ਸੋਨੀ ਪਨੇਸਰ , ਬਰਨਾਲਾ, 5 ਮਾਰਚ 2021
ਭਾਰਤ ਸਰਕਾਰ ਵਲੋਂ ਨੌਜਵਾਨਾਂ ਦੀ ਮਦਦ ਨਾਲ ਦੇਸ਼ ਵਿੱਚ ਆਮ ਲੋਕਾਂ ਨੂੰ ਸਮੇਂ ਸਮੇਂ ’ਤੇ ਸਰਕਾਰ ਦੀਆਂ ਸਕੀਮਾਂ, ਉਪਰਾਲਿਆਂ ਅਤੇ ਹੋਰ ਪੱਖਾਂ ’ਤੇ ਜਾਗਰੂਕ ਕਰਨ ਲਈ ਵਲੰਟੀਅਰਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ। ਚੁਣ ਹੋਏ ਵਲੰਟੀਅਰ ਸਿਹਤ, ਸਾਖ਼ਰਤਾ, ਸਵੱਛਤਾ, ਲਿੰਗ ਅਨੁਪਾਤ ਅਤੇ ਹੋਰ ਸਮਾਜਿਕ ਮੁੱਦਿਆਂ ’ਤੇ ਚੇਤਨਾ ਲਿਆਉਦੇ ਹਨ।
ਇਹ ਪ੍ਰਗਟਾਵਾ ਕਰਦੇ ਹੋਏ ਜ਼ਿਲਾ ਯੂਥ ਅਫਸਰ (ਨਹਿਰੂ ਯੁਵਾ ਕੇਂਦਰ ਬਰਨਾਲਾ) ਓਮਕਾਰ ਸਵਾਮੀ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਵਲੰਟੀਅਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਘੱਟੋ-ਘੱਟ ਯੋਗਤਾ ਦਸਵੀਂ ਪਾਸ ਹੈ। ਉਮਰ 18 ਤੋਂ 29 ਸਾਲ ਦੇ ਦਰਮਿਆਨ (1 ਅਪੈਲ, 2021 ਨੂੰ) ਹੋਣੀ ਚਾਹੀਦੀ ਹੈ। ਕੋਈ ਵੀ ਰੈਗੂਲਰ ਵਿਦਿਆਰਥੀ ਰਾਸ਼ਟਰੀ ਯੁਵਾ ਵਲੰਟੀਅਰਜ਼ ਲਈ ਯੋਗ ਨਹੀ ਹੋਵੇਗਾ। ਉਨਾਂ ਦੱਸਿਆ ਕਿ ਅਸਾਮੀਆਂ ਦੀ ਗਿਣਤੀ 8 ਹੈ। 2 ਹਰ ਬਲਾਕ ਲਈ ਅਤੇ 2 ਦਫ਼ਤਰ ਵਿੱਚ ਕੰਪਿਊਟਰ ਕੰਮ ਲਈ ਵਲੰਟੀਅਰ ਸੇਵਾਵਾਂ ਨਿਭਾਉਣਗੇ। ਉਨਾਂ ਦੱਸਿਆ ਕਿ ਵਲੰਟੀਅਰਾਂ ਨੂੰ ਉਕਾ ਪੁੱਕਾ ਮਾਣ ਭੱਤਾ 5000 ਰੁਪਏ ਪ੍ਰਤੀ ਮਹੀਨਾ ਮਿਲੇਗਾ। ਇਸ ਸਬੰਧੀ ਅਰਜ਼ੀ ਅਤੇ ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ www.nyks.nic.in ’ਤੇ ਵਿਜ਼ਿਟ ਕੀਤਾ ਜਾ ਸਕਦਾ ਹੈ। ਇਸ ਸਬੰਧੀ ਅਰਜ਼ੀ ਫ਼ਾਰਮ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਦਫਤਰ ਵਿਖੇ ਪ੍ਰਾਪਤ ਕੀਤੇ ਅਤੇ ਜਮਾ ਕਰਵਾਏ ਜਾ ਸਕਦੇ ਹਨ। ਉਨਾਂ ਦੱਸਿਆ ਕਿ ਫ਼ਾਰਮ ਭਰਨ ਦੀ ਆਖ਼ਰੀ ਮਿਤੀ 08 ਮਾਰਚ 2021 ਹੈ। ਉਨਾਂ ਯੋਗ ਨੌਜਵਾਨਾਂ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ।