ਹੁਣ 83 ਸਿਹਤ ਕੇਂਦਰਾਂ ਤੋਂ ਇਲਾਵਾ ਕੈਂਪਾਂ ਰਾਹੀਂ ਵੀ ਕੀਤਾ ਜਾ ਰਿਹੈ ਟੀਕਾਕਰਨ: ਡਿਪਟੀ ਕਮਿਸ਼ਨਰ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕੋਰਟ ਕੰਪਲੈਕਸ, ਸਬਜ਼ੀ ਮੰਡੀ ਸਣੇ ਵੱਖ-ਵੱਖ ਮੁਹੱਲਿਆਂ ਤੇ ਦਫਤਰਾਂ ਵਿਚ ਲੱਗੇ ਟੀਕਾਕਰਨ ਕੈਂਪ
ਹਰਿੰਦਰ ਬਰਨਾਲਾ, 9 ਅਪਰੈਲ 2021
ਜ਼ਿਲ੍ਹਾ ਬਰਨਾਲਾ ਵਿੱਚ ਕਰੋਨਾ ਵਾਇਰਸ ਵਿਰੁੱਧ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣ ਲਈ ਜਿੱਥੇ 83 ਟੀਕਾਕਰਨ ਸੈਂਟਰਾਂ ਵਿਚ ਇਹ ਸੁਵਿਧਾ ਮੁਹੱਈਆ ਕਰਾਈ ਜਾ ਰਹੀ ਹੈ, ਉਥੇ ਵੱਖ ਵੱਖ ਜਨਤਕ ਥਾਵਾਂ, ਸਰਕਾਰੀ ਦਫਤਰਾਂ ਅਤੇ ਮੁਹੱਲਿਆਂ/ਵਾਰਡਾਂ ਵਿੱਚ ਕੈਂਪ ਲਾਉਣ ਦਾ ਸਿਲਸਿਲਾ ਜਾਰੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੈਕਸੀਨ ਲਾਉਣ ਲਈ ਦਫਤਰ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਵਿੱਚ ਤਿੰਨ ਰੋਜ਼ਾ ਕੈਂਪ ਲਾਇਆ ਗਿਆ ਹੈ। ਇਸ ਕੈਂਪ ਦਾ ਲਾਹਾ ਉਠਾਉਦੇ ਹੋਏ ਵੱਡੀ ਗਿਣਤੀ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਤੇ ਆਂਗਣਵਾੜੀ ਵਰਕਰਾਂ ਨੇ ਵੈਕਸੀਨ ਲਵਾਈ ਹੈ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿੱਥੇ ਸਥਾਨਕ ਕੋਰਟ ਵਿਖੇ ਅੱਜ ਸਿਹਤ ਵਿਭਾਗ ਵੱਲੋਂ ਕੈਂਪ ਲਾਇਆ ਗਿਆ ਹੈ, ਉਥੇ ਸਬਜ਼ੀ ਮੰਡੀ ਬਰਨਾਲਾ ਵਿਚ ਅੱਜ ਸਵੇਰੇ ਕੈਂਪ ਲਾ ਕੇ ਸਬਜ਼ੀ ਵਿਕਰੇਤਾਵਾਂ ਦੇ 81 ਖੁਰਾਕਾਂ ਵੈਕਸੀਨ ਲਾਈ ਗਈ।
ਇਸ ਤੋਂ ਇਲਾਵਾ ਨਗਰ ਕੌਂਸਲ ਦਫਤਰ ਬਰਨਾਲਾ ਵਿਖੇ ਵੀ ਕੈਂਪ ਲਾਇਆ ਗਿਆ, ਜਿੱਥੇ ਦਫਤਰ ਦੇ ਅਧਿਕਾਰੀਆਂ, ਕਰਮਚਾਰੀਆਂ, ਸੈਨੀਟੇਸ਼ਨ ਸਟਾਫ ਤੇ ਸਫਾਈ ਕਰਮਚਾਰੀਆਂ ਦੇ ਵੈਕਸੀਨ ਲਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਪੜਾਅ ਤਹਿਤ ਫਰੰਟ ਲਾਈਨ ਵਰਕਰਾਂ ਅਤੇ 45 ਸਾਲ ਤੋਂ ਉਪਰ ਦੇ ਵਿਅਕਤੀਆਂ ਦੇ ਕਰੋਨਾ ਵਿਰੁੱਧ ਟੀਕਾਕਰਨ ਕੀਤਾ ਜਾ ਰਿਹਾ ਹੈ।ਹੁਣ ਤੱਕ ਲਾਈ ਜਾ ਚੁੱਕੀ ਹੈ 18787 ਖੁਰਾਕਾਂ ਵੈਕਸੀਨ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 8 ਅਪਰੈਲ ਤੱਕ ਕੁੱਲ 18,787 ਖੁਰਾਕਾਂ ਵੈਕਸੀਨ ਲਾਈ ਜਾ ਚੁੱਕੀ ਹੈ। ਇਨਾਂ ਵਿਚੋਂ ਫਰੰਟ ਲਾਈਨ ਵਰਕਰਾਂ ਦੀ ਗੱਲ ਕੀਤੀ ਜਾਵੇ ਤਾਂ 5469 ਦੇ ਪਹਿਲੀ ਖੁਰਾਕ ਅਤੇ 240 ਦੇ ਦੂਜੀ ਖੁਰਾਕ ਲਾਈ ਜਾ ਚੁੱਕੀ ਹੈ। 45 ਸਾਲ ਤੋਂ ਉਪਰ ਦੇ ਵਿਅਕਤੀਆਂ ਦੇ 10311 ਦੇ ਪਹਿਲੀ ਖੁਰਾਕ ਅਤੇ 195 ਦੇ ਦੂਜੀ ਖੁਰਾਕ ਵੈਕਸੀਨ ਲਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸਿਹਤ ਕਰਮੀਆਂ ਅਤੇ ਸੀਨੀਅਰ ਸਿਟੀਜ਼ਨਾਂ ਨੇ ਵੀ ਭਰਵਾਂ ਸਹਿਯੋਗ ਦਿੰਦੇ ਹੋਏ ਵੈਕਸੀਨ ਲਵਾਈ
ਹੈ।
45 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਵੈਕਸੀਨ ਲਵਾਉਣ ਦੀ ਅਪੀਲ
ਡਿਪਟੀ ਕਮਿਸ਼ਨਰ ਨੇ ਆਖਿਆ ਕਿ ਕਰੋਨਾ ਵੈਕਸੀਨ ਬਿਲਕੁਲ ਸੁਰੱਖਿਅਤ ਹੈ। ਉਨਾਂ ਕਿਹਾ ਕਿ ਸਿਹਤ ਕਰਮੀਆਂ, ਫਰੰਟ ਲਾਈਨ ਵਰਕਰਾਂ ਤੇ ਸੀਨੀਅਰ ਸਿਟੀਜ਼ਨਾਂ ਤੋਂ ਬਾਅਦ ਹੁਣ 45 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਦੇ ਵੈਕਸੀਨ ਲਾਈ ਜਾ ਰਹੀ ਹੈ। ਇਸ ਲਈ 45 ਸਾਲ ਤੋਂ ਉਪਰ ਦਾ ਹਰ ਵਿਅਕਤੀ ਬਿਨਾਂ ਕਿਸੇ ਡਰ ਤੋਂ ਇਹ ਵੈਕਸੀਨ ਜ਼ਰੂਰ ਲਵਾਵੇ ਤਾਂ ਜੋ ਕਰੋਨਾ ਦੇ ਖਤਰੇ ਨੂੰ ਟਾਲਿਆ ਜਾ ਸਕੇ।