ਵਿਦਿਆਰਥੀਆਂ ਦੀ ਕੋਰੋਨਾ ਤੋਂ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਲਿਆ ਫੈਸਲਾ, ਸਿੱਖਿਆ ਵਿਭਾਗ ਵੱਲੋਂ ਨਵੀਂ ਸੋਧੀ ਹੋਈ ਡੇਟਸ਼ੀਟ ਜਾਰੀ
ਕੋਰੋਨਾ ਪੌਜੇਟਿਵ ਦੀ ਵਜ੍ਹਾ ਨਾਲ ਪ੍ਰੀਖਿਆ ਨਾ ਦੇ ਸਕਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਅਦ ਵਿੱਚ ਨਵੇਂ ਪ੍ਰਸ਼ਨ ਪੱਤਰ ਨਾਲ ਲਈ ਜਾਵੇਗੀ : ਮੇਵਾ ਸਿੰਘ ਸਿੱਧੂ
ਅਸ਼ੋਕ ਵਰਮਾ , ਬਠਿੰਡਾ 14 ਮਾਰਚ 2021
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਨਾਨ ਬੋਰਡ ਜਮਾਤਾਂ ਦੀਆਂ ਅੱਜ 15 ਮਾਰਚ 2021 ਨੂੰ ਸ਼ੁਰੂ ਹੋ ਰਹੀਆਂ ਸਾਲਾਨਾ ਘਰੇਲੂ ਪ੍ਰੀਖਿਆਵਾਂ ਵੀ ਸਵੇਰ ਅਤੇ ਸ਼ਾਮ ਦੇ ਸ਼ੈਸਨ ਦੌਰਾਨ ਦੋ ਭਾਗਾਂ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦੇ ਵਧਦੇ ਖਤਰੇ ਦੌਰਾਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਜਮਾਤਾਂ ਲਈ ਪ੍ਰੀਖਿਆਵਾਂ ਛੁੱਟੀਆਂ ਦਾ ਐਲਾਨ ਕਰਦਿਆਂ ਵਿਦਿਆਰਥੀਆਂ ਨੂੰ ਘਰਾਂ ਵਿੱਚ ਹੀ ਰਹਿਕੇ ਪੇਪਰਾਂ ਦੀ ਤਿਆਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਇਸ ਦੌਰਾਨ ਪਹਿਲੀ ਤੋਂ ਚੌਥੀ, ਛੇਵੀਂ, ਸੱਤਵੀ,ਨੌਵੀਂ ਅਤੇ ਗਿਆਰਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੀ ਇਕੱਤਰਤਾ ਘੱਟ ਕਰਨ ਲਈ ਇਹਨਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਵੀ ਇਕੱਠਿਆਂ ਲੈਣ ਦੀ ਬਜਾਏ ਸ਼ਿਫਟਾਂ ਵਿੱਚ ਲੈਣ ਲਈ ਵਿਭਾਗ ਵੱਲੋਂ ਮੁੜ ਤੋਂ ਸੋਧੀ ਹੋਈ ਡੇਟਸ਼ੀਟ ਜਾਰੀ ਕੀਤੀ ਗਈ ਹੈ।
ਇਸ ਮੌਕੇ ਸ੍ਰ ਮੇਵਾ ਸਿੰਘ ਸਿੱਧੂ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਇਕਬਾਲ ਸਿੰਘ ਬੁੱਟਰ ਭੁਪਿੰਦਰ ਕੌਰ ਉਦਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਨੇ ਦੱਸਿਆ ਕਿ ਸੋਧੀ ਹੋਈ ਡੇਟਸ਼ੀਟ ਅਨੁਸਾਰ ਸਵੇਰ ਦਾ ਸੈਸ਼ਨ ਸਵੇਰੇ 9.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਹੋਵੇਗਾ ਅਤੇ 20 ਮਿੰਟ ਦੀ ਬਰੇਕ ਉਪਰੰਤ ਬਾਅਦ ਦੁਪਹਿਰ 12.20 ਤੋਂ 3.20 ਤੱਕ ਸ਼ਾਮ ਦਾ ਸ਼ੈਸਨ ਹੋਵੇਗਾ।ਸੈਕੰਡਰੀ ਸਕੂਲਾਂ ਦੇ ਛੇਵੀਂ ਅਤੇ ਗਿਆਰਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9.00 ਵਜੇ ਤੋਂ 12.00 ਵਜੇ ਤੱਕ ਹੋਵੇਗੀ ਜਦਕਿ ਸੱਤਵੀਂ ਅਤੇ ਨੌਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਬਾਅਦ ਦੁਪਹਿਰ 12.20 ਤੋਂ 3.20 ਵਜੇ ਤੱਕ ਹੋਵੇਗੀ।
ਇਸ ਮੌਕੇ ਸ਼ਿਵਪਾਲ ਗੋਇਲ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਬਲਜੀਤ ਸਿੰਘ ਸੰਦੋਹਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੇ ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9.00 ਵਜੇ ਤੋਂ 12.00 ਵਜੇ ਤੱਕ ਹੋਵੇਗੀ ਜਦਕਿ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਬਾਅਦ ਦੁਪਹਿਰ 12.20 ਤੋਂ 3.20 ਵਜੇ ਤੱਕ ਹੋਵੇਗੀ। ਇਸ ਦੌਰਾਨ ਕੋਰੋਨਾ ਪਾਜੀਟਿਵ ਦੀ ਵਜ੍ਹਾ ਨਾਲ ਪ੍ਰੀਖਿਆ ਨਾ ਦੇ ਸਕਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਅਦ ਵਿੱਚ ਨਵਾਂ ਪ੍ਰਸ਼ਨ ਪੱਤਰ ਜਾਰੀ ਕਰਕੇ ਲਈ ਜਾਵੇਗੀ।
ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਸੁਖਪਾਲ ਸਿੰਘ ਸਿੱਧੂ ਬਠਿੰਡਾ ਨੇ ਦੱਸਿਆ ਕਿ ਸਮੂਹ ਸਕੂਲਾਂ ਨੂੰ ਪ੍ਰੀਖਿਆਵਾਂ ਦੌਰਾਨ ਸਿਹਤ ਅਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੋਵਿਡ ਬਚਾਅ ਹਦਾਇਤਾਂ ਦਾ ਪਾਲਣ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ ਗਏ ਹਨ।ਇਸ ਦੌਰਾਨ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਲਈ ਮਾਸਕ ਦਾ ਇਸਤੇਮਾਲ ਲਾਜਮੀ ਹੋਵੇਗਾ।ਵਿਦਿਆਰਥੀਆਂ ਨੂੰ ਪਾਣੀ ਦੀ ਬੋਤਲ ਆਦਿ ਸਮੇਤ ਹੋਰ ਸਟੇਸ਼ਨਰੀ ਸਮਾਨ ਪਵੀ ਆਪੋ ਆਪਣਾ ਲਿਆਉਣ ਲਈ ਕਿਹਾ ਜਾਵੇਗਾ।ਇਸ ਤਰ੍ਹਾਂ ਦਾ ਸਮਾਨ ਇੱਕ ਦੂਜੇ ਨਾਲ ਸਾਂਝਾ ਕਰਨ ਦੀ ਮਨਾਹੀ ਹੋਵੇਗੀ।ਨਿਰਧਾਰਤ ਦੂਰੀ ਅਨੁਸਾਰ ਕਮਰਿਆਂ ਅੰਦਰ ਲੱਗੇ ਡੈਸਕਾਂ ਉੱਪਰ ਸਿਰਫ਼ ਇੱਕ ਹੀ ਵਿਦਿਆਰਥੀਆਂ ਬਿਠਾਇਆ ਜਾਵੇਗਾ ਜੇਕਰ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਡੈਸਕ ਘਟਦੇ ਹਨ ਤਾਂ ਵਿਦਿਆਰਥੀਆਂ ਨੂੰ ਨਿਰਧਾਰਤ ਦੂਰੀ ‘ਤੇ ਟਾਟ ਆਦਿ ਉੱਪਰ ਬਰਾਂਡਿਆਂ ਜਾ ਖੁੱਲ੍ਹੇ ਵਿੱਚ ਬਿਠਾਇਆ ਜਾ ਸਕੇਗਾ।