ਹਰਿੰਦਰ ਨਿੱਕਾ, ਬਰਨਾਲਾ 5 ਨਵੰਬਰ 2024
ਸ੍ਰੋਮਣੀ ਅਕਾਲੀ ਦਲ ਵੱਲੋਂ ਜਿਮਨੀ ਚੋਣਾਂ ਦੇ ਐਨ ਮੌਕੇ ਤੇ ਚੋਣ ਮੈਦਾਨ ‘ਚੋਂ ਹਟ ਜਾਣ ਲਈ ਅਖਤਿਆਰ ਕੀਤੇ ਅਣਕਿਆਸੇ ਪੈਂਤੜੇ ਨੇ ਅਕਾਲੀ ਵੋਟਰਾਂ ਦੀ ਟੌਹਰ ਪਹਿਲਾਂ ਤੋਂ ਵੀ ਜਿਆਦਾ ਵਧਾ ਦਿੱਤੀ ਹੈ। ਚੋਣ ਮੈਦਾਨ ਵਿੱਚ ਡਟੀਆਂ ਤਿੰਨੋਂ ਪ੍ਰਮੁੱਖ ਕੌਮੀ ਰਾਜਨੀਤਿਕ ਪਾਰਟੀਆਂ ਭਾਜਪਾ, ਕਾਂਗਰਸ, ਆਪ ਅਤੇ ਆਪ ਤੋਂ ਬਾਗੀ ਹੋ ਕੇ ਚੋਣ ਮੈਦਾਨ ਵਿੱਚ ਅਜ਼ਾਦ ਉਮੀਦਵਾਰ ਵਜੋਂ ਨਿੱਤਰੇ ਗੁਰਦੀਪ ਸਿੰਘ ਬਾਠ ਨੇ ਅਕਾਲੀ ਦਲ ਦੀਆਂ ਵੋਟਾਂ ਹਾਸਿਲ ਕਰਨ ਲਈ ਜੋੜ-ਤੋੜ ਅਤੇ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜ ਕੋਣੇ ਮੁਕਾਬਲੇ ਵਿੱਚ ਬਰਨਾਲਾ ਹਲਕੇ ਅੰਦਰ ਅਕਾਲੀ ਦਲ ਦੀਆਂ ਕਰੀਬ 27 ਹਜ਼ਾਰ ਵੋਟਾਂ ਨਿਰਣਾਇਕ ਤਾਂ ਹਨ ਹੀ, ਸਭ ਉਮੀਦਵਾਰਾਂ ਦੀ ਅੱਖ ਇਹ ਵੋਟਾਂ ਤੇ ਹੀ ਟਿਕੀ ਹੋਈ ਹੈ। ਜਿੱਤ ਲਈ ਸਿਰ ਤੋੜ ਯਤਨ ਕਰ ਰਹੇ ਆਪ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ, ਭਾਜਪਾ ਉਮੀਦਵਾਰ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ, ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਅਤੇ ਗੁਰਦੀਪ ਸਿੰਘ ਬਾਠ, ਹਲਕੇ ਦੇ ਵੱਡੇ ਅਕਾਲੀ ਲੀਡਰਾਂ ਨਾਲ ਆਪੋ-ਆਪਣੇ ਪੱਧਰ ਤੇ ਸੰਪਰਕ ਸਾਧਿਆ ਜਾ ਰਿਹਾ ਹੈ। ਪਰੰਤੂ ਐਲਾਨੀਆਂ ਤੌਰ ਤੇ ਹਾਲੇ ਤੱਕ ਅਕਾਲੀ ਲੀਡਰਸ਼ਿਪ ਵੱਲੋਂ ਕਿਸੇ ਵੀ ਉਮੀਦਵਾਰ ਦੀ ਮੱਦਦ ਦਾ ਐਲਾਨ ਨਹੀਂ ਕੀਤਾ ਗਿਆ। ਨਾ ਹੀ ਨੇੜ ਭਵਿੱਖ ਵਿੱਚ ਅਜਿਹਾ ਐਲਾਨ ਹੋਣ ਦੀ ਕੋਈ ਸੰਭਾਵਨਾ ਹੈ। ਪਰੰਤੂ ਸਾਰੇ ਹੀ ਉਮੀਦਵਾਰ ਸਿੱਧੇ ਜਾਂ ਅਸਿੱਧੇ ਢੰਗ ਨਾਲ, ਚੋਣ ਮੈਦਾਨ ਵਿੱਚੋਂ ਲਾਂਭੇ ਹੋਏ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨਾਲ ਮਿਲ ਕੇ, ਆਪਣੀ ਹਮਾਇਤ ਲਈ ਯਤਨ ਕਰ ਵੀ ਚੁੱਕੇ ਹਨ। ਪਤਾ ਇਹ ਵੀ ਲੱਗਿਆ ਹੈ ਕਿ ਹਾਲੇ ਤੱਕ ਕੁਲਵੰਤ ਸਿੰਘ ਕੀਤੂ ਵੱਲੋਂ ਸਾਰਿਆਂ ਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ, ਕਿਸੇ ਨੂੰ ਮੱਦਦ ਲਈ ਹਾਮੀ ਨਹੀਂ ਭਰੀ। ਕੀਤੂ ਤੇ ਅਜਿਹੇ ਰੁੱਖ ਨੂੰ ਭਾਂਪਦਿਆਂ ਸਾਰੇ ਹੀ ਉਮੀਦਵਾਰਾਂ ਨੇ ਹਲਕੇ ਅੰਦਰ ਵਿਚਰਦੇ, ਅਕਾਲੀ ਆਗੂ ਤੇ ਜਿਲਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਖਾਲਸਾ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਅਤੇ ਜੋੜ ਤੋੜ ਲਈ ਮਾਹਿਰ ਸਮਝੇ ਜਾਂਦੇ ਅਕਾਲੀ ਆਗੂ ਜਤਿੰਦਰ ਜਿੰਮੀ ਤੇ ਵੀ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਪਰੰਤੂ ਹਾਲੇ ਤੱਕ, ਕਿਸੇ ਵੀ ਆਗੂ ਨੇ ਆਪਣੇ ਪੱਤੇ ਨਹੀਂ ਖੋਹਲੇ, ਅਕਾਲੀ ਦਲ ਦੇ ਲੀਡਰਾਂ ਦੀ ਧਾਰੀ ਚੁੱਪ ਨੇ ਉਮੀਦਵਾਰਾਂ ਨੂੰ ਉਲਝਾਇਆ ਹੋਇਆ ਹੈ।
ਕੀਤੂ ਨਾਲ ਵੱਖ ਵੱਖ ਉਮੀਦਵਾਰਾਂ ਵੱਲੋਂ ਸੰਪਰਕ ਕਰਨ ਦੀ ਪੁਸ਼ਟੀ ਕੀਤੂ ਤੇ ਨੇੜਲੇ ਸ਼ੰਕਰ ਸ਼ਰਮਾ ਨੇ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰ ਹੀ ਸੰਪਰਕ ਕਰ ਰਹੇ ਹਨ, ਪਰ ਹਾਲੇ ਤੱਕ ਕਿਸੇ ਨੂੰ ਵੀ ਮੱਦਦ ਕਰਨ ਦਾ ਭਰੋਸਾ ਨਹੀਂ ਦਿੱਤਾ ਗਿਆ। ਕਾਫੀ ਲੰਬੇ ਅਰਸੇ ਤੋਂ ਅਕਾਲੀ ਦਲ ਦੇ ਨੁਮਾਇੰਦੇ ਵਜੋਂ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਬਹੁਚਰਚਿਤ ਮੈਂਬਰ ਜਤਿੰਦਰ ਜਿੰਮੀ ਨੇ ਗੱਲਬਾਤ ਦੌਰਾਨ ਕਿਹਾ ਕਿ ਅਕਾਲੀ ਦਲ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ, ਵੋਟਾਂ ਨਾ ਪਾਉਣ ਦਾ ਨਹੀਂ, ਅਕਾਲੀ ਲੀਡਰ ਤੇ ਵਰਕਰਾਂ ਦਾ ਲੋਕਤੰਤਰਿਕ ਪ੍ਰਣਾਲੀ ਵਿੱਚ ਪੂਰਾ ਭਰੋਸਾ ਹੈ, ਤੇ ਉਹ ਵੋਟਿੰਗ ਵੀ ਕਰਨਗੇ,ਪਰ ਵੋਟ ਕਿਸ ਨੂੰ ਪਾਉਣੀ ਹੈ, ਇਸ ਬਾਰੇ ਫੈਸਲਾ ਹੋਣਾ ਹਾਲੇ ਬਾਕੀ ਹੈ। ਜਿੰਮੀ ਨੇ ਵੀ ਕਿਹਾ ਕਿ ਮੇਰੇ ਨਾਲ ਵੀ ਕਈ ਉਮੀਦਵਾਰਾਂ ਨੇ ਆਪਣੇ ਹੱਕ ਵਿੱਚ ਵੋਟਾਂ ਭੁਗਤਾਉਣ ਲਈ ਸੰਪਰਕ ਕੀਤਾ ਹੈ,ਪਰੰਤੂ ਅਸੀਂ ਹਾਲੇ ਪਾਰਟੀ ਹਾਈਕਮਾਨ ਦੇ ਇਸ਼ਾਰੇ ਦਾ ਇੰਤਜ਼ਾਰ ਕਰ ਰਹੇ ਹਾਂ। ਜੇਕਰ ਪਾਰਟੀ ਹਾਈਕਮਾਨ ਕੋਈ ਫੈਸਲਾ ਨਹੀਂ ਕਰਦੀ ਤਾਂ ਹਲਕੇ ਦੇ ਲੀਡਰ ਆਪਸੀ ਸਹਿਮਤੀ ਨਾਲ ਵੀ ਕੋਈ ਨਿਰਣਾ ਲੈ ਸਕਦੇ ਹਨ। ਇਸ ਸਬੰਧੀ ਹਲਕੇ ਦੇ ਸਾਰੇ ਲੀਡਰਾਂ ਇੱਕ ਦੂਜੇ ਨਾਲ ਰਾਇ ਮਸ਼ਵਰਾ ਕਰ ਵੀ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਵੱਲੋਂ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਨੇ ਅਕਾਲੀ ਵੋਟਾਂ ਭੁਗਤਾਉਣ ਦੀ ਕਮਾਂਡ ਆਪਣੇ ਹੱਥ ਲਈ ਹੋਈ ਹੈ। ਗੋਵਿੰਦ ਸਿੰਘ ਸੰਧੂ ਦੇ ਪ੍ਰਚਾਰ ਵਿੱਚ ਸਾਬਕਾ ਐਮਪੀ ਤੇ ਲੋਕ ਸਭਾ ਹਲਕਾ ਸੰਗਰੂਰ ਦੀ ਦੋ ਵਾਰ ਨੁਮਾਇੰਦਗੀ ਕਰ ਚੁੱਕੇ ਸਿਮਰਨਜੀਤ ਸਿੰਘ ਮਾਨ ਵੀ ਕਾਫੀ ਸਰਗਰਮ ਭੂਮਿਕਾ ਅਦਾ ਕਰ ਰਹੇ ਹਨ। ਵਰਨਣਯੋਗ ਹੈ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ-ਬਸਪਾ ਦੇ ਉਮੀਦਵਾਰ ਕੁਲਵੰਤ ਸਿੰਘ ਕੀਤੂ ਬੇਸ਼ੱਕ ਗੁਰਮੀਤ ਸਿੰਘ ਮੀਤ ਹੇਅਰ ਤੋਂ ਕਰੀਬ 37 ਹਜ਼ਾਰ ਵੋਟਾਂ ਦੇ ਭਾਰੀ ਅੰਤਰ ਨਾਲ ਹਾਰ ਗਏ ਸਨ, ਪਰੰਤੂ ਉਹ ਦੂਜੇ ਨੰਬਰ ਤੇ ਰਹੇ ਸਨ, ਉਨਾਂ ਨੂੰ ਕਰੀਬ 27 ਹਜ਼ਾਰ ਵੋਟਾਂ ਪ੍ਰਾਪਤ ਹੋਈਆਂ ਸਨ।