ਹਰਿੰਦਰ ਨਿੱਕਾ , ਬਰਨਾਲਾ, 5 ਮਾਰਚ 2021
ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ “ਅਧਿਆਪਕ ਵਿਦਿਆਰਥੀ ਦੇ ਦੂਜੇ ਮਾਪੇ ਹੁੰਦੇ ਹਨ” ਦੀ ਕਹਾਵਤ ਸੱਚ ਕਰ ਵਿਖਾਈ ਹੈ। ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਕੂਲਾਂ ਦੀ ਹੋਈ ਤਾਲਾਬੰਦੀ ਦੌਰਾਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨਾਲ ਆਨਲਾਈਨ ਰਾਬਤਾ ਬਣਾ ਕੇ ਰੱਖਦਿਆਂ ਪੜ੍ਹਾਈ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ।ਵਿਦਿਆਰਥੀਆਂ ਨੂੰ ਸਟੇਸ਼ਨਰੀ ਉਪਲਬਧ ਕਰਵਾਉਣ ਦੇ ਨਾਲ ਨਾਲ ਮਾਪੇ ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਘਰਾਂ ‘ਚ ਜਾ ਕੇ ਮਾਪਿਆਂ ਨਾਲ ਬੱਚਿਆਂ ਦੀ ਪੜ੍ਹਾਈ ਬਾਬਤ ਗੱਲਬਾਤ ਕੀਤੀ।ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱੱਲੋਂ ਵਿਦਿਆਰਥੀਆਂ ਨੂੰ ਸੁੁਵੱਖਤੇ ਫ਼ੋੋੋਨ ਕਰਕੇ ਪੜ੍ਹਨ ਲਈ ਕਿਹਾ ਜਾ ਰਿਹਾ ਹੈ।ਕਈ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਤਾਂ ਅਧਿਆਪਕਾਂ ਦਾ ਫ਼ੋੋੋਨ ਸੁਣਨ ਉਪਰੰਤ ਵਟਸਐਪ ਗਰੁੱਪ ਵਿੱਚ ਆਪਣੀ ਹਾਜ਼ਰੀ ਵੀ ਲਗਾਈ ਜਾਂਦੀ ਹੈ।
ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਜਸਬੀਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਮੂਹ ਵਿਦਿਆਰਥੀਆਂ ਦੀ ਆਗਾਮੀ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਬਿਹਤਰ ਕਾਰਗੁਜ਼ਾਰੀ ਨਾਲ ਸਫ਼ਲਤਾ ਯਕੀਨੀ ਬਣਾਉਣ ਲਈ ਬਹੁਪੱਖੀ ਉਪਰਾਲੇ ਕੀਤੇ ਜਾ ਰਹੇ ਹਨ।ਸਕੂਲ ਖੁੱਲਣ ਉਪਰੰਤ ਜਿਲ੍ਹੇ ਦੇ ਬਹੁਤਗਿਣਤੀ ਅਧਿਆਪਕਾਂ ਵੱਲੋਂ ਸਵੈ-ਇੱਛਾ ਨਾਲ ਸਕੂਲ ਸਮੇਂ ਤੋਂ ਵਾਧੂ ਸਮਾਂ ਲਗਾ ਕੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ।ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਸਵੈ ਇੱਛਾ ਨਾਲ ਵਿਦਿਆਰਥੀਆਂ ਨੂੰ ਸਵੇਰ ਸਮੇਂ ਫ਼ੋਨ ਕਾਲ ਕਰਕੇ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਕਈ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਵਟਸਐਪ ਗਰੁੱਪਾਂ ਵਿੱਚ ਆਵਾਜ਼ ਸੁਨੇਹਾ ਭੇਜ ਕੇ ਵੀ ਵਿਦਿਆਰਥੀਆਂ ਨੂੰ ਉੱਠ ਕੇ ਪੜ੍ਹਨ ਲਈ ਕਿਹਾ ਜਾ ਰਿਹਾ ਹੈ।ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਫ਼ੋਨ ਕਰਨ ਦੀਆਂ ਵਾਇਰਲ ਹੋ ਰਹੀਆਂ ਆਡੀਓਜ਼ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂਂ ਨੂੰ ਸੁਵੱਖਤੇ ਉਠਾ ਕੇ ਅਤੇ ਰਾਤ ਸਮੇਂ ਪੜ੍ਹਨ ਬਿਠਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸਵੈ ਇੱਛਾ ਨਾਲ ਵਿਦਿਆਰਥੀਆਂ ਦੀਆਂ ਵਾਧੂ ਜਮਾਤਾਂ ਲਗਾਉਣ ਵਾਂਗ ਹੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਫ਼ੋਨ ਕਾਲ ਵੀ ਸਵੈ ਇੱਛਾ ਨਾਲ ਹੀ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਜਿਲ੍ਹੇ ‘ਚ ਮਿਸ਼ਨ ਸ੍ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਲਗਨ ਨਾਲ ਕੰਮ ਕਰ ਰਹੇ ਹਨ।ਅਧਿਕਾਰੀਆਂ ਨੇ ਉਮੀਦ ਪ੍ਰਗਟਾਈ ਓ ਕਿ ਵਿਦਿਆਰਥੀਆਂ ਨੂੰ ਸਵੇਰੇ ਫ਼ੋਨ ਕਰਕੇ ਜਲਦੀ ਉਠਾ ਕੇ ਪੜ੍ਹਨ ਲਈ ਕਹਿਣ ਦਾ ਸਾਲਾਨਾ ਨਤੀਜਾ ‘ਤੇ ਲਾਜ਼ਮੀ ਤੌਰ ‘ਤੇ ਸਾਕਾਰਤਮਕ ਪ੍ਰਭਾਵ ਪਵੇਗਾ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰ ਦੇ ਅੰਗਰੇਜ਼ੀ ਲੈਕਚਰਾਰ ਸ੍ਰੀਮਤੀ ਸਤਵਿੰਦਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਸੇਖਾ ਦੱਖਣੀ ਦੇ ਈਟੀਟੀ ਟੀਚਰ ਸ੍ਰ ਭੁਪਿੰਦਰ ਸਿੰਘ ਸਿੱਧੂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ(ਮੁੰਡੇ) ਭਦੌੜ ਦੇ ਹਿੰਦੀ ਮਿਸਟ੍ਰੈਸ ਸ੍ਰੀਮਤੀ ਮੀਨੂੰ ਬੇਗਮ ਅਤੇ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਲ ਕਲਾਂ ਦੇ ਅੰਗਰੇਜ਼ੀ ਮਾਸਟਰ ਸ੍ਰ ਪ੍ਰਗਟ ਸਿੰਘ ਸਮੇਤ ਜਿਲ੍ਹੇ ਦੇ ਬਹੁਤ ਸਾਰੇ ਅਧਿਆਪਕਾਂ ਵੱਲੋਂ ਸਵੇਰ ਸਮੇਂ ਵਿਦਿਆਰਥੀਆਂ ਨੂੰ ਫ਼ੋਨ ਕਰਕੇ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸ੍ਰੀ ਹਰੀਸ਼ ਬਾਂਸਲ ਪ੍ਰਿੰਸੀਪਲ ਜਿਲ੍ਹਾ ਮੈਂਟਰ ਵਿਗਿਆਨ, ਡਾ. ਰਵਿੰਦਰਪਾਲ ਸਿੰਘ ਪ੍ਰਿੰਸੀਪਲ ਜਿਲ੍ਹਾ ਮੈਂਟਰ ਸਮਾਰਟ ਸਕੂਲ, ਸ੍ਰੀ ਰਾਕੇਸ਼ ਕੁਮਾਰ ਪ੍ਰਿੰਸੀਪਲ ਜਿਲ੍ਹਾ ਮੈਂਟਰ ਫਿਜਿਕਸ, ਸ੍ਰੀਮਤੀ ਗਾਇਤਰੀ ਜਯੋਤੀ ਜਿਲ੍ਹਾ ਇੰਚਾਰਜ ਅੰਗਰੇਜ਼ੀ, ਸ੍ਰ ਸਿਮਰਦੀਪ ਸਿੰਘ ਜਿਲ੍ਹਾ ਮੈਂਟਰ ਸਪੋਰਟਸ,ਸ੍ਰ ਅਮਨਿੰਦਰ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ, ਸ੍ਰੀ ਕਮਲਦੀਪ ਜਿਲ੍ਹਾ ਮੈਟਰ ਗਣਿਤ ਅਤੇ ਸ੍ਰ ਬਿੰਦਰ ਸਿੰਘ ਖੁੱਡੀ ਕਲਾਂਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਇਸ ਨਿਵੇਕਲੇ ਉੱਦਮ ਦੀ ਪ੍ਹਸ਼ੰਸਾ ਕਰਦਿਆਂ ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਨਾਲ ਸੌ ਫੀਸਦੀ ਸਫ਼ਲਤਾ ਦੀ ਉਮੀਦ ਪ੍ਰਗਟਾਈ।