ਲੰਘੀ ਰਾਤ ਐਸ.ਐਚ.ਉ. ਨੇ ਮਾਰਿਆ ਛਾਪਾ, ਕਿਹਾ ਕੋਈ ਇਤਰਾਜ਼ਯੋਗ ਹਾਲਤ ‘ਚ ਨਹੀਂ ਮਿਲਿਆ
ਲੰਬੇ ਅਰਸੇ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਨੇ ਪੁਲਿਸ ਦੀ ਰਿਆਇਤ ਮਨਜੂਰ ਹੋਣ ਦਾ ਲਾਇਆ ਦੋਸ਼
ਹਰਿੰਦਰ ਨਿੱਕਾ , ਬਰਨਾਲਾ 8 ਮਾਰਚ 2021
ਚੋਜ਼ ਅਮੀਰਾਂ ਦੇ ਚਮਚਿਆਂ ਨਾਲ ਸ਼ਰਾਬਾਂ ਦੀ ਚਿਰ ਪੁਰਾਣੀ ਕਹਾਵਤ ਤੋਂ ਤਾਂ ਹਰ ਕੋਈ ਵਾਕਿਫ ਹੀ ਹੈ, ਪਰੰਤੂ ਅਮੀਰਜਾਦਿਆਂ ਦੀ ਅਯਾਸ਼ੀ ਲਈ ਪੁਲਿਸ ਦੀ ਵੱਖਰੀ ਸੋਚ ਮੌਜੂਦਾ ਦੌਰ ਦਾ ਕੌੜਾ ਸੱਚ ਵੀ ਹੈ। ਅਜਿਹਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਐਤਵਾਰ ਦੀ ਰਾਤ ਕਰੀਬ 9 ਕੁ ਵਜੇ ਥਾਣਾ ਸਿਟੀ 2 ਦੀ ਪੁਲਿਸ ਨੇ ਮੁਖਬਰ ਦੀ ਸੂਚਨਾ ਦੇ ਅਧਾਰ ਪਰ ਜੁਮਲਾ ਮਾਲਕਿਨ ਸਕੂਲ ਦੇ ਨੇੜੇ ਬਣੀ ਇੱਕ ਬਦਨਾਮ ਕੋਠੀ ਵਿੱਚ ਛਾਪਾ ਮਾਰ ਲਿਆ। ਮੌਕੇ ਤੇ ਇੱਕ ਔਰਤ ਤੇ ਤਿੰਨ ਹੋਰ ਮੌਜੂਦ ਵਿਅਕਤੀਆਂ ਤੋਂ ਪੁਲਿਸ ਨੇ ਪੁੱਛਗਿੱਛ ਕਰਕੇ, ਉਨਾਂ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ । ਔਰਤ ਸੇਖਾ ਰੋਡ ਖੇਤਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਅਚਾਣਕ ਛਾਪਾ ਮਾਰਨ ਤੋਂ ਬਾਅਦ ਪਤਾ ਨਹੀਂ ਕਿਵੇਂ ਪੁਲਿਸ ਅਧਿਕਾਰੀਆਂ ਦੀ ਸੋਚ ਇੱਕ ਦਮ ਹੀ ਬਦਲ ਲਈ। ਪੁਲਿਸ ਨੂੰ ਮੌਕੇ ਤੇ ਸ਼ੱਕੀ ਹਾਲਤ ਵਿੱਚ ਇਕੱਠੇ ਹੋਏ ਵਿਅਕਤੀ ਸ਼ਰੀਫ ਅਤੇ ਦੋਸ਼ ਰਹਿਤ ਜਾਪਣ ਲੱਗ ਪਏ।
ਜਦੋਂ ਕਿ ਮੁਹੱਲਾ ਵਾਸੀਆਂ ਨੂੰ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਦਾ ਭਰੋਸਾ ਸੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਲਾਕੇ ਦੀ ਬਦਨਾਮ ਕੋਠੀ ਵਿੱਚ ਕਿਸੇ ਦੀ ਕੋਈ ਪੱਕੀ ਰਿਹਾਇਸ਼ ਨਹੀਂ ਹੈ। ਪਰੰਤੂ ਰਾਤ ਬਰਾਤੇ, ਕੁਝ ਵਿਅਕਤੀ ਬਦਲ ਬਦਲ ਕੇ ਵੱਖ ਵੱਖ ਔਰਤਾਂ ਨਾਲ ਉੱਥੇ ਪਹੁੰਚਦੇ ਹਨ। ਜਿਸ ਸਬੰਧੀ ਪੁਲਿਸ ਦੇ ਅਧਿਕਾਰੀਆਂ ਦੇ ਵੀ ਕਈ ਵਾਰ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨਾਂ ਕਿਹਾ ਕਿ ਇੱਥੇ ਸ਼ੁਗਲ ਮੇਲੇ ਦੇ ਤੌਰ ਤੇ ਆਉਣ ਵਾਲਿਆਂ ਵਿੱਚ ਪੁਲਿਸ ਦਾ ਇੱਕ ਸਬ ਇੰਸਪੈਕਟਰ ਵੀ ਸ਼ਾਮਿਲ ਹੈ। ਕੋਠੀ ਵਾਲੇ ਅਤੇ ਅਤੇ ਉੱਥੇ ਸ਼ੁਗਲ ਲਈ ਆਉਂਦੇ ਵਿਅਕਤੀ ਰਸੂਖਦਾਰ, ਸਰਕਾਰੇ-ਦਰਬਾਰੇ ਪਹੁੰਚ ਵਾਲੇ ਅਤੇ ਧਨਾਢ ਵਿਅਕਤੀ ਹੀ ਹਨ। ਜਿਸ ਕਰਕੇ ਪੁਲਿਸ ਉਨਾਂ ਅੱਗੇ ਬੌਣੀ ਬਣ ਕੇ ਰਹਿ ਜਾਂਦੀ ਹੈ। ਉਨਾਂ ਕਿਹਾ ਕਿ ਮੁਹੱਲੇ ਦੇ ਲੋਕਾਂ ਤੇ ਅਜਿਹੀਆਂ ਕਰਤੂਤਾਂ ਦਾ ਬੁਰਾ ਅਸਰ ਪੈਂਦਾ ਹੈ। ਉਨਾਂ ਕਿਹਾ ਕਿ ਜੇਕਰ ਸੱਚਮੁੱਚ ਹੀ, ਕੋਠੀ ਵਿੱਚ ਕੁਝ ਗਲਤ ਨਹੀਂ ਹੋ ਰਿਹਾ ਸੀ, ਤਾਂ ਫਿਰ ਪੁਲਿਸ ਨੇ ਕੋਠੀ ਵਿੱਚ ਛਾਪਾ ਕਿਉਂ ਮਾਰਿਆ । ਉਨਾਂ ਕਿਹਾ, ਪੁਲਿਸ ਦੀ ਕਾਰਵਾਈ ਦਾਲ ਵਿੱਚ ਕਾਲੇ ਵਾਲੇ ਨਹੀਂ, ਇੱਥੇ ਤਾਂ ਸਾਰੀ ਦਾਲ ਹੀ ਕਾਲੀ ਹੋਈ ਜਾਪਦੀ ਹੈ।
ਕੋਠੀ ਵਿੱਚ ਛਾਪੇ ਦੀ ਐਸ.ਐਚ.ਉ ਨੇ ਕੀਤੀ ਪੁਸ਼ਟੀ
ਥਾਣਾ ਸਿਟੀ 2 ਦੇ ਐਸ.ਐਚ.ਉ. ਗੁਰਮੇਲ ਸਿੰਘ ਨੇ ਲੰਘੀ ਰਾਤ ਕਥਿਤ ਤੌਰ ਤੇ ਬਦਨਾਮ ਕੋਠੀ ਤੇ ਛਾਪਾ ਮਾਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ੱਕ ਦੇ ਅਧਾਰ ਦੇ ਛਾਪਾ ਮਾਰਿਆ ਗਿਆ ਸੀ ਅਤੇ ਮੌਕੇ ਤੇ ਕੋਠੀ ਵਿੱਚ ਮੌਜੂਦ 1 ਔਰਤ ਸਣੇ 4 ਵਿਅਕਤੀਆਂ ਤੋਂ ਪੁੱਛਗਿੱਛ ਕਰਕੇ ਉਨਾਂ ਨੂੰ ਉਥੋਂ ਭੇਜ ਦਿੱਤਾ ਗਿਆ । ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਪਰੰਤੂ ਉਨਾਂ ਕਿਹਾ ਕਿ ਅੱਜ ਸਵੇਰੇ ਆਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਪੂਰਾ ਮਾਮਲਾ ਜਰੂਰ ਲਿਆ ਦਿੱਤਾ ਗਿਆ ਹੈ । ਉਨਾਂ ਦਲੀਲ ਦਿੱਤੀ ਕਿ ਕੋਠੀ ਵਿੱਚੋਂ ਰਾਤ ਸਮੇਂ ਮੌਜੂਦ ਕੁਝ ਵਿਅਕਤੀ, ਉੱਥੇ ਸ਼ਰਾਬ ਜਰੂਰ ਪੀ ਰਹੇ ਸਨ। ਪਰੰਤੂ ਔਰਤ ਵੱਖਰੇ ਸੋਫੇ ਤੇ ਬੈਠੀ ਸੀ। ਕਿਸੇ ਨੂੰ ਮੌਕੇ ਤੇ ਇਤਰਾਜਯੋਗ ਹਾਲਤ ਵਿੱਚ ਨਹੀਂ ਫੜ੍ਹਿਆ ਗਿਆ । ਸਾਰੇ ਵਿਅਕਤੀ ਬਾਲਗ ਸਨ । ਉਨਾਂ ਕਿਹਾ ਕਿ ਆਪਣੇ ਘਰ ਅੰਦਰ ਕਿਸੇ ਵਿਅਕਤੀਆਂ ਦਾ ਇਸ ਤਰਾਂ ਗੈਰ ਔਰਤ ਨਾਲ ਬੈਠਣਾ, ਕੋਈ ਜੁਰਮ ਨਹੀਂ ਬਣਦਾ । ਉਨਾਂ ਕਿਹਾ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਸ਼ੱਕੀ ਔਰਤ , ਕੋਠੀ ਵਿੱਚ ਪਲਾਟ ਦੇ ਸੌਦੇ ਦੀ ਗੱਲ ਕਰਨ ਲਈ ਆਈ ਹੋਈ ਸੀ। ਜਿਕਰਯੋਗ ਹੈ ਕਿ ਹੁਣ ਤੋਂ ਪਹਿਲਾਂ , ਜਦੋਂ ਵੀ ਕਦੇ ਪੁਲਿਸ ਨੇ ਇੰਮੌਰਲ ਟ੍ਰੈਫਕਿੰਗ ਐਕਟ ਤਹਿਤ ਕਾਰਵਾਈ ਕੀਤੀ ਜਾਂਦੀ ਹੈ, ਉਦੋਂ ਸਾਰੇ, ਵੱਖ ਵੱਖ ਤਰਾਂ ਦੇ ਵਿਅਕਤੀ, ਗੈਰ ਔਰਤ ਨਾਲ ਹੀ ਫੜ੍ਹੇ ਜਾਂਦੇ ਹਨ। ਇਸ ਤਰਾਂ ਪੁਲਿਸ ਦੇ ਦੋਹਰੇ ਮਾਪਦੰਡ ਅਪਣਾਉਣ ਨਾਲ ਖਾਕੀ ਤੇ ਛਿੱਟੇ ਪੈਣਾ ਸੁਭਾਵਿਕ ਹੀ ਹੈ।