ਜਮੀਨ ਖਰੀਦਣ ਦੀ ਰੰਜਿਸ਼ ਦਾ ਮਾਮਲਾ -2 ਖਿਲਾਫ ਇਰਾਦਾ ਕਤਲ ਦਾ ਕੇਸ ਦਰਜ਼
ਹਰਿੰਦਰ ਨਿੱਕਾ , ਬਰਨਾਲਾ 22 ਮਾਰਚ 2021
ਆਪਣੇ ਪੁਰਖਿਆਂ ਦੀ ਜਮੀਨ ਦੇ ਖਰੀਦਦਾਰ ਨੂੰ ਘੇਰ ਕੇ ਜਾਨ ਤੋਂ ਮਾਰ ਦੇਣ ਦੀ ਕੋਸ਼ਿਸ਼ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋ ਨਾਮਜ਼ਦ ਦੋਸ਼ੀਆਂ ਖਿਲਾਫ ਇਰਾਦਾ ਕਤਲ ਦੇ ਜੁਰਮ ਵਿੱਚ ਕੇਸ ਦਰਜ ਕਰਕੇ ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਤਪਾ ਵਿਖੇ ਦਾਖਿਲ ਅਵਤਾਰ ਸਿੰਘ ਪੁੱਤਰ ਗੁਰਧਿਆਨ ਸਿੰਘ ਵਾਸੀ ਲਛਕਰੀ ਪੱਤੀ ,ਪਿੰਡ ਢਿੱਲਵਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ 20 ਮਾਰਚ ਦੀ ਰਾਤੀ ਵਕਤ ਕਰੀਬ 09.30 ਪਰ ਆਪਣੇ ਮੋਟਰਸਾਇਕਲ ਪਰ ਸਵਾਰ ਹੋ ਕੇ ਆਪਣੇ ਖੇਤ ਮੋਟਰ ਤੇ ਗਿਆ ਸੀ , ਜਦੋਂ ਉਹ ਆਪਣਾ ਸਾਇਕਲ ਦੋਸ਼ੀ ਪਰਮਿੰਦਰ ਸਿੰਘ ਦੇ ਘਰ ਕੋਲ ਖੜ੍ਹਾ ਕਰਕੇ ਪੈਦਲ ਮੋਟਰ ਵੱਲ ਨੂੰ ਜਾ ਰਿਹਾ ਸੀ ਤਾਂ ਪਰਮਿੰਦਰ ਸਿੰਘ ਨੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਸਿਰ ਦੇ ਪਿੱਛੇ ਕਸੀਏ ਨਾਲ ਹਮਲਾ ਕਰ ਦਿੱਤਾ। ਜੋਰਦਾਰ ਹਮਲੇ ਕਾਰਣ ਮੁਦਈ ਹੇਠਾਂ ਧਰਤੀ ਪਰ ਡਿੱਗ ਪਿਆ, ਤਾਂ ਦੋਸੀ ਨੇ ਇੱਕ ਹੋਰ ਵਾਰ ਉਸ ਪਰ ਕੀਤਾ , ਜੋ ਮੁਦਈ ਦੇ ਬੁੱਲ੍ਹ ਪਰ ਦੋਸ਼ੀ ਦੇ ਕਸੀਏ ਦਾ ਬਹਾਂ ਲੱਗਾ।
ਪਰਮਿੰਦਰ ਸਿੰਘ ਤੇ ਉਸਦਾ ਇੱਕ ਹੋਰ ਨਾਮਾਲੂਮ ਸਾਥੀ, ਉਸ ਨੂੰ ਘੜੀਸ ਕੇ ਦੋਸ਼ੀ ਦੇ ਘਰ ਅੰਦਰ ਖਿੱਚ ਕੇ ਲੈ ਗਏ। ਦੋਸ਼ੀਆਂ ਨੇ ਮੁਦਈ ਅਵਤਾਰ ਸਿੰਘ ਨੂੰ ਡੇਕ ਦੇ ਦਰਖਤ ਨਾਲ ਸੰਗਲ ਲਗਾ ਕੇ ਬੰਨ ਦਿੱਤਾ ਅਤੇ ਬੇਰਹਿਮੀ ਨਾਲ ਹੋਰ ਕੁੱਟਮਾਰ ਸ਼ੁਰੂ ਕਰ ਦਿੱਤੀ। ਮੁਦਈ ਨੇ ਮਾਰਤਾ ਮਾਰਤਾ ਦਾ ਰੌਲਾ ਪਾਇਆ ਤਾਂ ਮੁਦਈ ਦਾ ਪਿਤਾ ਮੌਕੇ ਤੇ ਆ ਗਿਆ । ਜਿਸ ਨੇ ਰੌਲਾ ਪਾਉਣਾ ਸੁਰੂ ਕਰ ਦਿੱਤਾ , ਆਂਢ ਗੁਆਂਢ ਦੇ ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਦੋਵੇਂ ਦੋਸ਼ੀ ਹਮਲਾਵਰ ਹਥਿਆਰਾ ਸਣੇ ਮੌਕਾ ਤੋ ਭੱਜ ਗਏ । ਵਜ੍ਹਾ ਰੰਜਿਸ ਇਹ ਹੈ ਕਿ ਮੁਦਈ ਅਵਤਾਰ ਸਿੰਘ ਦੇ ਪਿਤਾ ਨੇ ਦੋਸ਼ੀ ਪਰਮਿੰਦਰ ਸਿੰਘ ਦੀ ਜਮੀਨ ਖ੍ਰੀਦ ਕੀਤੀ ਸੀ। ਜਿਸ ਪਰ ਮੁਦਈ ਦਾ ਕਬਜਾ ਸੀ ਅਤੇ ਉਕਤ ਜਮੀਨ ਪਰਮਿੰਦਰ ਸਿੰਘ ਦੇ ਮਕਾਨ ਦੀ ਕੰਧ ਦੇ ਨਾਲ ਲੱਗਦੀ ਹੈ। ਜਿਸ ਕਰ ਕੇ ਦੋਸ਼ੀ ਮੁਦਈ ਨਾਲ ਜਮੀਨ ਖ੍ਰੀਦ ਕਰਨ ਕਰਕੇ ਰੰਜਿਸ ਰੱਖਦਾ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ ਜਸਵੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਪਰਮਿੰਦਰ ਸਿੰਘ ਤੇ ਇੱਕ ਨਾਮਲੂਮ ਦੋਸ਼ੀ ਦੇ ਖਿਲਾਫ ਅਧੀਨ ਜੁਰਮ 307/342,34 ਆਈਪੀਸੀ ਤਹਿਤ ਥਾਣਾ ਤਪਾ ਵਿਖੇ ਕੇਸ ਦਰਜ਼ ਕਰਕੇ, ਉਨਾਂ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।