ਡੀਸੀ ਦੇ ਨਾਮ ਤੇ ਪੁਲਿਸ ਇੰਸਪੈਕਟਰ ਨੇ ਲਿਆ 1 ਲੱਖ ਰੁਪਏ ਦਾ ਫੋਨ ! S D M ਨੇ ਭੇਜੀ ਕਾਰਵਾਈ ਲਈ ਰਿਪੋਰਟ

Advertisement
Spread information

ਸਾਬਕਾ ਕਾਂਗਰਸੀ ਐਮ.ਸੀ. ਸੁੱਖੀ ਨੇ ਮੰਨਿਆ, ਮੇਰੀ ਹਾਜ਼ਿਰੀ ਵਿੱਚ ਇੰਸਪੈਕਟਰ ਨੇ ਰਾਮੇਸ਼ਵਰ ਦਾਸ ਨੂੰ ਮੋੜੇ 50 ਹਜ਼ਾਰ ਰੁਪਏ

ਡੀ ਸੀ ਫੂਲਕਾ ਦੀ ਚਿੱਠੀ ਤੋਂ ਬਾਅਦ ਇੰਸਪੈਕਟਰ ਨੂੰ ਕੀਤਾ ਗਿਆ ਸਸਪੈਂਡ


ਹਰਿੰਦਰ ਨਿੱਕਾ/ਮਨੀ ਗਰਗ , ਬਰਨਾਲਾ 8 ਮਾਰਚ 2021 

               ਸਰਕਾਰੀ ਮਹਿਕਮਿਆਂ ‘ਚ ਫੈਲਿਆ ਭ੍ਰਿਸ਼ਟਾਚਾਰ ਭਾਂਂਵੇ ਕੋਈ ਨਵੀਂ ਗੱਲ ਤਾਂ ਨਹੀਂ ਹੈ, ਪਰੰਤੂ ਬਰਨਾਲਾ ਜਿਲ੍ਹੇ ਦੇ ਇੱਕ ਪੁਲਿਸ ਇੰਸਪੈਕਟਰ ਵੱਲੋਂ ਜਿਲ੍ਹੇ ਦੇ ਬੇਹੱਦ ਸ਼ਰੀਫ ਅਤੇ ਨਿਹਾਇਤ ਇਮਾਨਦਾਰ ਦੀ ਛਬੀ ਵਾਲੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਨਾਮ ਤੇ ਕੰਮ ਕਰਵਾਉਣ ਦੇ ਬਦਲੇ 1 ਲੱਖ 2 ਹਜਾਰ ਰੁਪਏ ਦੀ ਰਿਸ਼ਵਤ ਲੈਣ ਦਾ ਨਿਵੇਕਲੀ ਕਿਸਮ ਦਾ ਮਾਮਲਾ, ਇੱਨ੍ਹੀਂ ਦਿਨੀਂ ਸ਼ੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ। ਵਰਨਣਯੋਗ ਹੈ ਕਿ ਮਹੰਤ ਰਮੇਸ਼ਵਰ ਦਾਸ ਵਾਸੀ ਡੇਰਾ ਮੁਕਤਸਰ ਸਾਹਿਬ ਪਿੰਡ ਮੂੰਮ, ਤਹਿਸੀਲ ਵਾ ਜਿਲ੍ਹਾ ਬਰਨਾਲਾ ਨੇ 21 ਜਨਵਰੀ 2021 ਨੂੰ ਲਿਖਤੀ ਸ਼ਕਾਇਤ ਡੀ.ਸੀ. ਬਰਨਾਲਾ ਨੂੰ ਇੰਸਪੈਕਟਰ ਰੁਪਿੰਦਰ ਪਾਲ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਦਿੱਤੀ ਸੀ ।

Advertisement

              ਜਿਸ ਵਿੱਚ ਉਨਾਂ ਦੋਸ਼ ਲਾਇਆ ਸੀ ਕਿ ਥਾਣਾ ਸਿਟੀ 1 ਬਰਨਾਲਾ ਦੇ ਤਤਕਾਲੀ ਐਸ.ਐਚ.ਉ ਇੰਸਪੈਕਟਰ ਰੁਪਿੰਦਰ ਪਾਲ ਸਿੰਘ ਨੇ ਉਸਦੇ ਜਮੀਨ ਸਬੰਧੀ ਝਗੜੇ ਦਾ ਫੈਸਲਾ, ਉਸ ਦੇ ਹੱਕ ਵਿੱਚ ਕਰਵਾਉਣ ਦਾ ਭਰੋਸਾ ਦਿੱਤਾ ਸੀ। ਉਨਾਂ ਕੁਝ ਦਿਨ ਬਾਅਦ ਹੀ ਉਸ ਨੂੰ ਕਿਹਾ ਕਿ ਡੀਸੀ ਸਾਹਿਬ ਦੇ ਮੁੰਡੇ ਦਾ ਜਨਮ ਦਿਨ ਹੈ, ਉਹ ਆਪਣੇ ਮੁੰਡੇ ਦੇ ਬਰਥ ਡੇ ਤੇ ਆਈ ਫੋਨ ਗਿਫਟ ਕਰਨਾ ਚਾਹੁੰਦੇ ਹਨ। ਇੰਸਪੈਕਟਰ ਰੁਪਿੰਦਰ ਪਾਲ ਸਿੰਘ ਨੇ ਉਸ ਦੀ ਹਾਜ਼ਿਰੀ ਵਿੱਚ ਡੀਸੀ ਦੇ ਜਾਹਿਰ ਕਰਦਾ ਪੀਏ ਨਾਲ ਫੋਨ ਸਬੰਧੀ ਗੱਲਬਾਤ ਦਾ ਡਰਾਮਾ ਵੀ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ ਪਟਿਆਲਾ ਤੋਂ ਨਵਾਂ ਆਈ ਫੋਨ ਲਿਆ ਕਿ ਰੁਪਿੰਦਰ ਪਾਾਲ ਸਿੰਘ ਨੂੰ ਦੇ ਦਿੱਤਾ ਸੀ। ਉਨਾਂ ਕਿਹਾ ਕਿ ਜਦੋਂ ਮੋਬਾਇਲ ਫੋਨ ਦੇਣ ਤੋਂ ਬਾਅਦ ਵੀ ਕੰਮ ਨਾ ਹੋਇਆ ਤਾਂ ਰਾਮੇਸ਼ਵਰ ਦਾਸ ਨੇ ਰੁਪਿੰਦਰਪਾਲ ਤੋਂ ਆਪਣੇ ਰੁਪਏ ਵਾਪਿਸ ਮੰਗੇ, ਕਾਫੀ ਟਾਲਮਟੋਲ ਤੋਂ ਬਾਅਦ ਇੰਸਪੈਕਟਰ ਨੇ ਸਾਬਕਾ ਕਾਂਗਰਸੀ ਐਮ ਸੀ ਸੁਖਜੀਤ ਕੌਰ ਸੁੱਖੀ ਦੀ ਹਾਜ਼ਿਰੀ ਵਿੱਚ 50 ਹਜ਼ਾਰ ਰੁਪਏ ਮੋੜ ਵੀ ਦਿੱਤੇ। ਪਰੰਤੂ ਬਾਕੀ ਰਹਿੰਦੇ ਰੁਪਏ ਮੋੜਨ ਲਈ, ਉਹ ਫਿਰ ਟਾਲਮਟੋਲ ਕਰਨ ਲੱਗ ਪਿਆ। ਉਨਾਂ ਕਿਹਾ ਕਿ ਡੀਸੀ ਸਾਹਿਬ ਰੁਪਿੰਦਰ ਪਾਲ ਸਿੰਘ ਤੁਹਾਡੇ ਨਾਮ ਤੇ ਰਿਸ਼ਵਤ ਲੈ ਕੇ ਤੁਹਾਨੂੰ ਬਦਨਾਮ ਕਰ ਰਿਹਾ ਹੈੇ। ਇਸ ਸ਼ਕਾਇਤ ਦੀ ਪੜਤਾਲ ਡੀਸੀ ਫੂਲਕਾ ਨੇ ਐਸ.ਡੀ.ਐਮ ਵਰਜੀਤ ਸਿੰਘ ਵਾਲੀਆ ਨੂੰ ਸੌਂਪ ਦਿੱਤੀ। ਲੰਬੀ ਚੱਲੀ ਪੜਤਾਲ ਦੌਰਾਨ, ਇੰਸਪੈਕਟਰ ਰੁਪਿੰਦਰ ਪਾਲ ਭੱਜ ਨਿੱਕਲਿਆ। ਸ਼ਕਾਇਤਕਰਤਾ ਨਾਲ ਸਮਝੌਤਾ ਕਰਨ ਦੀਆਂ ਵੀ ਕੋਸ਼ਿਸ਼ਾਂ ਚੱਲਦੀਆਂ ਰਹੀਆਂ। ਆਖਿਰ ਹੁਣ ਐਸਡੀਐਮ ਨੇ ਪੜਤਾਲ ਪੂਰੀ ਕਰਕੇ, ਅਗਲੀ ਕਾਨੂੰਨੀ ਕਾਰਵਾਈ ਲਈ ਗੇਂਦ ਫਿਰ ਡੀਸੀ ਵਾਲੇ ਪਾਸੇ ਸੁੱਟ ਦਿੱਤੀ। ਸੰਭਾਵਨਾ ਇਹ ਵੀ ਹੈ ਕਿ ਡੀਸੀ ਅਗਲੀ ਕਾਰਵਾਈ ਲਈ ਐਸ.ਐਸ.ਪੀ ਨੂੰ ਲਿਖਤੀ ਤੌਰ ਦੇ ਭੇਜ਼ ਸਕਦਾ ਹੈ। ਉੱਧਰ ਡੀਸੀ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਉਨ੍ਹਾਂ ਐਸ.ਐਸ. ਪੀ. ਸੰਦੀਪ ਗੋਇਲ ਜੀ ਨੂੰ ਪੂਰੀ ਘਟਨਾ ਸਬੰਧੀ ਲਿਖਣ ਤੋਂ ਬਾਅਦ ਰੁਪਿੰਦਰ ਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੀ।

ਮੇਰੀ ਹਾਜ਼ਰੀ ਵਿੱਚ ਮੋੜੇ 50 ਹਜ਼ਾਰ ਰੁਪਏ- ਸੁੱਖੀ ਐਮ.ਸੀ.

                 ਸਾਬਕਾ ਕਾਂਗਰਸੀ ਐਮ ਸੀ ਸੁਖਜੀਤ ਕੌਰ ਸੁੱਖੀ ਨੇ ਪੁੱਛਣ ਤੇ ਮੰਨਿਆ ਕਿ ਮੇਰੀ ਹਾਜ਼ਿਰੀ ਵਿੱਚ ਇੰਸਪੈਕਟਰ ਰੁਪਿੰਦਰ ਪਾਲ ਸਿੰਘ ਨੇ ਰਾਮੇਸ਼ਵਰ ਦਾਸ ਨੂੰ 50 ਹਜ਼ਾਰ ਰੁਪਏ ਮੋੜ ਵੀ ਦਿੱਤੇ ਸਨ । ਜਦੋਂ ਕਿ ਬਕਾਇਆ ਰੁਪਏ ਬਾਅਦ ਵਿੱਚ ਦੇਣ ਲਈ ਕਹਿ ਦਿੱਤਾ ਸੀ। ਉਨਾਂ ਕਿਹਾ ਕਿ ਮੇਰਾ ਇਸ ਸਬੰਧੀ ਕੋਈ ਬਿਆਨ ਹਾਲੇ ਕਿਸੇ ਅਧਿਕਾਰੀ ਨੇ ਕਲਮਬੰਦ ਨਹੀਂ ਕੀਤਾ। ਉੱਧਰ ਐਸ.ਡੀ.ਐਮ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਉਨਾਂ ਪੜਤਾਲ ਰਿਪੋਰਟ ਡੀਸੀ ਸਾਹਿਬ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਭੇਜ ਦਿੱਤੀ ਹੈ। ਉਨਾਂ ਕਿਹਾ ਕਿ ਪੜਤਾਲ ਸਬੰਧੀ ਹੋਰ ਜਿਆਦਾ ਕੁਝ ਕਹਿਣਾ ਠੀਕ ਨਹੀਂ ਹੈ। ਇੰਸਪੈਕਟਰ ਰੁਪਿੰਦਰਪਾਲ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਉਨਾਂ ਨਾਲ ਸੰਪਰਕ ਨਹੀਂ ਹੋ ਸਕਿਆ। 

Advertisement
Advertisement
Advertisement
Advertisement
Advertisement
error: Content is protected !!