ਸਾਂਝਾ ਕਿਸਾਨ ਮੋਰਚਾ:-ਅੱਜ ਦੀ ਸਟੇਜ ਜੈਮਲ ਪੱਡਾ ਨੂੰ ਸਮਰਪਿਤ
ਹਰਿੰਦਰ ਨਿੱਕਾ , ਬਰਨਾਲਾ: 17 ਮਾਰਚ, 2021
ਸੰਯਕੁਤ ਕਿਸਾਨ ਮੋਰਚੇ ਦਾ ਬਰਨਾਲਾ ਰੇਲਵੇ ਸਟੇਸ਼ਨ ‘ਤੇ ਚੱਲ ਰਿਹਾ ਧਰਨਾ ਅੱਜ 168 ਵੇਂ ਦਿਨ ਵੀ ਉਤਸ਼ਾਹੀ ਮਾਹੌਲ ਨਾਲ ਜਾਰੀ ਰਿਹਾ। ਸੰਨ 1988 ਵਿੱਚ ਅੱਜ ਦੇ ਦਿਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਤੇ ਇਨਕਲਾਬੀ ਲਹਿਰ ਦੇ ਸਿਰਲੱਥ ਯੋਧੇ ਸਾਥੀ ਜੈਮਲ ਪੱਡਾ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਪੰਜਾਬ ਵਿੱਚ ਉਨ੍ਹਾਂ ਦਿਨਾਂ ਵਿੱਚ ਦਨਦਨਾਉਦੀਆਂ ਫਿਰਦੀਆਂ ਕਾਲੀਆਂ ਤਾਕਤਾਂ ਨੇ ਕਾਮਰੇਡ ਪੱਡੇ ਨੂੰ ਸਾਡੇ ਕੋਲੋਂ ਖੋਹ ਲਿਆ ਸੀ। ਅੱਜ ਦੀ ਸਟੇਜ ਕਿਰਤੀ ਲੋਕਾਂ ਦੇ ਉਸ ਮਹਾਨ ਯੋਧੇ ਨੂੰ ਸਮਰਪਿਤ ਕੀਤੀ ਗਈ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਲੋਕ ਘੋਲਾਂ ਦੇ ਲੇਖੇ ਲਾ ਦਿੱਤਾ।ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਮੇਲ ਸ਼ਰਮਾ, ਗੁਰਦੇਵ ਸਿੰਘ ਮਾਂਗੇਵਾਲ, ਚਰਨਜੀਤ ਕੌਰ, ਗੁਰਨਾਮ ਸਿੰਘ ਠੀਕਰੀਵਾਲਾ,ਮੇਲਾ ਸਿੰਘ ਕੱਟੂ, ਬਾਰਾ ਸਿੰਘ ਬਦਰਾ, ਗੋਰਾ ਸਿੰਘ ਢਿਲਵਾਂ, ਕੁਲਵੰਤ ਸਿੰਘ ਮਾਨ, ਨੇਕ ਦਰਸ਼ਨ ਸਿੰਘ, ਬਾਬੂ ਸਿੰਘ ਖੁੱਡੀ ਕਲਾਂ ਤੇ ਜਸਪਾਲ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਜਿਹੜੀਆਂ ਦਹਿਸ਼ਤਗਰਦ ਤਾਕਤਾਂ ਨੇ ਸਾਥੋਂ ਜੈਮਲ ਪੱਡਾ, ਬਲਦੇਵ ਮਾਨ, ਗਿਆਨ ਸੰਘਾ ਤੇ ਅਵਤਾਰ ਪਾਸ਼ ਵਰਗੇ ਹੀਰੇ ਖੋਹ ਲਏ ਉਹੀ ਤਾਕਤਾਂ ਅੱਜ ਫਿਰ ਸਾਡੇ ਕਿਸਾਨ ਅੰਦੋਲਨ ਨੂੰ ਹੱਥਿਆ ਕੇ ਆਪਣੇ ਕਾਲੇ ਮਨਸੂਬਿਆਂ ਲਈ ਵਰਤਣਾ ਚਾਹੁੰਦੀਆਂ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਸਾਨ ਘੋਲ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੌਜਵਾਨਾਂ ਨੂੰ ਕਿਸਾਨਾਂ ਤੋਂ ਵੱਖਰੇ ਕਿਸੇ ਵਰਗ ਵਜੋਂ ਪੇਸ਼ ਕਰਕੇ ਬਜੁਰਗ ਬਨਾਮ ਨੌਜਵਾਨ ਲੀਡਰਸ਼ਿਪ ਦਾ ਜੁਮਲਾ ਛੱਡਿਆ ਜਾ ਰਿਹਾ ਹੈ। ਸਾਨੂੰ ਇਨ੍ਹਾਂ ਵੰਡ-ਪਾਊ ਤਾਕਤਾਂ ਤੋਂ ਚੌਕਸ ਰਹਿਣ ਦੀ ਜਰੂਰਤ ਹੈ। ਜੈਮਲ ਪੱਡਾ ਨੂੰ ਸਾਡੀ ਇਹੀ ਸੱਚੀ ਸਰਧਾਂਜਲੀ ਹੋਵੇਗੀ।
ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਯਕੁਤ ਕਿਸਾਨ ਮੋਰਚੇ ਵੱਲੋਂ ਘੋਸ਼ਿਤ ਕੀਤੇ ਕਈ ਪ੍ਰੋਗਰਾਮ ਆ ਰਹੇ ਹਨ। 19 ਮਾਰਚ ਨੂੰ ਮੁਜਾਹਰਾ ਲਹਿਰ ਦਿਵਸ ਮਨਾਇਆ ਜਾਵੇਗਾ ਜਿਸ ਦਿਨ ਐਫਸੀਆਈ ਦੇ ਨਵੇਂ ਤੁਗਲਕੀ ਫਰਮਾਨ ਨੂੰ ਵਾਪਸ ਕਰਵਾਉਣ ਲਈ ਐਸਡੀਐਮ ਨੂੰ ਮੰਗ ਪੱਤਰ ਦਿੱਤੇ ਜਾਣਗੇ। ਸਿਰਮੌਰ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ 23 ਮਾਰਚ ਨੂੰ ਦਿੱਲੀ ਦੇ ਧਰਨਿਆਂ ਵਿੱਚ ਨੌਜਵਾਨਾਂ ਦੇ ਵਿਸ਼ਾਲ ਇਕੱਠ ਕੀਤੇ ਜਾਣਗੇ। ਉਸ ਦਿਨ ਪੰਜਾਬ ਦੇ ਧਰਨਿਆਂ ਵਿੱਚ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਸਾਨੂੰ ਇਨ੍ਹਾਂ ਸਾਰੇ ਪ੍ਰੋਗਰਾਮਾਂ ਦੀ ਸਫਲਤਾ ਲਈ ਹੁਣੇ ਤੋਂ ਵਿਸ਼ਾਲ ਲਾਮਬੰਦੀ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ।
ਪਰਮਜੀਤ ਸਿੰਘ ਖਾਲਸਾ ਦੇ ਸਹੌਰ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਨੇ ਕਵੀਸ਼ਰੀ ਗਾਇਣ ਕੀਤਾ। ਨਰਿੰਦਰ ਪਾਲ ਸਿੰਗਲਾ ਤੇ ਮੁਨਸ਼ੀ ਖਾਨ ਰੂੜੇਕੇ ਨੇ ਕਵਿਤਾਵਾਂ ਅਤੇ ਗੀਤ ਸੁਣਾਏ।