ਜ਼ਿਲ੍ਹੇ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਨਾਈਟ ਕਰਫਿਊ
30 ਅਪਰੈਲ ਤੱਕ ਜਾਰੀ ਰਹਿਣਗੇ ਨਵੇਂ ਹੁਕਮ
ਹਰਿੰਦਰ ਨਿੱਕਾ, ਬਰਨਾਲਾ, 9 ਅਪਰੈਲ 2021
ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਚੰਡੀਗੜ ਵੱਲੋਂ ਰਾਜ ਵਿੱਚ ਕੋਵਿਡ-19 ਦੇ ਵਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਨਵੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲਾ ਬਰਨਾਲਾ ਵਿਚ ਸੀਆਰਪੀਸੀ 1973 ਦੀ ਧਾਰਾ 144 ਅਤੇ ਕੌਮੀ ਆਫਤ ਪ੍ਰਬੰਧਨ ਐਕਟ 2005 ਤਹਿਤ ਨਵੇਂ ਹੁਕਮ ਜਾਰੀ ਕੀਤੇ ਗਏ ਹਨ, ਜੋ 30 ਅਪਰੈਲ ਤੱਕ ਲਾਗੂ ਰਹਿਣਗੇ।
ਇਨਾਂ ਹੁਕਮਾਂ ਅਨੁਸਾਰ ਸਾਰੀਆਂ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਅਤੇ ਕਾਲਜ 30 ਅਪਰੈਲ ਤੱਕ ਬੰਦ ਰਹਿਣਗੇ, ਪਰ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਕੰਮਕਾਜ ਵਾਲੇ ਦਿਨਾਂ ਵਿਚ ਹਾਜ਼ਰ ਰਹੇਗਾ। ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲੇ ਰਹਿਣਗੇ। ਜ਼ਿਲੇ ਦੀ ਹਦੂਦ ਵਿੱਚ ਸਾਰੇ ਰਾਜਨੀਤਕ ਇਕੱਠਾਂ ’ਤੇ ਪੂਰਨ ਪਾਬੰਦੀ ਹੋਵੇਗੀ। ਇਨਾਂ ਹੁਕਮਾਂ ਦੀ ਉਲੰਘਣਾ ਵਿੱਚ ਜੇਕਰ ਕੋਈ ਇਕੱਠ ਕੀਤਾ ਜਾਂਦਾ ਹੈ ਤਾਂ ਇਕੱਠ ਕਰਨ ਵਾਲੇ ਪ੍ਰਬੰਧਕਾਂ, ਭਾਗ ਲੈਣ ਵਾਲਿਆਂ, ਇਕੱਠ ਲਈ ਜਗਾ ਅਤੇ ਟੈਂਟ ਵਗੈਰਾ ਮੁਹੱਈਆ ਕਰਵਾਉਣ ਵਾਲੇ ਮਾਲਕਾਂ ਨੂੰ ਕੋਤਾਹੀਕਾਰ ਮੰਨਦੇ ਹੋਏ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਅਜਿਹੇ ਸਥਾਨ ਤਿੰਨ ਮਹੀਨਿਆਂ ਲਈ ਸੀਲ ਕਰ ਦਿੱਤੇ ਜਾਣਗੇ।
ਰਾਤ 9:00 ਵਜੇ ਤੋਂ ਸਵੇਰੇ 5:00 ਵਜੇ ਤੱਕ ਨਾਈਟ ਕਰਫਿਊ 30 ਅਪਰੈਲ ਤੱਕ ਜਾਰੀ ਰਹੇਗਾ। ਨਾਈਟ ਕਰਫਿਊ ਦੌਰਾਨ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ’ਤੇ ਪਾਬੰਦੀ ਰਹੇਗੀ, ਪਰ ਜ਼ਰੂਰੀ ਗਤੀਵਿਧੀਆਂ ਸਮੇਤ ਫੈਕਟਰੀਆਂ ਵਿੱਚ ਸ਼ਿਫਟਾਂ ਦੇ ਸੰਚਾਲਨ, ਹਵਾਈ/ ਰੇਲ/ ਬੱਸ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਕਰਫਿਊ ਦੀਆਂ ਪਾਬੰਦੀਆਂ ਤੋਂ ਛੋਟ ਹੋਵੇਗੀ।
ਸਾਰੇ ਸਮਾਜਿਕ, ਸੱਭਿਆਚਾਰਕ ਤੇ ਖੇਡਾਂ ਨਾਲ ਸਬੰਧਤ ਇਕੱਠਾਂ ’ਤੇ ਪੂਰਨ ਪਾਬੰਦੀ ਹੋਵੇਗੀ। ਵਿਆਹ-ਸ਼ਾਦੀ ਅਤੇ ਅੰਤਿਮ ਸੰਸਕਾਰ/ਭੋਗ ਸਮਾਗਮ ਲਈ ਛੱਤ ਦੇ ਹੇੇਠ 50 ਅਤੇ ਖੁੱਲੀ ਜਗਾ ’ਤੇ ਹੋਣ ਵਾਲੇ ਸਮਾਗਮਾਂ ਵਿੱਚ 100 ਵਿਅਕਤੀਆਂ ਤੱਕ ਦੇ ਹੀ ਇਕੱਠ ਦੀ ਆਗਿਆ ਹੋਵੇਗੀ। ਸਾਰੇ ਸਿਨੇਮਾ ਹਾਲਾਂ, ਥੀਏਟਰਾਂ ਅਤੇ ਮਲਟੀਪਲੈਕਸਾਂ/ਮਾਲ ਵਿੱਚ 50 ਪ੍ਰਤੀਸ਼ਤ ਸਮਰੱਥਾ ਦੀ ਪਾਬੰਦੀ ਲਾਗੂ ਹੋਵੇਗੀ ਅਤੇ ਕਿਸੇ ਵੀ ਸਮੇਂ ਇਕ ਦੁਕਾਨ ਅੰਦਰ 10 ਤੋਂ ਵੱਧ ਵਿਅਕਤੀਆਂ ਦੇ ਜਾਣ ਦੀ ਆਗਿਆ ਨਹੀਂ ਹੋਵੇਗੀ।
ਸਾਰੇ ਸਰਕਾਰੀ ਦਫਤਰਾਂ ਵੱਲੋਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਵਰਚੂਅਲ/ਆਨਲਾਈਨ ਤਰਜੀਹ ਦਿੱਤੀ ਜਾਵੇਗੀ। ਹੁਕਮਾਂ ਵਿਚ ਕਿਹਾ ਕਿ ਮਾਲ ਵਿਭਾਗ ਵਿਚ ਹੋਣ ਵਾਲੇ ਪ੍ਰਾਪਰਟੀ ਦੇ ਖਰੀਦ-ਵੇਚ ਦੇ ਵਸੀਕਿਆਂ ਨੂੰ ਸੀਮਿਤ ਰੱਖਿਆ ਜਾਵੇ। ਕੋਵਿਡ-19 ਸਬੰਧੀ ਐਮਐਚਏ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ, ਜਨਤਕ ਥਾਵਾਂ ’ਤੇ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।