10 ਪਿੰਡਾਂ ਦਾ ਲਿੰਗ ਅਨੁਪਾਤ ਸੁਧਾਰਨ ਲਈ ਕਰਵਾਇਆ ਜਾ ਰਿਹਾ ਹੈ ਐਥਲੈਟਿਕਸ ਈਵੈਂਟ
ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਏ ਜਾਣਗੇ ਮੁਕਾਬਲੇ
ਹਰਿੰਦਰ ਨਿੱਕਾ , ਬਰਨਾਲਾ, 6 ਮਾਰਚ 2021
ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ਿਲਾ ਪ੍ਰਸਾਸਨ ਬਰਨਾਲਾ ਵੱਲੋਂ ‘ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਧਨੌਲਾ ਬਲਾਕ ਦੇ ਉਨਾਂ 10 ਪਿੰਡਾਂ ਦੀਆਂ ਕੁੜੀਆਂ ਦੇ ਅੰਡਰ 14 ਐਥਲੈਟਿਕਸ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨਾਂ ਪਿੰਡਾਂ ਦੀ ਲਿੰਗ ਅਨੁਪਾਤ ਦਰ ਬਲਾਕ ’ਚ ਸਭ ਤੋਂ ਘੱਟ ਹੈ। ਇਹ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਸ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਵੱਖਰੇ ਢੰਗ ਨਾਲ ਮਨਾਉਂਦਿਆਂ ਇਸ ਈਵੈਂਟ ਦਾ ਆਯੋਜਨ ‘ਬੇਟੀ ਬਚਾਓ ਬੇਟੀ ਪੜਾਓ’ ਤਹਿਤ ਕੀਤਾ ਜਾ ਰਿਹਾ ਹੈ। ਧਨੌਲਾ ਤੋਂ ਬਾਅਦ ਹੋਰ ਬਲਾਕਾਂ ਦੇ ਵੀ ਮੁਕਾਬਲੇ ਆਉਣ ਵਾਲੇ ਸਮੇਂ ਚ ਕਰਵਾਏ ਜਾਣਗੇ।
ਉਪ ਮੰਡਲ ਮੈਜਿਸਟਰੇਟ ਸ੍ਰੀ ਵਰਜੀਤ ਵਾਲਿਆ ਨੇ ਦੱਸਿਆ ਕਿ ਈਵੈਂਟ ਦੌਰਾਨ 100 ਮੀਟਰ ਦੌੜ, 400 ਮੀਟਰ ਦੌੜ ਅਤੇ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਵਿਚ ਪਿੰਡ ਰੂੜੇਕੇ ਕਲਾਂ, ਅਤਰਗੜ, ਠੁੱਲੀਵਾਲ, ਹੰਡਿਆਇਆ, ਕਰਮਗੜ, ਭੈਣੀ ਮਹਿਰਾਜ, ਉੱਪਲੀ, ਮੰਗੇਵਾਲਾ, ਪੱਟੀ ਸੇਖਵਾਂ ਅਤੇ ਕਾਲੇਕੇ ਸ਼ਾਮਲ ਹਨ।
ਇਸ ਮੌਕੇ ਕੁੜੀਆਂ ਵਿਚ ਆਤਮ ਵਿਸ਼ਵਾਸ ਵਧਾਉਣ ਲਈ ਸਵੈ ਰੱਖਿਆ ਸਿਖਲਾਈ ਕੈਂਪ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।