ਕਰੋਨਾ ਵੈਕਸੀਨ ਲਗਵਾਉਣ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਆਪਣੇ ਮੁਲਾਜ਼ਮਾਂ ਸਬੰਧੀ ਡਾਟਾ ਭੇਜਣ ਦੇ ਨਿਰਦੇਸ਼
ਸਾਰੇ ਫ਼ਰੰਟ ਲਾਈਨ ਵਰਕਰਾਂ ਨੂੰ ਟੀਕਾ ਲਗਾਉਣ ਦੇ ਆਦੇਸ਼
ਰਘਵੀਰ ਹੈਪੀ , ਬਰਨਾਲਾ, 16 ਮਾਰਚ 2021
ਕਰੋਨਾ ਵੈਕਸੀਨ ਬਿਲਕੁਲ ਸੁਰੱਖਿਅਤ ਹੈ, ਇਸ ਸਬੰਧੀ ਅਫਵਾਹਾਂ ਤੋਂ ਬਚਿਆ ਜਾਵੇ। ਕਿਸੇ ਵੀ ਪ੍ਰਕਾਰ ਦੀਆਂ ਅਫਵਾਹਾਂ ਨਾ ਫੈਲਾਈਆਂ ਜਾਣ ਅਤੇ ਨਾ ਹੀ ਇਨ੍ਹਾਂ ਅਫਵਾਹਾਂ ਤੇ ਗੌਰ ਕੀਤਾ ਜਾਵੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਆਦਿਤਿਆ ਡੇਚਲਵਾਲ ਨੇ ਅੱਜ ਬਰਨਾਲਾ ਦੇ ਵੱਖ-ਵੱਖ ਵਿਭਾਗਾਂ ਨਾਲ ਕੋਰੋਨਾ ਵੈਕਸੀਨ ਸਬੰਧੀ ਬੁਲਾਈ ਗਈ ਮੀਟਿੰਗ ਚ ਦਿੱਤੀ। ਉਹਨਾਂ ਕਿਹਾ ਕਿ ਸਰਕਾਰ ਵਲੋਂ ਸਾਰੇ ਫ਼ਰੰਟ ਲਾਈਨ ਵਰਕਰਾਂ, ਜਿਨ੍ਹਾਂ ਨੇ ਕੋਰੋਨਾ ਕਾਲ ਚ ਵੀ ਅੱਗੇ ਹੋ ਕੇ ਕੰਮ ਕੀਤਾ ਨੂੰ, ਵੈਕਸੀਨ ਲਗਾਉਣ ਦਾ ਕੰਮ ਜ਼ੋਰਾ ਤੇ ਕੀਤਾ ਜਾ ਰਿਹਾ ਹੈ। ਉਹਨਾਂ ਸਾਰੇ ਵਿਭਾਗਾਂ ਨੂੰ ਹਿਦਾਇਤ ਕੀਤੀ ਕਿ ਉਹ ਵੈਕਸੀਨ ਲਗਵਾਉਣ ਸਬੰਧੀ ਆਪਣੇ ਮੁਲਾਜ਼ਮਾਂ ਦੀਆਂ ਸੂਚੀਆਂ ਸਿਵਲ ਸਰਜਨ ਦਫਤਰ ਵਿਖੇ ਜਮ੍ਹਾਂ ਕਰਵਾਉਣ। ਫ਼ਰੰਟ ਲਾਈਨ ਵਰਕਰਾਂ ਚ ਸਿਹਤ ਵਿਭਾਗ, ਮਾਲ ਵਿਭਾਗ, ਪੇਂਡੂ ਵਿਕਾਸ, ਪੁਲਿਸ, ਅਧਿਆਪਕ, ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਮੌਕੇ ਟਰਾਈਡੈਂਟ ਗਰੁੱਪ ਅਤੇ ਆਈ ਓ ਸੀ ਐੱਲ ਗਰੁੱਪ ਵਲੋਂ ਦੱਸਿਆ ਗਿਆ ਕਿ ਉਹ ਹਰ ਰੋਜ਼ ਆਪਣੇ ਮੁਲਾਜ਼ਮਾਂ ਨੂੰ ਵੀ ਵੈਕਸੀਨ ਲਵਾਉਣ ਲਈ ਭੇਜਣਗੇ। ਇਹ ਵੈਕਸੀਨ ਸਰਕਾਰੀ ਹਸਪਤਾਲਾਂ ਚ ਮੁਫ਼ਤ ਲਗਾਈ ਜਾ ਰਹੀ ਰਹੀ ਹੈ। ਇਹਨਾਂ ਚ ਸਿਵਲ ਹਸਪਤਾਲ ਬਰਨਾਲਾ, ਸਬ ਡਿਵੀਜ਼ਨਲ ਹਸਪਤਾਲ ਤਪਾ, ਸੀ ਐਚ ਸੀ ਧਨੌਲਾ, ਸੀ ਐਚ ਸੀ ਮਹਿਲ ਕਲਾਂ, ਸੀ ਐਚ ਸੀ ਭਦੌੜ ਅਤੇ ਪ੍ਰਾਇਮਰੀ ਸਿਹਤ ਕੇਂਦਰ ਸੰਧੂ ਪੱਤੀ ਸ਼ਾਮਲ ਹਨ। ਮੀਟਿੰਗ ਦੌਰਾਨ ਐੱਸ.ਪੀ. ਸ਼੍ਰੀ ਵਿਲੀਅਮ ਜੇਜੀ, ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਕੁਲਵਿੰਦਰ ਸਿੰਘ, ਟਰਾਈਡੈਂਟ ਗਰੁੱਪ ਤੋਂ ਸ਼੍ਰੀ ਰੁਪਿੰਦਰ ਗੁਪਤਾ, ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸਰਬਜੀਤ ਸਿੰਘ ਤੂਰ ਅਤੇ ਹੋਰ ਅਫ਼ਸਰ ਵੀ ਹਾਜ਼ਰ ਸਨ।