰ ਮਗਰਾ,
ਜੋ ਮਾਰਦੇ ਨੇ ਜਾਂਦੇ ਚਾਂਗਰਾਂ ।
ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ,
ਹੈ ਖੇਤਾਂ ‘ਚ ਬਰੂਦ ਵਾਂਗਰਾਂ ।
ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾਂ,
ਜੋ ਮਿਹਨਤਾਂ ਨੂੰ ਮਾਖੋਂ ਲੱਗਿਆ ।
ਗਲ ਲੱਗ ਕੇ ਸੀਰੀ ਦੇ।

ਫਿਰ ਮਿਲਦੇ ਹਾਂ ਸ਼ਾਮੀਂ
ਸੰਤ ਰਾਮ ਉਦਾਸੀ ਜਨਮ ਦਿਵਸ
ਯਾਦਗਾਰੀ ਸਮਾਗਮ ਵਿੱਚ। ਪ੍ਰਧਾਨਗੀ ਡਾ: ਸ ਪ ਸਿੰਘ ਕਰਨਗੇ।
ਉੱਘੇ ਵਿਦਵਾਨ ,ਕਵੀ ਤੇ ਗਾਇਕ ਭਾਗ ਲੈਣਗੇ।

ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਅਸੋਸੀਏਸ਼ਨ ਦੇ ਸਹਿਯੋਗ ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦੇ 80 ਵੇਂ ਜਨਮ ਦਿਵਸ ਮੌਕੇ ਆਨਲਾਈਨ ਸਮਾਗਮ 20 ਅਪ੍ਰੈਲ, 2021 ਸ਼ਾਮ 06:00 ਵਜੇ ਕਰਵਾਇਆ ਜਾ ਰਿਹਾ ਹੈ ਜਿਸ ਦੀ ਪ੍ਰਧਾਨਗੀ ਡਾ. ਸ. ਪ. ਸਿੰਘ
ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਕਰਨਗੇ ਜਦ ਕਿ ਮੁੱਖ ਭਾਸ਼ਨ ਡਾ. ਹਰਿੰਦਰ ਕੌਰ ਸੋਹਲ ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ
ਅੰਮ੍ਰਿਤਸਰ ਸੰਤ ਰਾਮ ਉਦਾਸੀ: ਜੀਵਨ ਤੇ ਲੋਕ ਧਾਰਾਈ ਕਾਵਿ ਅਧਿਐਨ ਵਿਸ਼ੇ ਤੇ ਦੇਣਗੇ। ਪੰਜਾਬੀ ਕਹਾਣੀਕਾਰ ਤੇ ਸੰਤ ਰਾਮ ਉਦਾਸੀ ਕਾਵਿ ਆਲੋਚਨਾ ਦੇ ਸੰਪਾਦਕ ਅਜਮੇਰ ਸਿੱਧੂ ਸੰਪਾਦਕ ਰਾਗ ਵਿਸ਼ੇਸ਼ ਮਹਿਮਾਨ ਵਜੋਂ ਸਮੇਟਵੀਂ ਚਰਚਾ ਕਰਨਗੇ।
ਸੰਤ ਰਾਮ ਉਦਾਸੀ ਦੇ ਗੀਤਾਂ ਨੂੰ ਗਾਇਨ ਰਾਹੀਂ ਪਹੁੰਚਾਉਣ ਵਾਲੇ ਪੰਜਾਬੀ ਲੋਕ ਗਾਇਕ ਜਸਬੀਰ ਜੱਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਉਦਾਸੀ ਜੀ ਦੇ ਗੀਤਾਂ ਦੀਆਂ ਵੰਨਗੀਆਂ ਪੇਸ਼ ਕਰਨਗੇ।
ਕਵੀ ਦਰਬਾਰ ਵਿੱਚ ਬੂਟਾ ਸਿੰਘ ਚੌਹਾਨ ਗੁਰਚਰਨ ਕੌਰ ਕੋਚਰ ਡਾ. ਦੇਵਿੰਦਰ ਦਿਲਰੂਪ ਅਮਨਦੀਪ ਟੱਲੇਵਾਲੀਆ ਦਲਜਿੰਦਰ ਰਹਿਲ ਤ੍ਰੈਲੋਚਨ ਲੋਚੀ ਮਨਜਿੰਦਰ ਧਨੋਆ ਅਮਰਜੀਤ ਸ਼ੇਰਪੁਰੀ ,ਰਵੀਦੀਪ ਰਵੀ ਕਰਮਜੀਤ ਗਰੇਵਾਲ, ਡਾ: ਅਸ਼ਵਨੀ ਭੱਲਾ ਤੇ ਗੁਰਭਜਨ ਗਿੱਲ ਸ਼ਾਮਿਲ ਹੋਣਗੇ।
ਇਸ ਸਮਾਗਮ ਵਿੱਚ ਸੰਤ ਰਾਮ ਉਦਾਸੀ ਦੇ ਸਭ ਤੋਂ ਵੱਧ ਗੀਤ ਗਾਉਣ ਵਾਲੇ ਗਾਇਕ ਸ਼ਿੰਗਾਰਾ ਸਿੰਘ ਚਾਹਲ,ਵਿਜੈ ਯਮਲਾ ਜੱਟ ਪੰਜਾਬੀ ਯੂਨੀਵਰਸਿਟੀ,ਰਾਮ ਸਿੰਘ ਅਲਬੇਲਾ ਟੱਲੇਵਾਲੀਆ ਕਵੀਸ਼ਰੀ ਜਥਾ ਤੇ ਪ੍ਰੋ: ਸ਼ੁਭਾਸ਼ ਦੁੱਗਲ ਜਲੰਧਰ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ।
ਇਸ ਸਮਾਗਮ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਪਰਿਵਾਰ ਵੀ ਸ਼ਾਮਿਲ ਹੋ ਰਿਹਾ ਹੈ।

Advertisement
Advertisement
Advertisement
Advertisement
Advertisement
error: Content is protected !!