E ਪੰਜਾਬ ਪੋਰਟਲ ਤੇ ਅਸਾਮੀਆਂ ਚੁੱਕਣ ਅਤੇ ਦੂਸਰੇ ਸਕੂਲਾਂ ਵਿਚ ਦੇਣ ਨਾਲ ਚੱਕਰਾਂ ‘ਚ ਪੈ ਗਏ ਸਕੂਲ ਮੁਖੀ ,,
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋਂ ਵੱਡੇ ਪੱਧਰ ਤੇ ਅਸਾਮੀਆਂ ਨਾਲ ਛੇੜਛਾੜ
ਬੀ.ਟੀ.ਐਨ. ਅੰਮ੍ਰਿਤਸਰ,29 ਮਾਰਚ 2021
ਆਨਲਾਈਨ ਬਦਲੀਆਂ ਅਤੇ ਸਕੂਲਾਂ ਵਿੱਚੋਂ ਹਜ਼ਾਰਾਂ ਅਸਾਮੀਆਂ ਦੀ ਚੁੱਪਚਾਪ ਕੀਤੀ ਗਈ ਸ਼ਿਫਟਿੰਗ ਸੰਬੰਧੀ ਅੱਜ ਡੀ.ਟੀ.ਐਫ ਪੰਜਾਬ ਜ਼ਿਲਾ ਅੰਮ੍ਰਿਤਸਰ ਇਕਾਈ ਦੀ ਇਕ ਹੰਗਾਮੀ ਮੀਟਿੰਗ ਸੂਬਾ ਵਿੱਤ ਸਕੱਤਰ-ਕਮ-ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਜੀ ਦੀ ਯੋਗ ਅਗਵਾਈ ਹੇਠ ਕੰਪਨੀ ਬਾਗ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਾਣੂ ਕਰਾਉਂਦਿਆਂ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਦਿਨੀਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰ ਰਹੇ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਬਦਲੀਆਂ ਆਨਲਾਈਨ ਪ੍ਰਣਾਲੀ ਰਾਹੀਂ ਕੀਤੀਆਂ ਗਈਆਂ। ਜਿਸ ਵਿਚ ਅਨੇਕਾਂ ਊਣਤਾਈਆਂ ਪਾਈਆਂ ਗਈਆਂ ਹਨ।
ਉਣਤਾਈਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕੀ ਪੋਰਟਲ ਉੱਤੇ ਅਧਿਆਪਕ ਵੱਲੋਂ ਕੁੱਲ ਪ੍ਰਾਪਤ ਅੰਕਾਂ ਅਤੇ ਅੰਕਾਂ ਦੇ ਵੇਰਵਿਆਂ ਬਾਰੇ ਕੋਈ ਸਪਸ਼ਟਤਾ ਨਹੀਂ ਹੈ, ਜਿਸ ਕਰਕੇ ਲੰਬੇ ਸਮੇਂ ਤੋਂ ਆਪਣੇ ਗ੍ਰਹਿ ਜ਼ਿਲਿਆਂ ਤੋਂ ਸੈਂਕੜੇ ਕਿਲੋਮੀਟਰ ਦੂਰ ਬੈਠੇ ਅਧਿਆਪਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਆਪਣੇ ਗ੍ਰਹਿ ਜ਼ਿਲ੍ਹਿਆਂ ਤੋਂ ਦੂਰ ਸੇਵਾ ਨਿਭਾ ਰਹੇ 3582 ਭਰਤੀ, 6060 ਭਰਤੀ ਦੇ ਅਧਿਆਪਕਾਂ ਆਦਿ ਨੂੰ ਆਨਲਾਈਨ ਬਦਲੀ ਨੀਤੀ ਵਿਚ ਕੁਝ ਵੀ ਰਾਹਤ ਨਹੀਂ ਮਿਲ ਸਕੀ। ਆਨਲਾਈਨ ਬਦਲੀਆਂ ਦੌਰਾਨ ਅਧਿਆਪਕਾਂ ਨੂੰ ਦਿੱਤੇ ਗਏ ਅੰਕਾਂ ਬਾਰੇ ਕੋਈ ਵੇਰਵਾ ਸਪੱਸ਼ਟ ਨਹੀਂ। ਇਸ ਦੇ ਨਾਲ 2019 ਵਿਚ 3582 ਅਧਿਆਪਕਾਂ ਅਤੇ ਹੋਰ ਸਕੀਮਾਂ ਦੇ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਸਨ ਜੋ ਲਾਗੂ ਨਹੀਂ ਕੀਤੀਆਂ ਗਈਆਂ , ਕਿਉਂਕਿ ਉਸ ਸਮੇਂ ਉਨ੍ਹਾਂ ਦਾ ਬਦਲਵਾਂ ਪ੍ਰਬੰਧ ਨਹੀਂ ਸੀ।
ਅੱਜ ਦੋ ਸਾਲ ਬੀਤ ਜਾਣ ਬਾਅਦ ਦੀ ਸਥਿਤੀ ਜਿਉਂ ਦੀ ਤਿਉਂ ਹੀ ਹੈ। ਪੰਜਾਬ ਸਰਕਾਰ ਆਪਣੇ ਰੁਜ਼ਗਾਰ ਮੁਹੱਈਆ ਕਰਾਉਣ ਦੇ ਵਾਅਦੇ ਤੇ ਨਾਕਾਮਯਾਬ ਹੋਈ ਜਿਸ ਦਾ ਨਤੀਜਾ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਕੰਮ ਕਰ ਰਹੇ ਅਧਿਆਪਕਾਂ ਨੂੰ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਆਨਲਾਈਨ ਪ੍ਰਣਾਲੀ ਰਾਹੀਂ ਕੀਤੀਆਂ ਬਦਲੀਆਂ ਵਿੱਚ ਮਰਦ ਅਧਿਆਪਕਾਂ ਦੇ ਅੰਕ ਬਹੁਤ ਘੱਟ ਲਗਾਏ ਗਏ ਹਨ ਜਿਸ ਕਾਰਨ ਉਨ੍ਹਾਂ ਦੀ ਭਵਿੱਖ ਵਿਚ ਵੀ ਛੇਤੀ ਬਦਲੀ ਹੋਣ ਦਾ ਕੋਈ ਅਸਰ ਨਜ਼ਰ ਨਹੀਂ ਆਉਂਦਾ। ਜਿੱਥੇ ਸਿੱਖਿਆ ਵਿਭਾਗ ਨੂੰ ਇਹ ਵਿਚਾਰ ਕਰਨਾ ਬਣਦਾ ਹੈ ਕਿ ਆਪਣੇ ਗ੍ਰਹਿ ਜ਼ਿਲਿਆਂ ਤੋਂ ਸੈਂਕੜੇ ਕਿਲੋਮੀਟਰ ਦੂਰ ਦੂਸਰਿਆਂ ਜ਼ਿਲ੍ਹਿਆਂ ਵਿਚ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਤਰਜੀਹ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਘਰ ਦੀ ਦੂਰੀ ਦੇ ਹਿਸਾਬ ਨਾਲ ਅੰਕ ਪ੍ਰਣਾਲੀ ਸੈੱਟ ਕੀਤੀ ਜਾਵੇ।
ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਾਜਧਾਨ, ਗੁਰਦੇਵ ਸਿੰਘ ਅਤੇ ਹਰਜਾਪ ਸਿੰਘ ਬੱਲ ਨੇ ਦੱਸਿਆ ਹਾਲ ਹੀ ਵਿਚ ਸਿੱਖਿਆ ਵਿਭਾਗ ਦਾ ਇੱਕ ਹੋਰ ਕਾਰਨਾਮਾ ਉਜਾਗਰ ਹੋਇਆ ਹੈ ਜਿਸ ਦੇ ਸਪਸ਼ਟੀਕਰਨ ਵਜੋਂ ਸਿੱਖਿਆ ਸਕੱਤਰ ਕਹਿੰਦੇ ਹਨ ਕਿ ਕਿਸੇ ਪ੍ਰਕਾਰ ਦੀ ਕੋਈ ਰੇਸ਼ਨਲਾਈਜ਼ੇਸ਼ਨ ਨਹੀਂ ਕੀਤੀ ਗਈ ਜਦ ਕਿ ਦੂਸਰੇ ਪਾਸੇ ਸਿੱਖਿਆ ਮੰਤਰੀ ਦਾ ਬਿਆਨ ਹੈ ਕਿ ਅਧਿਆਪਕਾਂ ਦੀ ਰੈਸ਼ਨੇਲਾਈਜ਼ੇਸ਼ਨ ਪਾਰਦਰਸ਼ਤਾ ਨਾਲ ਕਰ ਦਿੱਤੀ ਗਈ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਈ ਪੰਜਾਬ ਪੋਰਟਲ ਉਤੇ ਹਜ਼ਾਰਾਂ ਅਸਾਮੀਆਂ ਦਾ ਫੇਰਬਦਲ ਕੀਤਾ ਗਿਆ ਹੈ ਜਿਸ ਬਾਰੇ ਵਿਭਾਗ ਵੱਲੋਂ ਅਜੇ ਤਕ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਸਕੂਲ ਮੁਖੀ ਵੀ ਹੈਰਾਨ ਹਨ ਕਿ ਉਹ ਬਿਨਾਂ ਜਾਣਕਾਰੀ ਤੋਂ ਇਨ੍ਹਾਂ ਅਸਾਮੀਆਂ ਦੀਆਂ ਤਨਖਾਹਾਂ ਕਢਾਉਣ ਜਾਂ ਨਾਂ ਕਢਾਉਣ। ਅਧਿਆਪਕਾਂ ਨੂੰ ਵੀ ਭੰਬਲਭੂਸੇ ਵਿੱਚ ਹਨ ।ਮਿਡਲ ਸਕੂਲਾਂ ਦੇ ਈ ਪੰਜਾਬ ਲੌਗਿਨ ਅਕਾਉਂਟ ਵਿੱਚ ਕੋਈ ਵੀ ਪੋਸਟ ਨਹੀਂ ਦਿਖਾਈ ਗਈ ਜਦ ਕਿ ਇਨ੍ਹਾਂ ਅਸਾਮੀਆਂ ਨੂੰ ਸ਼ਿਫਟ ਕਰਕੇ ਸਬੰਧਤ ਡੀਡੀਓ ਅਧੀਨ ਦਰਸਾਇਆ ਗਿਆ। ਜੋ ਸਰਾਸਰ ਧੱਕਾ ਹੈ। ਮਿਡਲ ਸਕੂਲਾਂ ਵਿੱਚੋਂ ਹਜ਼ਾਰਾਂ ਅਸਾਮੀਆਂ ਚੁੱਪ ਚੁਪੀਤੇ ਉਡਾਨ ਅਤੇ ਅਧਿਆਪਕਾਂ ਨੂੰ ਮਾਨਸਿਕ ਸ਼ੋਸ਼ਣ ਕਰਨ ਦੇ ਮੰਤਵ ਨਾਲ ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀਂ ਕੀਤੇ ਕੰਮਾਂ ਦੀ ਜਥੇਬੰਦੀ ਪੁਰਜ਼ੋਰ ਨਿਖੇਧੀ ਕਰਦੀ ਹੈ। ਸੋ ਜਥੇਬੰਦੀ ਵੱਲੋਂ ਸਿੱਖਿਆ ਵਿਭਾਗ ਅਧਿਕਾਰੀਆਂ ਕੋਲੋਂ ਅਤੇ ਪੰਜਾਬ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਗਈ ਕੀ ਆਨਲਾਈਨ ਬਦਲੀ ਨੀਤੀ ਨੂੰ ਦੁਬਾਰਾ ਤੋਂ ਜਾਂਚਿਆ ਜਾਵੇ, ਦੂਰ ਦੁਰਾਡੇ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਪਹਿਲ ਦੇ ਆਧਾਰ ਤੇ ਪੁਆਇੰਟ ਦੇ ਕੇ, ਆਨਲਾਈਨ ਬਦਲੀ ਨੀਤੀ ਵਿੱਚ ਲੋੜੀਂਦੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜਵੰਦ ਅਧਿਆਪਕਾਂ ਦੀਆਂ ਬਦਲੀਆਂ ਪਾਰਦਰਸ਼ਿਤਾ ਨਾਲ ਕੀਤੀਆਂ ਜਾਣ ਅਤੇ ਨਾਲ ਹੀ ਸਕੂਲਾਂ ਦੇ ਈ ਪੰਜਾਬ ਪੋਰਟਲ ਖਾਤੇ ਵਿਚੋਂ ਸ਼ਿਫਟ ਕੀਤੀਆਂ ਅਸਾਮੀਆਂ ਬਾਰੇ ਸਪੱਸ਼ਟੀਕਰਨ ਜਨਤਕ ਕੀਤਾ ਜਾਵੇ। ਮਿਡਲ ਸਕੂਲਾਂ ਦੀਆਂ ਪੁਰਾਣੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੀ ਬੱਚਿਆਂ ਦੀ ਗਿਣਤੀ ਮੁਤਾਬਕ ਅਸਾਮੀਆਂ ਹੋਰ ਦਿੱਤੀਆਂ ਜਾਣ। ਇਸ ਮੌਕੇ ਇਸ ਮੌਕੇ ਜਰਮਨਜੀਤ ਸਿੰਘ, ਡਾ ਗੁਰਦਿਆਲ ਸਿੰਘ, ਵਿਪਨ ਰਿਖੀ, ਪਰਮਿੰਦਰ ਰਾਜਾਸਾਂਸੀ, ਰਾਜੇਸ਼ ਕੁਮਾਰ ਪਰਾਸ਼ਰ, ਕਿਰਨਦੀਪ ਸਿੰਘ, ਨਰਿੰਦਰ ਸਿੰਘ ਮੱਲੀਆਂ, ਦਿਲਬਾਗ ਸਿੰਘ, ਅਮਰਜੀਤ ਸਿੰਘ ਭੱਲਾ, ਬਖਸ਼ੀਸ਼ ਸਿੰਘ ਬੱਲ, ਪਵਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਕੇਵਲ ਸਿੰਘ, ਅਮਰਜੀਤ ਸਿੰਘ ਵੇਰਕਾ, ਵਿਸ਼ਾਲ ਚੌਹਾਨ, ਵਿਕਾਸ ਚੌਹਾਨ, ਵਿਸ਼ਾਲ ਕਪੂਰ, ਸਲਵਿੰਦਰ ਸਿੰਘ, ਕੁਲਦੀਪ ਤੋਲਾਨੰਗਲ, ਦੀਪਕ, ਰਾਜਵਿੰਦਰ ਸਿੰਘ ਚਿਮਨੀ, ਦਿਲਬਾਗ ਸਿੰਘ, ਚਰਨਜੀਤ ਸਿੰਘ ਵਿਛੋਆ, ਭੁਪਿੰਦਰ ਸਿੰਘ ਆਦਿ ਹਾਜ਼ਰ ਰਹੇ ।