* ਸ਼ਹਿਰ ਦੇ ਮੁੱਖ ਬਾਜਾਰ ਤੇ ਸਾਰੀਆਂ ਗਲੀਆਂ ਕੀਤੀਆਂ ਬੰਦ
* ਕਰਫਿਊ ਦੇ ਬਾਵਜੂਦ ਵੀ ਲੋਕਾਂ ਦਾ ਤੋਰਾ-ਫੇਰਾ ਨਾ ਘਟਨ ਤੋਂ ਸਖਤ ਹੋਇਆ ਪ੍ਰਸ਼ਾਸਨ
*ਐਸਐਸਪੀ ਗੋਇਲ ਨੇ ਕਿਹਾ, ਰੈਗੂਲੇਟ ਐਂਡ ਕੰਟਰੋਲ, ਕੁਝ ਲੋਕ ਕਰ ਰਹੇ ਸਨ ਕਰਫਿਊ ਪਾਸ ਦੀ ਵੀ ਦੁਰਵਰਤੋਂ
ਹਰਿੰਦਰ ਨਿੱਕਾ, ਬਰਨਾਲਾ
ਜਿਲ੍ਹੇ ਚ, ਭਾਂਵੇ ਕੋਈ ਵੀ ਕੋਰੋਨਾ ਦਾ ਕੇਸ ਹਾਲੇ ਤੱਕ ਪੌਜੇਟਿਵ ਨਹੀਂ ਆਇਆ। ਫਿਰ ਵੀ ਵੀਰਵਾਰ ਨੂੰ ਸ਼ਹਿਰ ਦੇ ਸਾਰੇ ਮੁੱਖ ਬਾਜ਼ਾਰਾਂ ਨੂੰ ਪੁਲਿਸ ਨੇ ਤਾਰ ਤੇ ਪਾਈਪਾਂ ਲਗਾ ਕੇ ਬੰਦ ਕਰਨ ਦਾ ਅਭਿਆਨ ਬੜੇ ਗੁੱਪ-ਚੁੱਪ ਢੰਗ ਨਾਲ ਸ਼ੁਰੂ ਕਰ ਦਿੱਤਾ ਹੈ। ਇੱਥੋਂ ਤੱਕ ਕਿ ਕੱਚਾ ਤੇ ਪੱਕਾ ਕਾਲਜ਼ ਰੋਡ ਦੀਆਂ ਸਾਰੀਆਂ ਗਲੀਆਂ ਨੂੰ ਵੀ ਗਲੀਆਂ ਅੱਗੇ ਪਾਇਪਾ ਲਾ ਕੇ ਸੀਲ ਕੀਤਾ ਜਾ ਰਿਹਾ ਹੈ। ਬਹੁਤੀਆਂ ਗਲੀਆਂ ਬੰਦ ਕਰ ਦਿੱਤੀਆਂ ਹਨ। ਜਦੋਂ ਕਿ ਹੋਰ ਗਲੀਆਂ ਵੀ ਬੰਦ ਕਰਨ ਦੀ ਮੁਹਿੰਮ ਪੁਲਿਸ ਨੇ ਰਾਤੋ-ਰਾਤ ਮੁਕੰਮਲ ਕਰਨ ਦੀ ਮੁਹਿੰਮ ਛੇੜ ਰੱਖੀ ਹੈ। ਸ਼ਹਿਰ ਨੂੰ ਯੱਕਦਮ ਸੀਲ ਕਰ ਦੇਣ ਨਾਲ ਘਰੋਂ-ਘਰੀਂ ਦੁਬਕੇ ਬੈਠੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਕਈ ਸ਼ਹਿਰੀਆਂ ਨੇ ਫੋਨ ਕਰਕੇ ਤੇ ਫੋਟੋਆਂ ਭੇਜ਼ ਕੇ ਇਸ ਸਬੰਧੀ ਬਰਨਾਲਾ ਟੂਡੇ ਦੀ ਟੀਮ ਨੂੰ ਸੂਚਨਾ ਦਿੱਤੀ।
ਲੋਕਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਆਖਿਰ ਸ਼ਹਿਰ ਨੂੰ ਸਭ ਪਾਸਿਉਂ ਸੀਲ ਕਿਉਂ ਕੀਤਾ ਜਾ ਰਿਹਾ ਹੈ। ਪੁਲਿਸ ਦੇ ਭਰੋਸੇਯੋਗ ਸੂਤਰਾਂ ਦੇ ਅਨੁਸਾਰ ਪੁਲਿਸ ਕਰਫਿਊ ਲਾਗੂ ਹੋਣ ਦੇ ਪਹਿਲਿਆਂ ਦਿਨਾਂ ਵਿੱਚ ਕੀਤੀ ਸਖਤੀ ਤੋਂ ਲੋਕਾਂ ਵਿੱਚ ਰੋਹ ਪੈਦਾ ਹੋ ਗਿਆ ਸੀ। ਜਦੋਂ ਕਿ ਜਨਤਾ ਕਰਫਿਊ ਦੇ ਦਿਨ ਲੋਕਾਂ ਨੇ ਇਸ ਨੂੰ ਬਹੁਤੀ ਗੰਭੀਰਤਾ ਨਾਲ ਹੀ ਨਹੀਂ ਸੀ ਲਿਆ। ਲੋਕਾਂ ਚ, ਪੁਲਿਸ ਦੀ ਮਾਰਕੁੱਟ ਦੀਆਂ ਵੀਡੀਉ ਤੇ ਫੋਟੋਆਂ ਵੱਡੇ ਪੱਧਰ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਦਿੱਤੀ ਢਿੱਲ ਦਾ ਵੀ ਲੋਕਾਂ ਨੇ ਕਾਫੀ ਨਜ਼ਾਇਜ ਫਾਇਦਾ ਉਨਾਇਆਂ ਕਰਫਿਊ ਤੇ ਨਾਕਿਆਂ ਤੇ ਖੜ੍ਹੀ ਪੁਲਿਸ ਨੂੰ ਟਿੱਚ ਹੀ ਸਮਝਿਆ ਸੀ। ਲੋਕਾਂ ਦੁਆਰਾ ਕਰਫਿਊ ਦੇ ਬਾਵਜੂਦ ਵੀ ਸ਼ਹਿਰ ਦੀਆਂ ਸੜ੍ਹਕਾਂ ਤੇ ਕੀਤੀ ਜਾ ਰਹੀ ਭੀੜ ਨੂੰ ਰੋਕਣ ਅਤੇ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਵੱਲੋਂ ਸ਼ਹਿਰ ਨੂੰ ਪੂਰੀ ਤਰਾਂ ਸੀਲ ਕਰਨ ਦਾ ਕੌੜਾ ਘੁੱਟ ਭਰਨ ਨੂੰ ਮਜਬੂਰ ਹੋਣਾ ਪਿਆ ਹੈ। ਤਾਂਕਿ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਹੀ ਮਜਬੂਰ ਕਰ ਦਿੱਤਾ ਜਾਵੇ। ਨਾ ਬਾਂਸ ਰਹੇ ਨਾ ਬੰਸਰੀ, ਯਾਨੀ ਨਾ ਲੋਕਾਂ ਨੂੰ ਘਰਾਂ ਤੋਂ ਬਾਹਰ ਨਿੱਕਲਣ ਦਾ ਮੌਕਾ ਮਿਲੇਗਾ ਤੇ ਨਾ ਹੀ ਸੜ੍ਹਕਾਂ ਤੇ ਲੋਕਾਂ ਦੀ ਭੀੜ ਹੋਵੇਗੀ। ਸ਼ਹਿਰ ਦੇ ਕਾਫੀ ਲੋਕਾਂ ਨੇ ਭਾਂਵੇ ਪੁਲਿਸ ਦੀ ਇਸ ਤਰਾਂ ਦੀ ਰਣਨੀਤੀ ਨੂੰ ਠੀਕ ਵੀ ਕਰਾਰ ਦਿੱਤਾ ਹੈ। ਪਰੰਤੂ ਕੁਝ ਲੋਕਾਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਬੀਮਾਰੀ ਤੇ ਐਮਰਜੈਂਸੀ ਦੀ ਹਾਲਤ ਵਿੱਚ ਲੋਕ ਕਿਵੇਂ ਆਪਣੀਆਂ ਗੱਡੀਆਂ ਚ, ਮਰੀਜ਼ ਨੂੰ ਲੈ ਕੇ ਬਾਹਰ ਨਿੱਕਲਣਗੇ। ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਬੀਮਾਰੀ ਭਿਆਨਕ ਹੈ। ਇਸ ਲਈ ਲੋਕਾਂ ਦੇ ਹਿੱਤ ਵਿੱਚ ਹੀ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਲਈ ਸਖਤ ਕਦਮ ਚੁੱਕਣਾ ਜਰੂਰੀ ਹੋ ਗਿਆ। ਗੋਇਲ ਨੇ ਕਿਹਾ ਕਿ ਜਰੂਰੀ ਕੰਮਾਂ ਲਈ ਕੁਝ ਲੋਕਾਂ ਨੂੰ ਕਰਫਿਊ ਪਾਸ ਜਾਰੀ ਕੀਤੇ ਗਏ ਸਨ, ਪਰ ਮੰਦਭਾਗੀ ਗੱਲ ਇਹ ਹੋਈ ਕਿ ਕਰਫਿਊ ਪਾਸ ਦੀ ਵੀ ਦੁਰਵਰਤੋਂ ਸ਼ੁਰੂ ਹੋ ਗਈ, ਜਿਸ ਕਾਰਣ ਹੁਣ ਮਜਬੂਰੀ ਵੱਸ ਲੋਕਾਂ ਦੇ ਭਲੇ ਲਈ ਹੀ ਪੂਰੇ ਸ਼ਹਿਰ ਨੂੰ ਸੀਲ ਕਰਨ ਲਈ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਤਾਂਕਿ ਸ਼ਹਿਰ ਦੇ ਚੁਨਿੰਦਾ ਰਾਹਾਂ ਤੇ ਹੀ ਮਜਬੂਤ ਨਾਕਾਬੰਦੀ ਕਰਕੇ ਸ਼ਹਿਰ ਚ, ਜਮ੍ਹਾਂ ਹੋ ਰਹੀ ਭੀੜ ਤੇ ਗੈਰਜਰੂਰੀ ਭੀੜ ਨੂੰ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਰੈਗੂਲੇਟ ਐਂਡ ਕੰਟਰੋਲ, ਇਸ ਮੌਕੇ ਤੇ ਐਸਪੀਡੀ ਸੁਖਦੇਵ ਸਿੰਘ ਵਿਰਕ, ਡੀਐਸਪੀ ਰਾਜੇਸ਼ ਛਿੱਬਰ, ਡੀਐਸਪੀ ਬਲਜੀਤ ਸਿੰਘ ਬਰਾੜ ਸਹਿਤ ਹੋਰ ਵੀ ਅਧਿਕਾਰੀ ਮੌਜੂਦ ਰਹੇ।