ਕਿਸਾਨ + ਮਜਦੂਰ ਏਕਤਾ ਦੀ ਅਨੂਠੀ ਮਿਸਾਲ ਦੇਖਣ ਨੂੰ ਮਿਲੇਗੀ
9 ਲੱਖ ਸਕੇਅਰ ਫੁੱਟ ਜਗ੍ਹਾ ਦਾ ਲੱਖਾਂ ਲੋਕਾਂ ਦੇ ਬੈਠਣ ਲਈ ਕੀਤਾ ਪ੍ਰਬੰਧ
ਹਰਿੰਦਰ ਨਿੱਕਾ , ਬਰਨਾਲਾ 19 ਫਰਵਰੀ 2021
ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨੂੰ ਭਰੋਸੇ ਵਿੱਚ ਲਏ ਹੀ ਦੇਸ਼ ਭਰ ਵਿੱਚ ਤਾਨਾਸ਼ਾਹੀ ਢੰਗ ਨਾਲ ਲਾਗੂ ਕੀਤੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬੀ ਦੀ ਕਿਸਾਨੀ ਵਿੱਰ ਸਰਕਾਰ ਦੇ ਖਿਲਾਫ ਪੈਦਾ ਹੋ ਰਹੇ ਰੋਹ ਦਾ ਪ੍ਰਗਟਾਵਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 21 ਫਰਵਰੀ ਨੂੰ ਅਨਾਜ ਮੰਡੀ ਬਰਨਾਲਾ ਵਿਖੇ ਮਹਾਂਰੈਲੀ ਕੀਤੀ ਜਾ ਰਹੀ ਹੈ। ਮਾਲਵੇ ਦੇ ਇਤਿਹਾਸ ਵਿੱਚ ਇਕੱਠ ਪੱਖੋਂ ਸਭ ਵੱਡੀ ਹੋਣ ਵਾਲੀ ਇਸ ਮਹਾਂਰੈਲੀ ਵਿੱਚ ਕਿਸਾਨ-ਮਜਦੂਰਾਂ ਦੀ ਇੱਕਜੁੱਟਤਾ ਦੀ ਅਨੂਠੀ ਮਿਸਾਲ ਵੀ ਲੋਕਾਂ ਨੂੰ ਦੇਖਣ ਨੂੰ ਮਿਲੇਗੀ। ਮਹਾਂ ਰੈਲੀ ਦੇ ਪ੍ਰਬੰਧ ਵੀ ਜੰਗੀ ਪੱਧਰ ਤੇ ਜਾਰੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 9 ਲੱਖ ਸਕੇਅਰ ਫੁੱਟ ਜਗ੍ਹਾ ਵਿੱਚ ਹੋ ਰਹੀ ਮਹਾਂਰੈਲੀ ਵਿੱਚ 2 ਲੱਖ ਤੋਂ ਵਧੇਰੇ ਕਿਸਾਨ-ਮਜਦੂਰ ਪੁਰਸ਼ ਅਤੇ ਔਰਤਾਂ ਦੀ ਸ਼ਮੂਲੀਅਤ ਦਾ ਦਾਅਵਾ ਰੈਲੀ ਦੇ ਪ੍ਰਬੰਧਕਾਂ ਵੱਲੋਂ ਕੀਤਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸ਼ਨ ਨੂੰ ਆਪਣੇ ਪੱਧਰ ਤੇ ਪ੍ਰਾਪਤ ਸੂਚਨਾ ਵੀ ਇਸੇ ਹੀ ਗੱਲ ਤੇ ਮੋਹਰ ਲਾ ਰਹੀ ਹੈ ਕਿ ਇੱਨਾਂ ਵੱਡਾ ਇਕੱਠ ਹੁਣ ਤੋਂ ਪਹਿਲਾਂ ਕਦੇ ਵੀ ਬਰਨਾਲਾ ਦੇ ਇਤਹਾਸ ਵਿੱਚ ਕਿਸੇ ਵੀ ਧਿਰ ਵੱਲੋਂ ਨਹੀਂ ਕੀਤਾ ਗਿਆ।
6 ਹਜ਼ਾਰ ਤੋਂ ਵੱਧ ਵਹੀਕਲਾਂ ਦੇ ਪਹੁੰਚਣ ਦੀ ਸੰਭਾਵਨਾ
ਮਹਾਂਰੈਲੀ ਵਿੱਚ ਪਹੁੰਚਣ ਵਾਲੇ ਵਹੀਕਲਾਂ ਦੀ ਸੰਖਿਆ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਵੱਖ ਵੱਖ ਰਾਇ ਹੈ। ਪੁਲਿਸ ਨੂੰ ਪ੍ਰਾਪਤ ਰਿਪੋਰਟਾਂ ਅਨੁਸਾਰ 6 ਹਜ਼ਾਰ ਦੇ ਕਰੀਬ ਛੋਟੇ ਵੱਡੇ ਵਹੀਕਲ, ਟਰਾਲੀਆਂ ਟ੍ਰੈਕਟਰਾਂ ਤੋਂ ਇਲਾਵਾ, ਪ੍ਰਾਈਵੇਟ ਬੱਸਾਂ, ਟਰੱਕ ਅਤੇ ਕਾਰਾਂ/ਜੀਪਾਂ ਆਦਿ ਸ਼ਾਮਿਲ ਹੋਣਗੀਆਂ। ਇੱਨ੍ਹੇ ਵਹੀਕਲਾਂ ਦੀ ਪ੍ਰਾਕਿੰਗ ਦਾ ਪ੍ਰਬੰਧ ਕਰਨਾ ਅਤੇ ਸ਼ਹਿਰ ਦੇ ਬਾਹਰੀ ਖੇਤਰਾਂ ਦੀ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਕਾਇਮ ਰੱਖਣਾ ਪ੍ਰਸ਼ਾਸ਼ਨ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਪੁਲਿਸ ਵੱਲੋਂ ਵਹੀਕਲਾਂ ਦੀ ਆਵਾਜਾਈ ਦਾ ਰੂਟ ਪਲਾਨ ਅਤੇ ਪਾਰਕਿੰਗ ਲਈ ਥਾਂ ਦਾ ਆਪਣੀ ਤਰਫੋਂ ਤਿਆਰ ਨਕਸ਼ਾ ਵੀ ਕਿਸਾਨ ਆਗੂਆਂ ਨੂੰ ਵਿਚਾਰ ਲਈ ਭੇਜਿਆ ਗਿਆ। ਪਰੰਤੂ ਕਿਸਾਨ ਆਗੂਆਂ ਨੂੰ ਪੁਲਿਸ ਦਾ ਇਹ ਪ੍ਰਸਤਾਵ ਮੰਜੂਰ ਨਹੀਂ ਹੋਣ ਬਾਰੇ ਵੇਰਵਾ ਮਿਲਿਆ ਹੈ। ਉੱਧਰ ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਮਹਾਂਰੈਲੀ ਵਿੱਚ ਪਹੁੰਚਣ ਵਾਲੇ ਵਹੀਕਲਾਂ ਦੀ ਸੰਖਿਆ 7 ਤੋਂ 8 ਹਜ਼ਾਰ ਦਾ ਅੰਕੜਾ ਵੀ ਪਾਰ ਕਰ ਸਕਦੀ ਹੈ। ਕਿਉਂਕਿ ਲੋਕਾਂ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਭਾਰੀ ਰੋਹ ਹੈ ਅਤੇ ਮਹਾਂਰੈਲੀ ਦੀਆਂ ਤਿਆਰੀਆਂ ਮੌਕੇ ਲੋਕਾਂ ਵਿੱਚ ਭਾਰੀ ਉਤਸਾਹ ਵੀ ਦੇਖਣ ਨੂੰ ਮਿਲਿਆ ਹੈ।
ਕਿਸਾਨ ਯੂਨੀਅਨ ਦੇ ਸੂਬਾਈ ਆਗੂ ਝੰਡਾ ਸਿੰਘ ਜੇਠੂਕੇ ਅਤੇ ਮਜਦੂਰ ਯੂਨੀਅਨ ਦੇ ਵੱਡੇ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਬਰਨਾਲਾ ਦੀ ਧਰਤੀ ਇਨਕਲਾਬੀ ਲੋਕਾਂ ਦੀ ਧਰਤੀ ਹੈ, ਇਸ ਥਾਂ ਤੇ ਹੋਣ ਵਾਲਾ ਇਕੱਠ ਵੀ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਪਾਰਕਿੰਗ ਲਈ, ਦੁਸ਼ਹਿਰਾ ਗਰਾਉਂਡ ਅਤੇ ਸਟੇਡੀਅਮ ਦਾ ਪ੍ਰਸਤਾਵ ਦਿੱਤਾ ਗਿਆ ਸੀ। ਪਰੰਤੂ ਇੱਨ੍ਹੀ ਦੂਰ ਵਹੀਕਲ ਖੜ੍ਹੇ ਕਰਕੇ ਆਉਣ ਨਾਲ ਕਿਸਾਨਾਂ ਨੂੰ ਲੰਬੀ ਵਾਟ ਪੈਦਲ ਚੱਲ ਕੇ ਆਉਣਾ ਬਿਨਾਂ ਕਾਰਣ ਮੁਸ਼ਕਿਲ ਪੈਦਾ ਕਰਨਾ ਹੀ ਹੈ। ਇਸ ਲਈ ਉਨਾਂ ਦਾਣਾ ਮੰਡੀ ਦੇ ਨੇੜੇ ਕਈ ਹੋਰ ਥਾਂਵਾਂ ਵੀ ਪਾਰਕਿੰਗ ਲਈ ਚੁਣੀਆਂ ਹਨ। ਜਿੱਥੋਂ ਲੋਕਾਂ ਨੂੰ ਰੈਲੀ ਵਾਲੀ ਥਾਂ ਪਹੁੰਚਣ ਵਿੱਚ ਕਾਫੀ ਅਸਾਨੀ ਹੋਵੇਗੀ। ਦੋਵਾਂ ਆਗੂਆਂ ਨੇ ਦੱਸਿਆ ਕਿ ਇਤਿਹਾਸਕ ਇਕੱਠ ਲਈ ਇਤਿਹਾਸਕ ਪ੍ਰਬੰਧ ਵੀ ਕੀਤੇ ਜਾ ਰਹੇ ਹਨ, ਤਾਂ ਕਿ ਰੈਲੀ ਵਿੱਚ ਆਉਣ ਵਾਲੀਆਂ ਮਾਵਾਂ/ਭੈਣਾਂ, ਬਜੁਰਗ ਅਤੇ ਨੌਜਵਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਚਾਹ ਪਾਣੀ ਤੇ ਲੰਗਰ ਤੋਂ ਇਲਾਵਾ ਬਾਥਰੂਮ ਆਦਿ ਦੀ ਵੀ ਵਿਸ਼ੇਸ਼ ਵਿਵਸਥਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਲਾਈਵ ਕਰਵਰੇਜ ਕਰਨ ਵਾਲੇ ਮੀਡੀਆ ਕਰਮੀਆਂ ਲਈ ਵੀ ਲੈ ਹਾਈਸਪੀਡ ਨੈਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।