ਚੰਦ ਸਿੰਘ ਚੋਪੜਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ‘ਚੋਂ ਕੀਤਾ ਖਾਰਜ
ਰਘਵੀਰ ਹੈਪੀ , ਬਰਨਾਲਾ, 1 ਅਪ੍ਰੈਲ 2021
ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਮੀਡੀਆ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਬਕਾ ਐਮ.ਐਲ.ਏ. ਚੰਦ ਸਿੰਘ ਚੋਪੜਾ ਦਾ ਸੀਪੀਆਈ(ਐਮ) ਨਾਲ ਹੁਣ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੂੰ ਪਾਰਟੀ ਨਿਯਮਾਂ ਦੀ ਉਲੰਘਣਾ ਕਰਨ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ । ਇਸ ਸਬੰਧ ਵਿੱਚ ਪਾਰਟੀ ਦੇ ਸੂਬਾ ਦਫ਼ਤਰ ਬਾਬਾ ਕਰਮ ਸਿੰਘ ਚੀਮਾ ਭਵਨ ਵਿਖੇ ਕਾਮਰੇਡ ਲਹਿੰਬਰ ਸਿੰਘ ਤੱਗੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ, ਜਿਸ ਵਿੱਚ ਪੋਲਿਟ ਬਿਊਰੋ ਮੈਂਬਰ ਅਤੇ ਪਾਰਟੀ ਦੇ ਸੂਬਾ ਇੰਚਾਰਜ ਕਾਮਰੇਡ ਨਿਲੋਤਪਾਲ ਬਾਸੂ ਵੀ ਸ਼ਾਮਲ ਹੋਏ।
ਕਾਮਰੇਡ ਸੇਖੋਂ ਨੇ ਦੱਸਿਆ ਕਿ ਸੰਵਿਧਾਨ ਦੀ ਧਾਰਾ-20 ਦੀ ਉਪ ਧਾਰਾ-5 ਅਤੇ ਇਸ ਅਧੀਨ ਬਣਾਏ ਗਏ ਨਿਯਮ 3 ਅਨੁਸਾਰ ਕਮਿਊਨਿਸਟ ਲੈਜੀਸਲੇਚਰਾਂ ਅਤੇ ਲੋਕਲ ਬਾਡੀ ਮੈਂਬਰਾਂ ਵੱਲੋਂ ਲਈ ਜਾਂਦੀ ਤਨਖਾਹ, ਪੈਨਸ਼ਨ ਅਤੇ ਭੱਤੇ ਪਾਰਟੀ ਦਾ ਪੈਸਾ ਮੰਨੇ ਜਾਂਦੇ ਹਨ। ਪਾਰਟੀ ਹੀ ਕਮੇਟੀ ਮੈਂਬਰਾਂ ਦਾ ਵੇਜ ਭੱਤਾ ਨਿਸ਼ਚਿਤ ਕਰਦੀ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਚੰਦ ਸਿੰਘ ਚੋਪੜਾ ਤਿੰਨ ਵਾਰ ਵਿਧਾਇਕ ਰਹੇ ਹਨ ਤੇ ਉਨ੍ਹਾਂ ਨੂੰ ਇਸ ਹਿਸਾਬ ਨਾਲ ਹੀ ਪੈਨਸ਼ਨ ਮਿਲਦੀ ਹੈ , ਜੋ ਪਾਰਟੀ ਨਿਯਮਾਂ ਅਨੁਸਾਰ ਪਾਰਟੀ ਕੋਲ ਹੀ ਜਮ੍ਹਾਂ ਕਰਵਾਉਣੀ ਹੁੰਦੀ ਹੈ। ਪਰ ਚੰਦ ਸਿੰਘ ਚੋਪੜਾ ਨੇ ਪਾਰਟੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪੈਨਸ਼ਨ ਪਾਰਟੀ ਕੋਲ ਜਮ੍ਹਾਂ ਨਹੀਂ ਕਰਵਾਈ। ਇਸ ਲਈ ਸੂਬਾ ਕਮੇਟੀ ਵੱਲੋਂ ਸਰਬਸੰਮਤੀ ਨਾਲ ਲਏ ਗਏ ਫੈਸਲੇ ਅਨੁਸਾਰ ਚੰਦ ਸਿੰਘ ਚੋਪੜਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵਿੱਚੋਂ ਖਾਰਜ ਕਰ ਦਿੱਤਾ ਗਿਆ। ਕਾਮਰੇਡ ਸੇਖੋਂ ਨੇ ਸਮੁੱਚੀ ਪਾਰਟੀ ਵਰਕਰਾਂ ਨੂੰ ਕਿਹਾ ਕਿ ਚੰਦ ਸਿੰਘ ਚੋਪੜਾ ਨਾਲ ਕੋਈ ਸਬੰਧ ਨਾ ਰੱਖਿਆ ਜਾਵੇ।