ਅਨਾਜ ਘਰ ਘਰ ਪਹੁੰਚਾਉਣ ਦੇ ਨਾਲ ਨਾਲ ਕੁਕਿੰਗ ਰਾਸ਼ੀ ਖਾਤਿਆਂ ’ਚ ਪਾਈ ਗਈ: ਜ਼ਿਲਾ ਸਿੱਖਿਆ ਅਧਿਕਾਰੀ
ਰਘਵੀਰ ਹੈਪੀ , ਬਰਨਾਲਾ, 9 ਅਪਰੈਲ 2021
ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2020-21 ਦੌਰਾਨ ਕੋਰੋਨਾ ਪਾਬੰਦੀਆਂ ਦੇ ਚੱਲਦਿਆਂ ਜ਼ਿਲਾ ਬਰਨਾਲਾ ਵਿਚ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਸਕੂਲਾਂ ਦੀ ਤਾਲਾਬੰਦੀ ਦੌਰਾਨ ਵੀ ਵਿਦਿਆਰਥੀਆਂ ਨੂੰ ਮਿਡ-ਡੇਅ-ਮੀਲ ਦਾ ਅਨਾਜ ਅਤੇ ਕੁਕਿੰਗ ਰਾਸ਼ੀ ਮੁਹੱਈਆ ਕਰਵਾਈ ਗਈ।
ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ. ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕੀਤੀ ਤਾਲਾਬੰਦੀ ਦੇ ਸਮੇਂ ਦੌਰਾਨ ਜਿੱਥੇ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਨਲਾਈਨ ਪੜਾਈ ਜਾਰੀ ਰੱਖੀ ਗਈ, ਉੱਥੇ ਹੀ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਨੂੰ ਘਰਾਂ ਵਿੱਚ ਹੀ ਅਨਾਜ ਵਜੋਂ ਕਣਕ ਅਤੇ ਚੌਲ ਮੁਹੱਈਆ ਕਰਵਾਏ ਗਏ। ਇਸ ਮੌਕੇ ਮਿਡ-ਡੇਅ-ਮੀਲ ਦੀ ਕੁਕਿੰਗ ਰਾਸ਼ੀ ਕਿਸ਼ਤਾਂ ਵਿੱਚ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਜਮਾਂ ਕਰਵਾਈ ਗਈ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸੈਸ਼ਨ 2020-21 ’ਚ ਤਾਲਾਬੰਦੀ ਦੌਰਾਨ ਜ਼ਿਲੇ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ 19618 ਵਿਦਿਆਰਥੀਆਂ ਨੂੰ ਮਹੀਨਾਵਾਰ ਵੰਡ ਅਨੁਸਾਰ ਕਿਸ਼ਤਾਂ ਵਿੱਚ ਪ੍ਰਤੀ ਵਿਦਿਆਰਥੀ ਕੁੱਲ 21 ਕਿਲੋ ਅਨਾਜ ਅਤੇ 1100 ਰੁਪਏ ਖਾਤੇ ਵਿੱਚ ਸਿੱਧੇ ਜਮਾਂ ਕਰਵਾਏ ਗਏ। ਇਸ ਤਰਾਂ ਜ਼ਿਲੇ ਦੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਕੁੱਲ 2,15,79,800 ਰੁਪਏ ਸਿੱਧੇ ਜਮਾਂ ਕਰਵਾਏ ਗਏ।
ਇਸੇ ਤਰਾਂ ਜ਼ਿਲੇ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਕੁੱਲ 13785 ਵਿਦਿਆਰਥੀਆਂ ਦੇ ਖਾਤਿਆਂ ਵਿੱਚ ਮਹੀਨਾਵਾਰ ਵੰਡ ਅਨੁਸਾਰ ਸਕੂਲ ਤਾਲਾਬੰਦੀ ਦੇ ਸਮੇਂ ਲਈ ਪ੍ਰਤੀ ਵਿਦਿਆਰਥੀ ਕੁੱਲ 1600 ਰੁਪਏ ਕੁਕਿੰਗ ਰਾਸ਼ੀ ਵਜੋਂ ਕਿਸ਼ਤਾਂ ਵਿੱਚ ਜਮਾਂ ਕਰਵਾਏ ਗਏ, ਜਦਕਿ ਪ੍ਰਤੀ ਵਿਦਿਆਰਥੀ ਕੁੱਲ 31 ਕਿਲੋ ਅਨਾਜ ਕਿਸ਼ਤਾਂ ਦੇ ਰੂਪ ਵਿੱਚ ਵਿਦਿਆਰਥੀਆਂ ਦੇ ਘਰਾਂ ਤੱਕ ਪਹੁੰਚਦਾ ਕੀਤਾ ਗਿਆ।