ਬਲਵਿੰਦਰ ਪਾਲ , ਪਟਿਆਲਾ 4 ਮਾਰਚ 2021
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਦਿੱਤੇ ਚੱਕੇ ਜਾਮ ਦੇ ਸੱਦੇ ਤਹਿਤ ਯੂਨੀਅਨ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀਆਂ ਵੱਲੋਂ ਸਵੇਰੇ 11 ਵਜੇ ਯੂਨੀਵਰਸਿਟੀ ਦਾ ਗੇਟ ਬੰਦ ਕਰਨ ਤੋਂ ਬਾਅਦ ਚੰਡੀਗੜ੍ਹ ਪਟਿਆਲਾ ਕੌਮੀ ਮਾਰਗ ਇੱਕ ਘੰਟੇ ਲਈ ਜਾਮ ਕਰ ਦਿੱਤਾ ।
ਇਸ ਮੌਕੇ ਜਾਣਕਾਰੀ ਦਿੰਦਿਆਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਕਿਹਾ ਕਿ ਯੂਨੀਵਰਸਿਟੀ ਲਗਾਤਾਰ 350 ਕਰੋੜ ਤੋਂ ਵਧੇਰੇ ਵਿੱਤੀ ਘਾਟੇ ਦਾ ਸ਼ਿਕਾਰ ਹੈ, ਇਮਾਰਤਾਂ ਗਿਰਵੀ ਰੱਖੀਆਂ ਜਾ ਰਹੀਆਂ ਹਨ, ਇਮਾਰਤਾਂ ਗਿਰਵੀ ਰੱਖੀਆਂ ਜਾ ਰਹੀਆਂ ਹਨ। ਓਹਨਾਂ ਕਿਹਾ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ, ਇਹ ਧਰਨਾ ਪੰਜਾਬ ਸਰਕਾਰ ਦੇ ਕੰਨਾਂ ਵਿੱਚ ਆਵਾਜ਼ ਪਾਉਣ ਲਈ ਹੈ ਕਿ ਪੰਜਾਬੀ ਭਾਸ਼ਾ ਦੇ ਨਾਮ ਤੇ ਬਣੀ ਇਸ ਯੂਨੀਵਰਸਿਟੀ ਦਾ ਵਿੱਤੀ ਘਾਟਾ ਪੂਰਾ ਕਰਦਿਆਂ ਇਸ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਚੁੱਕਦਿਆਂ ਹੋਇਆਂ ਇਸ ਨੂੰ ਬਚਾਇਆ ਜਾਵੇ।
ਯੂਨੀਅਨ ਦੀ ਸੂਬਾਈ ਆਗੂ ਸੰਦੀਪ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਕੈਪਟਨ ਅਮਰਿੰਦਰ ਦੇ ਕੁਡ਼ੀਆਂ ਦੀ ਨਰਸਰੀ ਤੋਂ ਪੀਐੱਚਡੀ ਤੱਕ ਦੇ ਮੁਫ਼ਤ ਪੜ੍ਹਾਈ ਦੇ ਅਤੇ ਵਿਦਿਆਰਥੀ ਚੋਣਾਂ ਕਰਵਾਉਣ ਦੇ ਐਲਾਨ ਨੂੰ ਲਾਗੂ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿਚ ਇਹ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਦਰਜਨਾਂ ਕਿਸਾਨ ਔਰਤਾਂ ਨੇ ਇਸ ਜਾਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੀ.ਐੱਸ.ਯੂ.(ਲਲਕਾਰ), ਡੀਐੱਸਓ ਅਤੇ ਆਇਰਸਾ ਦੇ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ ਤੇ ਧਰਮਪਾਲ, ਸ਼੍ਰਿਸ਼ਟੀ, ਕੁਲਬੀਰ ਬਾਦਲ, ਬਲਕਾਰ ਨੇ ਸੰਬੋਧਨ ਵੀ ਸੰਬੋਧਨ ਕੀਤਾ।