ਐਸ.ਐਸ.ਪੀ ਗੋਇਲ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਪਿਆ ਸਫਲਤਾ ਦਾ ਬੂਰ,,,,
ਹਰਿੰਦਰ ਨਿੱਕਾ/ਮਨੀ ਗਰਗ , ਬਰਨਾਲਾ 9 ਅਪ੍ਰੈਲ 2021
ਐਸ.ਐਸ.ਪੀ ਸੰਦੀਪ ਗੋਇਲ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਦਾ ਬੂਰ ਪੈਂਦਾ ਨਜ਼ਰ ਆਇਆ, ਜਦੋਂ ਜਿਲ੍ਹੇ ਦੀਆਂ 20 ਪੰਚਾਇਤਾਂ ਨੇ ਐਸ.ਐਸ.ਪੀ. ਗੋਇਲ ਨੂੰ ਮਤੇ ਪਾ ਕੇ ਕਿਹਾ ਕਿ ਸਾਡੇ ਪਿੰਡਾਂ ਵਿੱਚੋਂ ਕੋਈ ਵੀ ਵਿਅਕਤੀ ਨਾ ਤਾਂ ਨਸ਼ਾ ਸੌਦਾਗਰਾਂ ਦੀ ਪੈਰਵੀ ਕਰੇਗਾ ਤੇ ਨਾ ਹੀ ਉਨਾਂ ਦੀ ਜਮਾਨਤ ਅਤੇ ਗਵਾਹੀ ਦੇਵੇਗਾ। ਬਲਾਕ ਸ਼ਹਿਣਾ ਅਤੇ ਮਹਿਲ ਕਲਾਂ ਅਧੀਨ ਪੈਂਦੀਆਂ 20 ਪੰਚਾਇਤਾਂ ਨੇ ਸਰਕਾਰੀ ਹਾਈ ਸਕੂਲ ਟੱਲੇਵਾਲ ਵਿਖੇ ਸਾਦਾ ਤੇ ਬੇਹੱਦ ਪ੍ਰਭਾਵਸ਼ਾਲੀ ਸਮਾਰੋਹ ਕਰਕੇ ਮਤਿਆਂ ਦੀਆਂ ਕਾਪੀਆਂ ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੂੰ ਸੌਪ ਦਿੱਤੀਆਂ। ਵੱਡੇ-ਵੱਡੇ ਖੱਬੀਖਾਨ ਨਸ਼ਾ ਸੌਦਾਗਰਾਂ ਨੂੰ ਫੜ੍ਹ-ਫੜ੍ਹ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਤੁੰਨ ਕੇ ਨਸ਼ਾ ਵਿਰੋਧੀ ਮੁਹਿੰਮ ਨੂੰ ਸ਼ਿਖਰ ਤੇ ਲੈ ਜਾਣ ਵਾਲੇ ਐਸ.ਐਸ.ਪੀ ਸੰਦੀਪ ਗੋਇਲ ਨੇ ਆਪਣੇ ਸੰਬੋਧਨ ਵਿੱਚ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਨੂੰ ਹੁਣ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ।
ਸ੍ਰੀ ਗੋਇਲ ਨੇ ਕਿਹਾ ਕਿ ਨਸ਼ਿਆਂ ਦੀ ਤੇਜ਼ੀ ਨਾਲ ਅੱਗੇ ਫੈਲ ਰਹੀ ਅੱਗ ਨੂੰ ਰੋਕਣ ਲਈ, ਲੋਕਾਂ ਨੂੰ ਖੁਦ ਵੀ ਮੋਹਰੀ ਭੂਮਿਕਾ ਵਿੱਚ ਆਉਣ ਮੋਰਚਾ ਸਾਂਭਣ ਦੀ ਲੋੜ ਹੈ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਲੋਕ ਨਸ਼ਿਆਂ ਦੀ ਫੈਲ ਰਹੀ ਅੱਗ ਨੂੰ ਰੋਕਣ ਦੀ ਬਜਾਏ ਅਵੇਸਲੇ ਬੈਠੇ ਵੇਖਦੇ ਹੀ ਰਹੇ ਤਾਂ ਉਹ ਦਿਨ ਦੂਰ ਨਹੀਂ , ਜਦੋਂ ਨਸ਼ਿਆਂ ਦੀ ਇਹ ਅੱਗ ਸਾਡੇ ਆਪਣੇ ਘਰਾਂ ਦੇ ਧੁਰ ਅੰਦਰ ਤੱਕ ਵੜ੍ਹ ਕੇ ਜੁਆਨੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਤਬਾਹ ਕਰ ਦੇਵੇਗੀ। ਉਨਾਂ ਕਿਹਾ ਕਿ ਨਸ਼ਿਆਂ ਦੀ ਅੱਗ ਇਨ੍ਹਾਂ ਭਿਆਣਕ ਰੂਪ ਧਾਰਨ ਕਰ ਚੁੱਕੀ ਹੈ ਕਿ ਹੁਣ ਇਕੱਲੀ ਪੁਲਿਸ ਦੇ ਭਰੋਸੇ ਤੇ ਰਹਿ ਕੇ ਇਸ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਉਨਾਂ ਕਿਹਾ ਕਿ ਨਸ਼ਿਆਂ ਦੇ ਨਾਸ਼ ਲਈ ਸਾਨੂੰ ਹੌਂਸਲੇ ਤੇ ਜਨੂੰਨ ਨਾਲ ਨਸ਼ਿਆਂ ਖਿਲਾਫ ਸ਼ੁਰੂ ਹੋਈ ਲੜਾਈ ਦੇ ਮੈਦਾਨ ਵਿੱਚ ਹਰ ਮੋਰਚੇ ਤੇ ਡਟਣ ਦੀ ਜਰੂਰਤ ਹੈ।
ਗੋਇਲ ਨੇ ਨਸ਼ਾ ਸੌਦਾਗਰਾਂ ਖਿਲਾਫ ਮਤੇ ਪਾਉਣ ਵਾਲੀਆਂ 20 ਪੰਚਾਇਤਾਂ ਦੀ ਸਰਾਹਣੀ ਕਰਦਿਆਂ ਅਤੇ ਵਧਾਈ ਦਿੰਦਿਆਂ ਕਿਹਾ ਕਿ ਜਦੋਂ ਨਸ਼ਾ ਸੌਦਾਗਰਾਂ ਨੂੰ ਇਹ ਪਤਾ ਲੱਗ ਗਿਆ ਕਿ ਹੁਣ ਕੋਈ ਉਨਾਂ ਦੀ ਪੈਰਵੀ ਕਰਨ ਵਾਲਾ, ਜਮਾਨਤ ਅਤੇ ਗਵਾਹੀ ਦੇਣ ਵਾਲਾ ਹੀ ਨਹੀਂ ਰਿਹਾ ਹੈ ਤਾਂ ਉਹ ਖੁਦ ਹੀ ਨਸ਼ੇ ਵੇਚਣ ਤੋਂ ਤੌਬਾ ਕਰ ਦੇਣਗੇ । ਉਨਾਂ ਕਿਹਾ ਕਿ 20 ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਮਤੇ ਪਾਉਣ ਦੀ ਜੋ ਨਵੀਂ ਪਿਰਤ ਪਾਈ ਹੈ। ਇਸ ਦਾ ਅਸਰ ਜਿਲ੍ਹੇ ਦੇ ਹੋਰ ਪਿੰਡਾਂ ਤੇ ਸ਼ਹਿਰਾਂ ਵਿੱਚ ਵੀ ਲਾਜ਼ਿਮੀ ਪਵੇਗਾ। ਉਨਾਂ ਜਿਲ੍ਹੇ ਦੀਆਂ ਹੋਰ ਪੰਚਾਇਤਾਂ ਅਤੇ ਸ਼ਹਿਰੀ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਿਲ੍ਹੇ ਦੀ ਜੁਆਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਨਸ਼ਾ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਡੱਕਣ ਲਈ ਸਹਿਯੋਗ ਦੇਣ ਲਈ ਅੱਗੇ ਆਉਣ। ਉਨਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਬਾਰੇ ਪੁਲਿਸ ਨੂੰ ਸੂਚਨਾ ਤੁਸੀਂ ਦਿਉਂ, ਬਿਨਾਂ ਕਿਸੇ ਢਿੱਲ ਅਤੇ ਦੇਰੀ ਤੋਂ ਕਾਰਵਾਈ ਅਸੀਂ ਕਰਾਂਗੇ ।
ਕੋਵਿਡ ਦੀ ਦੂਜੀ ਲਹਿਰ ਤੋਂ ਬਚਾਅ ਲਈ ਵਧੇਰੇ ਇਹਤਿਆਤ ਦੀ ਲੋੜ-ਐਸ.ਐਸ.ਪੀ. ਗੋਇਲ
ਐਸ.ਐਸ.ਪੀ ਸੰਦੀਪ ਗੋਇਲ ਨੇ 20 ਪੰਚਾਇਤਾਂ ਨੂੰ 4 ਹਜ਼ਾਰ ਮਾਸਕ, 2 ਹਜ਼ਾਰ ਸਾਬਣਾਂ ਅਤੇ 1 ਹਜ਼ਾਰ ਸੈਨੇਟਾਈਜ਼ਰ ਵੀ ਵੰਡੇ। ਉਨਾਂ ਮਜਾਕੀਆ ਲਹਿਜੇ ਵਿੱਚ ਕਿਹਾ ਕਿ ਅਸੀਂ ਪੰਜਾਬੀ ਹਾਂ,ਕਿਸੇ ਦੇ ਜਾਣ ਸਮੇਂ ਖਾਲੀ ਹੱਥ ਨਹੀਂ ਆਉਂਦੇ। ਇਸ ਲਈ ਕੋਵਿਡ ਤੋਂ ਬਚਾਅ ਲਈ ਸਮੱਗਰੀ ਵੀ ਪੰਚਾਇਤਾਂ ਨੂੰ ਦੇਣ ਲਈ ਲੈ ਕੇ ਆਏ ਹਾਂ। ਗੋਇਲ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਪਹਿਲਾਂ ਤੋਂ ਵੀ ਵਧੇਰੇ ਖਤਰਨਾਕ ਹੈ। ਵਧੇਰੇ ਖਤਰੇ ਨੂੰ ਭਾਂਪਦਿਆਂ ਸਾਨੂੰ ਪਹਿਲਾਂ ਤੋਂ ਵੀ ਵਧੇਰੇ ਇਹਤਿਆਤ ਰੱਖਣ ਦੀ ਲੋੜ ਹੈ। ਇਸ ਮੌਕੇ ਐਸ.ਪੀ. ਪੀਬੀਆਈ ਜਗਵਿੰਦਰ ਸਿੰਘ ਚੀਮਾ, ਡੀਐਸਪੀ ਕੁਲਦੀਪ ਸਿੰਘ,ਡੀਐਸਪੀ ਬ੍ਰਿਜ਼ ਮੋਹਨ, ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਥਾਣਾ ਟੱਲੇਵਾਲ ਦੇ ਐਸ.ਐਚ.ਉ ਸਬ ਇੰਸਪੈਕਟਰ ਕ੍ਰਿਸ਼ਨ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।
ਪੰਚਾਇਤੀ ਨੁਮਾਇੰਦਿਆਂ ਨੇ ਕਿਹਾ, ਨਸ਼ਾ ਵੇਚਣ ਵਾਲਿਆਂ ਦੀ ਪੁਲਿਸ ਨੂੰ ਦਿਆਂਗੇ ਸੂਚਨਾ,,
ਸਮਾਰੋਹ ਵਿੱਚ ਪਹੁੰਚੇ ਪੰਚਾਇਤੀ ਨੁਮਾਇੰਦਿਆਂ ਨੇ ਪੁਲਿਸ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਨਸ਼ਾ ਵੇਚਣ ਵਾਲਿਆਂ ਬਾਰੇ ਪੁਲਿਸ ਨੂੰ ਸੂਚਿਤ ਕਰਦੇ ਰਹਿਣਗੇ। ਇਸ ਮੌਕੇ ਪੰਚਾਇਤਾਂ ਨੇ ਨਸ਼ਿਆਂ ਖਿਲਾਫ ਜਬਰਦਸਤ ਮੁਹਿੰਮ ਜਾਰੀ ਰੱਖਣ ਲਈ ਐਸ.ਐਸ.ਪੀ. ਸੰਦੀਪ ਗੋਇਲ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ। ਪ੍ਰੋਗਰਾਮ ਵਿੱਚ ਪਹੁੰਚੇ ਇੱਕ ਅਧਿਆਪਕ ਨੇ ਐਸ.ਐਸ.ਪੀ ਨੂੰ ਕਿਹਾ! ਸਰ ਮੈਂ ਧੌਲੇ ਸਕੂਲ ਵਿੱਚ ਲੱਗਿਆ ਹੋਇਆ ਹਾਂ, ਸਿਰਫ ਤੁਹਾਡੀ ਸਪੀਚ ਸੁਣਨ ਲਈ, ਬਰਨਾਲਾ ਤੋਂ ਉਚੇਚੇ ਤੌਰ ਤੇ ਟੱਲੇਵਾਲ ਪਹੁੰਚਿਆਂ ਹਾਂ। ਅਧਿਆਪਕ ਦੀ ਗੱਲ ਦੇ ਜੁਆਬ ਵਿੱਚ ਸ੍ਰੀ ਗੋਇਲ ਨੇ ਕਿਹਾ, ਮੈਂ ਕੋਈ ਭਾਸ਼ਣ ਨਹੀਂ ਦਿੰਦਾ, ਸਿਰਫ ਸਮਾਜ ਦੇ ਦਰਦ ਨੂੰ ਦਰਦ ਸਮਝ ਕੇ ਆਪਣਾ ਫਰਜ਼ ਪਛਾਣਦਿਆਂ ਨਸ਼ਿਆਂ ਖਿਲਾਫ ਮੈਦਾਨ ਵਿੱਚ ਉਤਰਿਆ ਹਾਂ। ਉਨਾਂ ਕਿਹਾ ਕਿ ਜਦੋਂ ਮੈਂ ਕਿਸੇ ਨੌਜਵਾਨ ਦੀ ਨਸ਼ੇ ਨਾਲ ਹੋਈ ਮੌਤ ਬਾਰੇ ਸੁਣਦਾ ਜਾਂ ਵੇਖਦਾ ਹਾਂ ਤਾਂ ਮੈਂਨੂੰ ਇਉਂ ਲੱਗਦੈ, ਜਿਵੇਂ ਨਸ਼ੇ ਦੀ ਦਲਦਲ ਵਿੱਚ ਫਸਿਆ ਵਿਅਕਤੀ ਮੇਰਾ ਆਪਣਾ ਹੀ ਹੈ। ਉਨਾਂ ਕਿਹਾ ਮਾਸਟਰ ਜੀ, ਤੁਸੀਂ ਵੀ ਆਪਣੇ ਸਕੂਲ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗ੍ਰਿਤ ਕਰਕੇ ਲੋਕ ਲਹਿਰ ਬਣਾਉਣ ਵਿੱਚ ਯੋਗਦਾਨ ਪਾਉ। ਇਹ ਗੱਲ ਸੁਣਦਿਆਂ ਹੀ, ਮਾਸਟਰ ਜੀ ਦੇ ਚਿਹਰੇ ਤੇ ਉਤਸ਼ਾਹ ਅਤੇ ਮੋਢਿਆ ਤੇ ਪਈ ਜਿੰਮੇਵਾਰੀ ਦਾ ਅਹਿਸਾਸ ਸਾਫ ਝਲਕ ਰਿਹਾ ਸੀ।
ਬਈ ਹੁਣ ਤਾਂ ਗੱਲ ਵਿਆਹੁਣੀ ਪਊ!
ਸਮਾਗਮ ਤੋਂ ਬਾਅਦ ਬੀਬੀ ਦਾੜ੍ਹੀ ਤੇ ਹੱਥ ਫੇਰਦਿਆਂ ਜੰਗ ਸਿੰਘ ਨੇ ਕਿਹਾ, ਛੋਟਿਆ, ਪਹਿਲਾਂ ਤਾਂ ਆਪਣੇ ਪਿੰਡਾਂ ਵਿੱਚ ਕੋਈ ਥਾਣੇਦਾਰ ਜਾਂ ਐਸ.ਐਚ.ਉ ਆ ਕੇ ਗੱਲਬਾਤ ਕਰਦਾ ਹੁੰਦਾ ਸੀ। ਆਹ ਤਾਂ ਵੱਡਾ ਅਫਸਰ ਖੁਦ ਹੀ ਆ ਗਿਆ, ਆਪਣੇ ਕੋਲ ਚੱਲਕੇ, ਹੁਣ ਤਾਂ ਗੱਲ ਵਿਆਹੁਣੀ ਪਊ। ਯਾਰ ਭਲਾ ਨਸ਼ੇ ਵੇਚ ਵੇਚ ਕੇ ਚੋਬਰਾਂ ਦੀ ਜਿੰਦਗੀ ਖਰਾਬ ਕਰਨ ਵਾਲੇ, ਆਪਣੇ ਕੀ ਲੱਗਦੇ ਨੇ, ,,ਆਉ ਇਕੱਠੇ ਹੋ ਕੇ ਫੜ੍ਹਾਈਏ ਆਪਾਂ ਪੁਲਿਸ ਨੂੰ।