ਹਰਿੰਦਰ ਨਿੱਕਾ, ਬਰਨਾਲਾ 1 ਅਪ੍ਰੈਲ 2021
ਜਿਲ੍ਹੇ ਦੇ ਬਹੁਚਰਚਿਤ ਤਾਂਤਰਿਕ ਗੈਂਗਰੇਪ ਕੇਸ ਨੂੰ ਦਰਜ਼ ਕਰਨ ‘ਚ ਕਥਿਤ ਲਾਪਰਵਾਹੀ ਵਰਤਣ ਲਈ ਨਾਮਜਦ ਦੋਸ਼ੀ ਥਾਣਾ ਸਿਟੀ 1 ਬਰਨਾਲਾ ਦੇ ਤਤਕਾਲੀਨ ਐਡੀਸ਼ਨਲ ਐਸ.ਐਚ.ਉ SI ਗੁਲਾਬ ਸਿੰਘ ਨੂੰ ਹਾਈਕੋਰਟ ਤੋਂ ਵੱਡੀ ਮਿਲੀ ਰਾਹਤ ਮਿਲ ਗਈ ਹੈ। ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਐਸ.ਆਈ. ਗੁਲਾਬ ਸਿੰਘ ਦੀ ਗਿਰਫਤਾਰੀ ਤੇ 3 ਮਈ ਤੱਕ ਰੋਕ ਲਾ ਦਿੱਤੀ ਹੈ। ਮਾਨਯੋਗ ਹਾਈਕੋਰਟ ਦੇ ਜਸਟਿਸ ਰਾਜ ਮੋਹਨ ਸਿੰਘ ਦੀ ਅਦਾਲਤ ਨੇ ਇਹ ਹੁਕਮ SI ਗੁਲਾਬ ਸਿੰਘ ਵੱਲੋਂ ਦਾਇਰ ਅਗਾਊਂ ਜਮਾਨਤ ਦੀ ਸੁਣਵਾਈ ਉਪਰੰਤ ਦਿੱਤਾ ਹੈ। ਜਸਟਿਸ ਰਾਜ ਮੋਹਨ ਸਿੰਘ ਨੇ ਪੁਲਿਸ ਨੂੰ 3 ਮਈ ਨੂੰ ਅਦਾਲਤ ਵਿੱਚ ਰਿਕਾਰਡ ਪੇਸ਼ ਕਰਨ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਹੈ। SI ਗੁਲਾਬ ਸਿੰਘ ਦੀ ਜਮਾਨਤ ਦੀ ਅਰਜੀ ਸੀਨੀਅਰ ਐਡਵੋਕੇਟ ਪਵਨ ਕੁਮਾਰ ਤੇ ਐਡਵੋਕੇਟ ਸੂਰਿਆ ਕੁਮਾਰ ਨੇ ਦਾਇਰ ਕੀਤੀ ਸੀ, ਜਿੰਨਾਂ ਦੀਆਂ ਠੋਸ ਦਲੀਲਾਂ ਨਾਲ ਸਹਮਿਤ ਹੁੰਦਿਆਂ ਮਾਨਯੋਗ ਜਸਟਿਸ ਰਾਜ ਮੋਹਨ ਸਿੰਘ ਨੇ ਗੁਲਾਬ ਸਿੰਘ ਨੂੰ ਇਹ ਰਾਹਤ ਦਿੱਤੀ ਹੈ ।
ਮਨੁੱਖੀ ਅਧਿਕਾਰਾਂ ਲਈ ਮੋਹਰੀ ਭੂਮਿਕਾ ਨਿਭਾਉਣ ਵਾਲੇ ਡਾ.ਮਲਕੀਤ ਸਿੰਘ ਗੁਰੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਤਾਂਤਰਿਕ ਗੈਂਗਰੇਪ ਮਾਮਲੇ ਦੀ ਕਾਫੀ ਡੂੰਘਾਈ ਨਾਲ ਆਪਣੀ ਟੀਮ ਸਮੇਤ ਪੜਤਾਲ ਕੀਤੀ ਸੀ। ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਅਨੁਸਾਰ ਐਸ.ਆਈ ਗੁਲਾਬ ਸਿੰਘ ਨੂੰ ਗਹਿਰੀ ਸਾਜਿਸ਼ ਤਹਿਤ ਕੇਸ ਵਿੱਚ ਨਾਮਜਦ ਕੀਤਾ ਗਿਆ ਸੀ। ਉਨਾਂ ਕਿਹਾ ਕਿ ਗੁਲਾਬ ਸਿੰਘ ਨਾ ਕੇਸ ਦਾ ਤਫਤੀਸ਼ ਅਧਿਕਾਰੀ ਸੀ ਅਤੇ ਨਾ ਹੀ ਉਸ ਨੇ ਪੀੜਤਾ ਦੇ ਬਿਆਨ ਇਲਾਕਾ ਮਜਿਸਟ੍ਰੇਟ ਦੀ ਅਦਾਲਤ ਵਿੱਚ ਕਲਮਬੰਦ ਕਰਵਾਏ ਸਨ । ਉਨਾਂ ਕਿਹਾ ਕਿ ਗੁਲਾਬ ਸਿੰਘ ਉਦੋਂ ਐਡੀਸ਼ਨਲ ਐਸਐਚਉ ਵੀ ਨਹੀਂ ਸਨ। ਡਾਕਟਰ ਮਲਕੀਤ ਸਿੰਘ ਅਤੇ ਉਨਾਂ ਦੀ ਟੀਮ ਦੇ ਮੈਂਬਰ ਜਗਜੀਤ ਸਿੰਘ ਨੇ ਦੱਸਿਆ ਕਿ ਗੁਲਾਬ ਸਿੰਘ ਗਰੀਬ ਦਲਿਤ ਪਰਿਵਾਰ ਨਾਲ ਸਬੰਧਿਤ ਹੈ।
ਵਰਨਣਯੋਗ ਹੈ ਕਿ ਪੱਤੀ ਰੋਡ ਖੇਤਰ ਦੀ ਰਹਿਣ ਵਾਲੀ ਕਰੀਬ 22 ਕੁ ਵਰਿਆਂ ਦੀ ਦਲਿਤ ਲੜਕੀ ਦੇ ਬਿਆਨ ਤੇ ਤਾਂਤਰਿਕ ਗੈਂਗਰੇਪ ਕੇਸ ਵਿੱਚ ਹੁਣ ਤੱਕ ਤਾਂਤਰਿਕ ਮਨੋਜ ਬਾਬਾ ਸਮੇਤ ਕੁੱਲ 8 ਦੋਸ਼ੀ ਗਿਰਫ਼ਤਾਰ ਹੋ ਚੁੱਕੇ ਹਨ। ਜਦੋਂਕਿ 2 ਹੋਰ ਪੁਲਿਸ ਕਰਮਚਾਰੀਆਂ ਸਮੇਤ ਕਈ ਨਾਮਜਦ ਦੋਸ਼ੀਆਂ ਦੇ ਸਿਰ ਤੇ ਗਿਰਫਤਾਰੀ ਦੀ ਤਲਵਾਰ ਹਾਲੇ ਵੀ ਲਟਕ ਰਹੀ ਹੈ। ਜਿਕਰਯੋਗ ਹੈ ਕਿ ਇਸੇ ਕੇਸ ਵਿੱਚ ਨਾਮਜ਼ਦ ਦੋਸ਼ੀ ਧਰਮਿੰਦਰ ਘੜੀਆਂ ਵਾਲੇ ਦੀ ਗਿਰਫਤਾਰੀ ਤੇ ਵੀ ਜਸਟਿਸ ਰਾਜ ਮੋਹਨ ਸਿੰਘ ਦੀ ਅਦਾਲਤ ਨੇ ਹੀ 3 ਮਈ ਤੱਕ ਰੋਕ ਲਗਾ ਦਿੱਤੀ ਸੀ। ਹੁਣ ਧਰਮਿੰਦਰ ਘੜੀਆਂ ਵਾਲਾ ਅਤੇ ਐਸ.ਆਈ. ਗੁਲਾਬ ਸਿੰਘ ਦੀਆਂ ਅਗਾਉਂ ਜਮਾਨਤਾਂ ਦੇ ਸੁਣਵਾਈ 3 ਮਈ ਨੂੰ ਹੀ ਹੋਵੇਗੀ।