ਅੱਜ 22 ਮਾਰਚ ਦੀ ਰਾਤ ਨੂੰ ਬਰਨਾਲਾ ਰੇਲਵੇ ਸਟੇਸ਼ਨ ਤੋਂ ਨੌਜਵਾਨ ਕਿਸਾਨ ਫੜਨਗੇ ਰੇਲ ਗੱਡੀ
ਗੁਰਸੇਵਕ ਸਹੋਤਾ ,ਮਹਿਲ ਕਲਾਂ : 22 ਮਾਰਚ,2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਟੋਲ ਪਲਾਜਾ ਮਹਿਲ ਕਲਾਂ’ਤੇ ਖੇਤੀ ਕਾਨੂੰਨਾਂ ਵਿਰੁੱਧ ਲਾਇਆ ਧਰਨਾ ਅੱਜ ਆਪਣੇ 173 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ ਜਿਸ ਵਿੱਚ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਉਣ ਬਾਰੇ ਠੋਸ ਵਿਉਂਤਬੰਦੀ ਦੀ ਵਿਸਥਾਰ ਜਾਣਕਾਰੀ ਦਿੱਤੀ ਗਈ। ਅੱਜ ਧਰਨੇ ਨੂੰ ਪਿਸ਼ੌਰਾ ਸਿੰਘ ਹਮੀਦੀ, ਅਜਮੇਰ ਸਿੰਘ ਮਹਿਲ ਕਲਾਂ, ਮਾ ਸੋਹਣ ਸਿੰਘ, ਗੋਬਿੰਦਰ ਸਿੰਘ, ਦਰਸ਼ਨ ਸਿੰਘ ਫੌਜੀ,ਸ਼ੇਰ ਸਿੰਘ ਖਾਲਸਾ,ਜਸਬੀਰ ਕੌਰ, ਲਾਲ ਸਿੰਘ ਬੂਟਾ ਸਿੰਘ ਅਮਲਾ ਸਿੰਘ ਵਾਲਾ ਸੋਹਣ ਸਿੰਘ ਕਵੀਸ਼ਰ,ਜਗਤਾਰ ਸਿੰਘ ਛੀਨੀਵਾਲਕਲਾਂ, ਪਰਮਜੀਤ ਸਿੰਘ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ ‘ਸਾਮਰਾਜ ਵਿਰੋਧੀ ਦਿਵਸ’ ਵਜੋਂ ਮਨਾਉਣ,ਸ਼ਹੀਦਾਂ ਦੇ ਉਦੇਸ਼ ਲੁੱਟ ਦਾਬੇ ਤੋਂ ਰਹਿਤ ਸਮਾਜ ਸਿਰਜਣ ਦੇ ਅਧੂਰੇ ਕਾਰਜ ‘ਤੇ ਪਹਿਰਾ ਦੇਣ ਦਾ ਅਹਿਦ ਕੀਤਾ ਜਾਵੇਗਾ। 23 ਮਾਰਚ ਨੂੰ ਨੌਜਵਾਨਾਂ ਦੇ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚਣ ਦੀ ਠੋਸ ਵਿਉਂਤ ਬੰਦੀ ਬਾਰੇ ਵੀ ਦੱਸਿਆ। ਦਿੱਲੀ ਜਾਣ ਵਾਲੇ ਨੌਜਵਾਨ ਕਿਸਾਨ ਰੇਲ ਗੱਡੀ ਰਾਹੀਂ 22 ਮਾਰਚ ਰਾਤ ਸਮੇਂ ਗੰਗਾਨਗਰ- ਸਰਾਏਰੁਹੇਲਾ ਗੱਡੀ ਬਰਨਾਲਾ ਰੇਲਵੇ ਸਟੇਸ਼ਨ ਤੋਂ ਫੜਨਗੇ ਅਤੇ ਰੋਹਤਕ ਸਟੇਸ਼ਨ ਤੋਂ ਟ੍ਰੇਨ ਬਦਲ ਕੇ 23 ਮਾਰਚ ਸਵੇਰ ਟਿੱਕਰੀ ਬਾਰਡਰ ਦਿੱਲੀ ਪਹੁੰਚ ਜਾਣਗੇ। ਸੰਯੁਕਤ ਮੋਰਚਾ ਦੇ ਆਗੂ ਇਹਨਾਂ ਨੌਜਵਾਨ ਕਿਸਾਨ ਕਾਫਲਿਆਂ ਦੀ ਅਗਵਾਈ ਕਰਨਗੇ। ਬੁਲਾਰਿਆਂ ਨੇ ਕਿਹਾ ਕਿ ਜਰੂਰੀ ਵਸਤਾਂ( ਸੋਧ) ਕਾਨੂੰਨ ਬਾਰੇ ਸੰਸਦੀ ਕਮੇਟੀ ਨੇ ਰਿਪੋਰਟ ਜਾਰੀ ਕਰਕੇ ਕਿਹਾ ਹੈ ਕਿ 1955 ਦੇ ਇਸ ਕਾਨੂੰਨ ਵਿੱਚ ਕੀਤੀ ਸੋਧ ਕਾਰਨ ਖਾਧ ਪਦਾਰਥਾਂ ਦੇ ਖੇਤਰ ‘ਚ ਇਜਾਰੇਦਾਰੀਆਂ ਕਾਇਮ ਹੋ ਜਾਣਗੀਆਂ ਅਤੇ ਜਖੀਰੇਬਾਜੀ ਕਾਰਨ ਮਹਿੰਗਾਈ ਬਹੁਤ ਵਧ ਜਾਵੇਗੀ।
ਨਵੇਂ ਖੇਤੀ ਕਾਨੂੰਨਾਂ ਕਾਰਨ ਸਰਕਾਰੀ ਮੰਡੀਆਂ ਕੁੱਝ ਸਾਲਾਂ ਬਾਅਦ ਬੰਦ ਹੋ ਜਾਣਗੀਆਂ। ਤਦ ਖੁੱਲ੍ਹੀ ਮੰਡੀ ਵਿੱਚ ਫਸਲਾਂ ਦੇ ਕੁੱਝ ਗਿਣਤੀ ਦੇ ਹੀ ਖਰੀਦਦਾਰ ਰਹਿ ਜਾਣਗੇ ਜੋ ਮੰਡੀਆਂ’ਚ ਅਜੀਰੇਦਾਰੀ ਕਾਇਮ ਕਰ ਲੈਣਗੇ। ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਦੀ ਪੂਰੀ ਕੀਮਤ ਨਹੀਂ ਮਿਲੇਗੀ।।ਆਮ ਆਦਮੀ ਪਾਰਟੀ ਸਮੇਤ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਨੁੰਮਾਇੰਦੇ ਇਸ ਕਮੇਟੀ ਵਿੱਚ ਸ਼ਾਮਲ ਸਨ ਪਰ ਕਿਸੇ ਵੀ ਸਾਂਸਦ ਨੇ ਇਨ੍ਹਾਂ ਸਿਫਾਰਸ਼ਾਂ ਦਾ ਵਿਰੋਧ ਨਹੀਂ ਕੀਤਾ। ਇਥੋਂ ਤੱਕ ਕਿ ਆਪ ਪਾਰਟੀ ਦਾ ਸਾਂਸਦ , ਜਿਸ ਨੇ ਇਸ ਕਮੇਟੀ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ, ਨੇ ਵੀ ਇਨ੍ਹਾਂ ਸਿਫਾਰਸ਼ਾਂ ਦਾ ਵਿਰੋਧ ਨਹੀਂ ਕੀਤਾ। ਇਸ ਤੋਂ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤ ਦਾ ਸਾਰਾ ਸਿਆਸੀ ਕੋੜਮਾ ਕਾਰਪੋਰੇਟਾਂ ਦਾ ਜਰਖਰੀਦ ਹੈ ।
ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ, ਸੰਸਾਰ ਬੈਂਕ ਵਰਗੀਆਂ ਧਾੜਵੀ ਲੁਟੇਰੀਆਂ ਸੰਸਥਾਵਾਂ ਰਾਹੀਂ ਦੇਸੀ ਬਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਅਨੁਸਾਰੀ ਕੰਮ ਕਰਦੀਆਂ ਹਨ। ਪੂਰਾ ਤਾਣਾ ਬਾਣਾ ਇਸ ਦੇ ਹੀ ਪੱਖ ‘ਚ ਕਾਨੂੰਨ ਬਣਾਉਂਦਾ ਹੈ। ਕਿਸਾਨ ਅੰਦੋਲਨ ਦੀ ਹਿਮਾਇਤ ਦਾ ਖੇਖਣ ਕਰਨਾ ਇਸ ਸਿਆਸੀ ਟੋਲੇ ਦੀ ਕਿਸਾਨ ਸੰਘਰਸ਼ ਦੇ ਮਘੇ ਅਖਾੜਿਆਂ ਅੰਦਰ ਵਕਤੀ ਮਜਬੂਰੀ ਹੈ। ਇਸ ਖੇਖਣਬਾਜੀ ਦਾ ਹੀਜ- ਪਿਆਜ ਗਾਹੇ- ਬਗਾਹੇ ਨੰਗਾ ਹੁੰਦਾ ਰਹਿੰਦਾ ਹੈ। ਸਾਨੂੰ ਇਹਨਾਂ ਸਿਆਸੀ ਟੋਲੇ ਤੋਂ ਚੌਕਸ ਰਹਿਣ ਦੀ ਜਰੂਰਤ ਹੈ। ਸਿੰਗਲਾ ਨੇ ਕਵਿਤਾਵਾਂ ਪੇਸ਼ ਕੀਤੀਆਂ। ਕੱਲੵ ਕਿਸਾਨ ਕਾਫਲੇ ਬਸੰਤੀ ਪੱਗਾਂ, ਪੱਟੀਆਂ ਬੰਨ੍ਹਕੇ ਮਾਰਚ ਕਰਨਗੇ।