33 ਲੱਖ 40 ਹਜ਼ਾਰ ਰੁਪਏ ਦੀ ਠੱਗੀ ਦੇ ਦੋਸ਼ ‘ਚ ਪਤਨੀ ਸਣੇ 5 ਖਿਲਾਫ ਕੇਸ ਦਰਜ਼
ਹਰਿੰਦਰ ਨਿੱਕਾ , ਬਰਨਾਲਾ 9 ਅਪ੍ਰੈਲ 2021
ਆਈਲੈਟਸ ਦੇ ਬੇਸ ਤੇ ਆਪਣੇ ਪਤੀ ਦੇ ਰੁਪੱਈਆਂ ਤੇ ਕਨੇਡਾ ਪਹੁੰਚੀ ਪਤਨੀ ਨੇ ਵਿਦੇਸ਼ੀ ਧਰਤੀ ਤੇ ਪੈਰ ਧਰਦਿਆਂ ਹੀ ਅੱਖਾਂ ਫੇਰ ਲਈਆਂ ਤੇ ਪਤੀ ਦਾ ਫੋਨ ਬਲੌਕ ਕਰਕੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਪਤਨੀ ਦੇ ਰਵੱਈਏ ਤੋਂ ਖਫਾ ਹੋਏ ਪਤੀ ਨੇ ਖੁਦ ਨਾਲ ਹੋਈ ਠੱਗੀ ਦੀ ਸ਼ਕਾਇਤ ਪੁਲਿਸ ਨੂੰ ਕਰ ਦਿੱਤੀ। ਆਖਿਰ ਪੁਲਿਸ ਨੇ ਕਨੇਡਾ ਰਹਿੰਦੀ ਪਤਨੀ ਸਮੇਤ ਉਸ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ਼ ਕਰ ਦਿੱਤਾ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਕੁਲਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਬਡਬਰ ਨੇ ਦੱਸਿਆ ਕਿ ਉਸ ਦੀ ਸ਼ਾਦੀ 13 ਫਰਵਰੀ 2019 ਨੂੰ ਹਰਮਨਦੀਪ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਸੰਗਰੂਰ ਹਾਲ ਅਬਾਦ ਕਨੇਡਾ ਨਾਲ ਹੋਈ ਸੀ।
ਸ਼ਾਦੀ ਸਮੇਂ ਹਰਮਨਦੀਪ ਕੌਰ ਦੇ ਪਿਤਾ ਮਹਿੰਦਰ ਸਿੰਘ ਪੁੱਤਰ ਬਚਨ ਸਿੰਘ, ਮਾਂ ਮਨਪ੍ਰੀਤ ਕੌਰ ਅਤੇ ਭਰਾ ਗਿੰਨੀ ਸਿੰਘ ਵਾਸੀ ਗਲੀ ਨੰਬਰ 03 ਅਫ਼ਸਰ ਕਲੋਨੀ ਸੰਗਰੂਰ ਨੇ ਹਰਮਨਦੀਪ ਕੌਰ ਨਾਲ ਵਿਆਹ ਕਰਕੇ ਵਿਦੇਸ਼ ਭੇਜਣ ਦੇ ਨਾਮ ਤੇ 33 ਲੱਖ 40 ਹਜ਼ਾਰ ਰੁਪਏ ਲੈ ਲਏ। ਪਰੰਤੂ ਹਰਮਨਜੀਤ ਕੌਰ ਨੇ ਵਿਆਹ ਕਰਵਾ ਕੇ ਕਨੇਡਾ ਪਹੁੰਚ ਗਈ। ਪਰੰਤੂ ਉੱਥੇ ਜਾ ਕੇ ਉਸ ਨੇ ਮੇਰਾ ਫੋਨ ਬਲੌਕ ਕਰਕੇ ਗੱਲਬਾਤ ਬੰਦ ਕਰ ਦਿੱਤੀ । ਇਸ ਤਰਾਂ ਹਰਮਨਦੀਪ ਕੌਰ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਸਾਜਿਸ਼ ਤਹਿਤ ਉਸ ਨਾਲ ਠੱਗੀ ਮਾਰ ਲਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਗੁਰਤੇਜ ਸਿੰਘ ਨੇ ਦੱਸਿਆ ਕਿ ਸ਼ਕਾਇਤ ਦੀ ਪੜਤਾਲ ਤੋਂ ਬਾਅਦ ਹਰਮਨਦੀਪ ਕੌਰ, ਉਸਦੇ ਪਿਤਾ ਮਹਿੰਦਰ ਸਿੰਘ ਪੁੱਤਰ ਬਚਨ ਸਿੰਘ, ਮਾਂ ਮਨਪ੍ਰੀਤ ਕੌਰ ਅਤੇ ਭਰਾ ਗਿੰਨੀ ਸਿੰਘ ਦੇ ਖਿਲਾਫ ਅਧੀਨ ਜੁਰਮ 420/406/120 ਬੀ ਆਈਪੀਸੀ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।