ਮਹਿਲ ਕਲਾਂ ‘ਚ ਹੋਈ ਕਾਂਗਰਸ ਦੇ ਟਕਸਾਲੀ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ
ਬੀਬੀ ਘਨੌਰੀ ਦੀਆਂ ਆਪ ਹੁਦਰੀਆਂ ਵਿਰੁੱਧ ਲਾਮਬੰਦੀ ਸ਼ੁਰੂ , ਕਿਸੇ ਯੋਗ ਆਗੂ ਨੂੰ ਮਹਿਲ ਕਲਾਂ ਦੀ ਕਮਾਨ ਸੌਂਪੇ ਜਾਣ ਦੀ ਮੰਗ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 1 ਅਪ੍ਰੈਲ 2021
ਅਗਾਮੀ ਚੋਣਾਂ ‘ਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਦੀ ਚੋਣ ਨੂੰ ਲੈ ਕੇ ਹੁਣ ਤੋਂ ਹੀ ਪਾਰਟੀ ਵਿੱਚ ਖਿੱਚੋਤਾਣ ਸ਼ੁਰੂ ਹੋ ਗਈ ਹੈ। ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੀ ਮਹਿਲ ਕਲਾਂ ਤੋਂ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਆਪਣੀ ਕਾਰਗੁਜ਼ਾਰੀ ਨਾਲ ਇਲਾਕੇ ਦੇ ਆਮ ਲੋਕਾਂ ਵਿੱਚ ਤਾਂ ਕੀ ਸਗੋਂ ਆਪਣੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਵੀ ਕਥਿਤ ਭਰੋਸਾ ਪੈਦਾ ਨਹੀਂ ਕਰ ਸਕੀ। ਜਿਸ ਦੇ ਸਿੱਟੇ ਵਜੋਂ ਬੀਬੀ ਘਨੌਰੀ ਵਿਰੁੱਧ ਬਗਾਵਤ ਦੀ ਸੁਲਗ ਰਹੀ ਚੰਗਿਆੜੀ ਹੁਣ ਭਾਂਬੜ ਬਣਨ ਲਈ ਤਿਆਰ ਹੋ ਚੁੱਕੀ ਹੈ। ਮਹਿਲ ਕਲਾਂ ਦੇ ਬਲਾਕ ਪ੍ਰਧਾਨ ਤੇਜਪਾਲ ਸੱਦੋਵਾਲ, ਸੀਨੀਅਰ ਆਗੂ ਮਹੰਤ ਗੁਰਮੀਤ ਸਿੰਘ ਠੀਕਰੀਵਾਲਾ, ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਜਸਵੰਤ ਸਿੰਘ ਜੌਹਲ ਪੰਡੋਰੀ,ਜਾਟ ਮਹਾਂ ਸਭਾ ਦੇ ਸੂਬਾਈ ਆਗੂ ਪਰਗਟ ਸਿੰਘ ਸਾਬਕਾ ਸਰਪੰਚ ਠੀਕਰੀਵਾਲ,ਸਾਬਕਾ ਬਲਾਕ ਪ੍ਰਧਾਨ ਜਗਰੂਪ ਸਿੰਘ ਕਲਾਲਮਾਜਰਾ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਬਰਨਾਲਾ ਦੇ ਮੈਂਬਰ ਬਲਜੀਤ ਸਿੰਘ ਨਿਹਾਲੂਵਾਲ ਦੀ ਸਾਂਝੀ ਅਗਵਾਈ ਹੇਠ ਇਲਾਕੇ ਦੇ ਸੀਨੀਅਰ ਟਕਸਾਲੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ।
ਮੀਟਿੰਗ ਵਿੱਚ ਹਾਜ਼ਰ ਟਕਸਾਲੀ ਆਗੂਆਂ ਅਤੇ ਵਰਕਰਾਂ ਨੇ ਕਾਂਗਰਸ ਦੀ ਹਲਕਾ ਇੰਚਾਰਜ ਬੀਬੀ ਘਨੌਰੀ ਦੀਆਂ ਆਪ ਹੁਦਰੀਆਂ ਵਿਰੁੱਧ ਆਪਣੀ ਭੜਾਸ ਕੱਢਦਿਆਂ ਕਾਂਗਰਸ ਹਾਈ ਕਮਾਨ ਤੋਂ ਮੰਗ ਕੀਤੀ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਹਲਕਾ ਮਹਿਲ ਕਲਾਂ ਤੋਂ ਬੀਬੀ ਘਨੌਰੀ ਦੀ ਥਾਂ ਕਿਸੇ ਯੋਗ ਅਤੇ ਚੰਗੇ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਤੇਜਪਾਲ ਸੱਦੋਵਾਲ, ਮਹੰਤ ਗੁਰਮੀਤ ਸਿੰਘ ਠੀਕਰੀਵਾਲ, ਜਸਵੰਤ ਸਿੰਘ ਜੌਹਲ ਪੰਡੋਰੀ, ਪਰਗਟ ਸਿੰਘ ਠੀਕਰੀਵਾਲ, ਜਗਰੂਪ ਸਿੰਘ ਕਲਾਲਮਾਜਰਾ ਬਲਜੀਤ ਸਿੰਘ ਨਿਹਾਲੂਵਾਲ, ਸਾਬਕਾ ਸਰਪੰਚ ਹਰਭੁਪਿੰਦਰਜੀਤ ਸਿੰਘ ਲਾਡੀ, ਸਰਪੰਚ ਰਣਧੀਰ ਸਿੰਘ ਦੀਵਾਨਾ, ਬਲਾਕ ਸੰਮਤੀ ਦੇ ਡਿਪਟੀ ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ ਆਪ ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਦੀ ਹਲਕਾ ਇੰਚਾਰਜ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਕਾਂਗਰਸ ਪਾਰਟੀ ਦੀ ਚਡ਼੍ਹਦੀ ਕਲਾ ਲਈ ਕੰਮ ਕਰਨ ਵਾਲੇ ਟਕਸਾਲੀ ਆਗੂਆਂ ਨੂੰ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਬੀਬੀ ਘਨੌਰੀ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਲਾਕੇ ਦੇ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਕੋਈ ਪੁੱਛ ਪ੍ਰਤੀਤ ਨਹੀਂ ਹੈ। ਉਕਤ ਆਗੂਆਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਿਰੋਧੀ ਨਹੀਂ ਹਨ ਪਰ ਉਹ ਬੀਬੀ ਘਨੌਰੀ ਦੀ ਘਟੀਆ ਕਾਰਗੁਜ਼ਾਰੀ ਅਤੇ ਟਕਸਾਲੀ ਆਗੂਆਂ ਵਰਕਰਾਂ ਨੂੰ ਜਾਣਬੁੱਝ ਕੇ ਜ਼ਲੀਲ ਕਰਨ ਦੀ ਨੀਤੀ ਦਾ ਵਿਰੋਧ ਕਰਦੇ ਹਨ।
ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਬੀਬੀ ਘਨੌਰੀ ਤੋਂ ਬਿਨਾਂ ਹੋਰ ਜੋ ਵੀ ਉਮੀਦਵਾਰ ਮਹਿਲ ਕਲਾਂ ਹਲਕੇ ਵਿਚ ਭੇਜੇਗੀ, ਸਾਰੇ ਆਗੂ ਤੇ ਵਰਕਰ ਪੂਰੀ ਤਨਦੇਹੀ ਨਾਲ ਕਾਂਗਰਸ ਪਾਰਟੀ ਦੀ ਜਿੱਤ ਵਿਚ ਆਪਣਾ ਯੋਗਦਾਨ ਪਾਉਣਗੇ।ਮੀਟਿੰਗ ਦੌਰਾਨ ਹੋਏ ਫੈਸਲੇ ਅਨੁਸਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਕਿਸੇ ਯੋਗ ਉਮੀਦਵਾਰ ਨੂੰ ਟਿਕਟ ਦਿਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਕਾਂਗਰਸ ਹਾਈ ਕਮਾਂਡ ਨਾਲ ਦਿੱਲੀ ਵਿਖੇ ਮਿਲ ਕੇ ਹਲਕੇ ਦੀ ਸਮੁੱਚੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ ਤਾਂ ਕਿ ਮਹਿਲ ਕਲਾਂ ਦੇ ਲੋਕਾਂ ਨੂੰ ਭਵਿੱਖ ਵਿੱਚ ਕੋਈ ਚੰਗਾ ਅਤੇ ਯੋਗ ਲੀਡਰ ਮਿਲ ਸਕੇ।ਆਗੂਆਂ ਨੇ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਤ ਇਕ ਹਲਕਾ ਪੱਧਰੀ ਵੱਡੀ ਮੀਟਿੰਗ ਕੀਤੀ ਜਾਵੇਗੀ ਤਾਂ ਕਿ ਕਾਂਗਰਸ ਹਾਈ ਕਮਾਨ ਨੂੰ ਟਕਸਾਲੀ ਵਰਕਰਾਂ ਤੇ ਆਗੂਆਂ ਦੀ ਭਾਵਨਾਵਾਂ ਦੱਸੀਆਂ ਜਾ ਸਕਣ ।
ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਫਿਰ ਵੀ ਕਾਂਗਰਸ ਹਾਈ ਕਮਾਨ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਭਾਵਨਾ ਅਨੁਸਾਰ ਕੋਈ ਸਹੀ ਫ਼ੈਸਲਾ ਨਾ ਲਿਆ ਤਾਂ ਉਹ ਆਪਣੀ ਅਗਲੀ ਰਣਨੀਤੀ ਲਈ ਸਖ਼ਤ ਫੈਸਲੇ ਲੈਣਗੇ ।ਇਸ ਮੌਕੇ ਚੇਤਨ ਸਿੰਘ ਕਲਾਲਮਾਜਰਾ, ਪ੍ਰੀਤਮ ਸਿੰਘ ਬੀਹਲਾ,ਸਾਬਕਾ ਸਰਪੰਚ ਮਨਜੀਤ ਸਿੰਘ ਚੌਹਾਨਕੇ,ਜਸਪਾਲ ਸਿੰਘ ਸੇਖੋਂ’ਕੁਲਵੰਤ ਸਿੰਘ ਮੱਲੀਆਂ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ। ਇਸ ਸਬੰਧੀ ਬੀਬੀ ਘਨੌਰੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ,ਪਰੰਤੂ ਕੋਈ ਸੰਪਰਕ ਨਹੀਂ ਹੋ ਸਕਿਆ।