ਜਨਤਕ ਸਥਾਨਾਂ ’ਤੇ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਲਾਜ਼ਮੀ
ਰਵੀ ਸੈਣ , ਬਰਨਾਲਾ, 24 ਮਾਰਚ 2021
ਗ੍ਰਹਿ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਕੋਵਿਡ-19 ਮਹਾਮਾਰੀ ਦਾ ਫੈਲਾਅ ਰੋਕਣ ਲਈ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲੇ ’ਚ ਪਾਬੰਦੀਆਂ ਲਾਗੂ ਕੀਤੀਆਂ ਹਨ, ਜੋ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲੇ ਵਿਚ ਸਾਰੇ ਵਿੱਦਿਅਕ ਅਦਾਰੇ, ਜਿਵੇਂ ਸਕੂਲ ਤੇ ਕਾਲਜ ਆਦਿ 31 ਮਾਰਚ 2021 ਤੱਕ ਬੰਦ ਰੱਖੇ ਜਾਣਗੇ, ਪਰ ਅਧਿਆਪਨ ਤੇ ਗ਼ੈਰ ਅਧਿਆਪਨ ਅਮਲਾ ਸਾਰੇ ਕੰਮਕਾਜੀ ਦਿਨਾਂ ਦੌਰਾਨ ਹਾਜ਼ਰ ਰਹੇਗਾ। ਸਾਰੇ ਮੈਡੀਕਲ ਤੇ ਨਰਸਿੰਗ ਕਾਲਜ ਖੁੱਲੇ ਰਹਿਣਗੇ।
ਇਨਾਂ ਹੁਕਮਾਂ ਅਨੁਸਾਰ ਸਿਨੇਮਾ ਘਰਾਂ, ਥਿਏਟਰਾਂ, ਮਲਟੀਪਲੈਕਸਾਂ ਆਦਿ ਵਿਚ 50 ਫੀਸਦੀ ਦੀ ਹੱਦ ਲਾਗੂ ਰਹੇਗੀ ਅਤੇ ਮਾਲਜ਼ ਵਿਚ ਇਕੋ ਸਮੇਂ 100 ਵਿਅਕਤੀਆਂ ਤੋਂ ਵਧੇਰੇ ਦੀ ਆਗਿਆ ਨਹੀਂ ਹੋਵੇਗੀ। ਜਾਰੀ ਆਦੇਸ਼ਾਂ ਮੁਤਾਬਿਕ 27 ਮਾਰਚ 2021 ਤੋਂ ਬਾਅਦ ਹਰੇਕ ਸ਼ਨਿੱਚਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਕੋਵਿਡ-19 ਮਹਾਮਾਰੀ ਕਾਰਨ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਦੀ ਯਾਦ ਵਿਚ ਇਕ ਘੰਟੇ ਦਾ ਮੌਨ ਧਾਰਿਆ ਜਾਵੇਗਾ ਅਤੇ ਉਕਤ ਸਮੇਂ ਦੌਰਾਨ ਕੋਈ ਵੀ ਵਾਹਨ ਨਹੀਂ ਚੱਲੇਗਾ।
ਕੋਵਿਡ-19 ਦੇ ਮੱਦੇਨਜ਼ਰ ਹਰ ਵਿਅਕਤੀ ਲਈ ਜਨਤਕ ਸਥਾਨਾਂ ’ਤੇ ਮਾਸਕ ਪਾਉਣਾ ਤੇ ਸਮਾਜਿਕ ਦੂਰੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਜਨਤਕ ਸਥਾਨਾਂ ’ਤੇ ਥੁੱਕਣਾ ਵੀ ਲਾਜ਼ਮੀ ਹੋਵੇਗਾ।
ਹੁਕਮਾਂ ਮੁਤਾਬਿਕ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਬਿਨਾਂ ਮਾਸਕ ਤੋਂਂ ਘੁੰਮਣ ਵਾਲੇ ਵਿਅਕਤੀਆਂ ਦਾ ਚਲਾਨ ਕਰ ਕੇ ਕੋਵਿਡ ਸਬੰਧੀ ਆਰਟੀ-ਪੀਸੀਆਰ ਟੈਸਟ ਕਰਵਾਇਆ ਜਾਵੇਗਾ।
ਜਾਰੀ ਹੁਕਮਾਂ ਵਿਚ ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਆਉਦੇ ਕੁਝ ਦਿਨਾਂ ਵਿਚ ਕੋਵਿਡ ਦੀ ਟਰਾਂਸਮਿਸ਼ਨ ਚੇਨ ਤੋੜਨ ਲਈ ਘਰਾਂ ਵਿਚ ਸਮਾਜਿਕ ਗਤੀਵਿਧੀਆਂ ਘੱਟ ਕੀਤੀਆਂ ਜਾਣ ਅਤੇ ਘਰਾਂ ਵਿਚ 10 ਤੋਂ ਵੱਧ ਮਹਿਮਾਨਾਂ ਦੇ ਇਕੱਠ ’ਤੇ ਪਾਬੰਦੀ ਹੋਵੇਗੀ। ਜ਼ਿਲਾ ਮੈਜਿਸਟੇ੍ਰਟ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਇਕੱਠਾਂ ਨੂੰ 50 ਫੀਸਦੀ ਸਮਰੱਥਾ ਅਨੁਸਾਰ ਇਨਡੋਰ (ਛੱਤ ਦੇ ਹੇਠਾਂ) ਤੇ ਆਊਟਡੋਰ (ਖੁੱਲੀ ਜਗਾ) ਦੀ ਕ੍ਰਮਵਾਰ 100 ਤੇ 200 ਵਿਅਕਤੀਆਂ ਦੀ ਨਿਰਧਾਰਿਤ ਗਿਣਤੀ ਮੁਤਾਬਿਕ ਹੀ ਸੀਮਿਤ ਰੱਖਣ।
ਇਸ ਤੋਂ ਇਲਾਵਾ ਪੱਤਰ ਨੰਬਰ 74/ਐਮਏ ਮਿਤੀ 25/02/2021 ਰਾਹੀਂ ਜਾਰੀ ਕੀਤੀਆਂ ਪਾਬੰਦੀਆਂ ਪਹਿਲਾਂ ਦੀ ਤਰਾਂ ਲਾਗੂ ਰਹਿਣਗੀਆਂ ਉਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51 ਤੋਂ 60 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।