ਸ਼ਰਧਾਲੂ ਲਈ ਊਨਾ ਪੁੱਜਣ ਤੋਂ 72 ਘੰਟੇ ਪਹਿਲਾਂ ਜਾਰੀ ਕੋਵਿਡ-19 ਨੈਗੇਟਿਵ ਰਿਪੋਰਟ ਨਾਲ ਲਿਜਾਣੀ ਲਾਜ਼ਮੀ– ਡਿਪਟੀ ਕਮਿਸ਼ਨਰ
ਹਰਪ੍ਰੀਤ ਕੌਰ , ਸੰਗਰੂਰ, 14 ਮਾਰਚ:2021
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪ੍ਰਸਿੱਧ ਧਾਰਮਿਕ ਸਥਾਨ ਮੈੜੀ ਸਥਿਤ ਗੁਰਦੁਆਰਾ ਬਾਬਾ ਵਡਭਾਗ ਸਿੰਘ ਵਿਖੇ 21 ਤੋਂ 31 ਮਾਰਚ ਤੱਕ ਹੋਲੀ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਿਰਫ ਉਹ ਹੀ ਸ਼ਰਧਾਾਲੂ ਜਾ ਸਕਦੇ ਹਨ ਜਿਨ੍ਹਾਂ ਦਾ ਕੋਵਿਡ 19 ਟੈਸਟ ਨੈਗੇਟਿਵ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦਿੱਤੀ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਇਸ ਤੋਂ ਬਚਾਅ ਅਤੇ ਲਾਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਊਨਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਊਨਾ ਪ੍ਰਸ਼ਾਸਨ ਵੱਲੋਂ ਮੈੜੀ ਸਥਿਤ ਗੁਰਦੁਆਰਾ ਬਾਬਾ ਵਡਭਾਗ ਸਿੰਘ ਵਿਖੇ 21 ਮਾਰਚ ਤੋਂ ਸ਼ੁਰੂ ਹੋਣ ਵਾਲੇ ਹੋਲੀ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਲਈ ਆਪਣੇ ਨਾਲ ਕੋਵਿਡ -19 ਨੈਗੇਟਿਵ ਰਿਪੋਰਟ ਲੈ ਕੇ ਆਉਣਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਊਨਾ ਪੁੱਜਣ ਤੋਂ 72 ਘੰਟੇ ਪਹਿਲਾਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਲੇਬੋਰੇਟਰੀ ਵੱਲੋਂ ਜਾਰੀ ਕੀਤੀ ਗਈ ਕੋਵਿਡ-19 ਰਿਪੋਰਟ ਆਪਣੇ ਨਾਲ ਲਿਆਉਣਾ ਯਕੀਨੀ ਬਣਾਉਣ।ਡਿਪਟੀ ਕਮਿਸ਼ਨਰ ਨੇ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੋਲੀ ਮੇਲੇ ਦੀ ਯਾਤਰਾ ਦੌਰਾਨ ਉਹ ਆਪਣੀ ਕੋਵਿਡ -19 ਨੈਗੇਟਿਵ ਰਿਪੋਰਟ ਨਾਲ ਲੈ ਕੇ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਊਨਾ ਪ੍ਰਸ਼ਾਸਨ ਵੱਲੋਂ ਮੈੜੀ ਮੇਲੇ ਦੌਰਾਨ ਮੇਲਾ ਖੇਤਰ ਵਿੱਚ ਵਿਸ਼ੇਸ਼ ਤੌਰ ‘ਤੇ ਬੰਦ ਹਾਲ, ਕਮਰੇ ਜਾਂ ਸਥਾਨ ‘ਤੇ ਵੱਧ ਤੋਂ ਵੱਧ 50 ਫ਼ੀਸਦੀ ਸਮਰੱਥਾ ਅਤੇ 200 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਉੱਤੇ ਪੂਰਨ ਰੋਕ ਲਗਾਈ ਗਈ ਹੈ। ਇਸ ਤੋਂ ਇਲਾਵਾ ਖੁੱਲ੍ਹੇ ਸਥਾਨਾਂ ‘ਤੇ ਦੋ ਗਜ ਦੀ ਸਾਮਾਜਿਕ ਦੂਰੀ ਦੇ ਨਿਯਮ ਦੇ ਹਿਸਾਬ ਨਾਲ ਹੀ ਲੋਕ ਇਕੱਠਾ ਹੋ ਸਕਣਗੇ।