ਅਸ਼ੋਕ ਵਰਮਾ , ਬਠਿੰਡਾ, 18 ਫਰਵਰੀ 2021
ਨਗਰ ਨਿਗਮ ਬਠਿੰਡਾ ਦੀਆਂ ਹਾਲ ਹੀ ‘ਚ ਹੋਈਆਂ ਚੋਣਾਂ ਦੌਰਾਨ ਵਾਰਡ ਨੰਬਰ 5 ਤੋਂ ਗਗਨ ਬਾਂਸਲ ਨੂੰ ਸਿਰਫ਼ 2 ਵੋਟਾਂ ਹੀ ਨਸੀਬ ਹੋਈਆਂ ਹਨ ਜਦੋਂ ਕਿ ਇਸੇ ਵਾਰਡ ਤੋਂ ਰਿੰਕੀ ਗਰਗ ਕੇਵਲ 8ਵੋਟਾਂ ਹੀ ਲਿਜਾ ਸਕੀ ਹੈ । ਇਸੇ ਤਰਾਂ ਹੀ ਵਾਰਡ ਨੰਬਰ 34 ਤੋਂ ਸੁਖਪਾਲ ਸਿੰਘ ਨੂੰ ਸਿਰਫ 6 ਵੋਟਾਂ ਹੀ ਭੁਗਤੀਆਂ ਹਨ। ਵਾਰਡ ਨੰਬਰ 43 ਤੋਂ ਭਾਵਨਾ ਨੂੰ ਵੋਟ ਪਾਉਣ ਲਈ 9 ਵੋਟਰਾਂ ਨੇ ਈਵੀਐਮ ਦਾ ਬਟਨ ਦਬਾਇਆ ਜਦੋਂਕਿ ਇਸੇ ਹੀ ਵਾਰਡ ਦੀ ਰਜਿੰਦਰ ਕੌਰ ਨੂੰ ਪੂਰੀਆਂ ਅੱਧੀ ਦਰਜਨ ਵੋਟਾਂ ਪਈਆਂ ਹਨ। ਇਹ ਨੇਤਾ ਨਗਰ ਨਿਗਮ ਬਠਿੰਡਾ ਦਾ ਕੌਸਲਰ ਬਨਣ ਲਈ ਚੋਣ ਮੈਦਾਨ ’ਚ ਉੱਤਰੇ ਸਨ ਜਿਹਨਾਂ ਨਾਲ ਉਹਨਾਂ ਦੇ ਵਾਰਡਾਂ ਵਿਚਲੇ ਵੋਟਰਾਂ ਵੱਲੋਂ ਕੀਤੇ ਗਏ ਵਾਅਦੇ ਕੱਚੇ ਨਿਕਲੇ ਹਨ।
ਸਿਰਫ ਇਹੋ ਹੀ ਨਹੀਂ ਹੋਰ ਵੀ ਉਮੀਦਵਾਰ ਹਨ ਜਿਹਨਾਂ ਦੇ ਵੋਟਿੰਗ ਮਸ਼ੀਨ ਬਟਨ ਨੂੰ ਗਿਣਤੀ ਦੇ ਵੋਟਰਾਂ ਨੇ ਛੂਹਿਆ ਹੈ। ਵਾਰਡ ਨੰਬਰ 12 ‘ਚ ਅਜਾਦ ਉਮੀਦਵਾਰ ਜਤਿੰਦਰ ਕੁਮਾਰ ਸਿਰਫ 22 ਵੋਟਾਂ ਹੀ ਪ੍ਰਾਪਤ ਕਰ ਸਕਿਆ ਹੈ ਜਦੋਂਕਿ ਅਜਾਦ ਉਮੀਦਵਾਰ ਰੂਪਨ ਦੇਵੀ 24 ਵੋਟਾਂ ਹੀ ਹਾਸਲ ਕਰ ਸਕੀ ਹੈ। ਰੌਚਕ ਤੱਥ ਹੈ ਕਿ ਇਹਨਾਂ ਨਾਲੋਂ ਜਿਆਦਾ 37 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ ਹੈ ਜਿਸ ਬਾਰੇ ਕਿਸੇ ਵੀ ਧਿਰ ਨੇ ਪ੍ਰਚਾਰ ਨਹੀਂ ਕੀਤਾ ਹੈ। ਵਾਰਡ ਨੰਬਰ 48 ’ਚ ਅਜਾਦ ਉਮੀਦਵਾਰ ਅਮਨਦੀਪ ਸਿੰਘ ਨੂੰ 14 ਵਾਰਡ ਨੰਬਰ 46 ਦੇ ਅਜਾਦ ਉਮੀਦਵਾਰ ਵਜ਼ੀਰ ਸਿੰਘ ਨੂੰ 20 ਵੋਟਾਂ ਪਈਆਂ ਹਨ ਜੋ ਨੋਟਾ ਨਾਲੋਂ ਘੱਟ ਹਨ। ਇਸੇ ਤਰਾਂ ਹੀ ਜਿੱਤ ਦੇ ਸੁਫਨਿਆਂ ਦੌਰਾਨ ਕਈ ਅਜਾਦ ਉਮੀਦਵਾਰਾਂ ਦੀ ਵੋਟਰਾਂ ਨੇ ਸੁਣਵਾਈ ਨਹੀਂ ਕੀਤੀ।
ਮਹੱਤਵਪੂਰਨ ਤੱਥ ਹੈ ਕਿ ਕਦੇ ਬਾਜੀ ਪਲਟਣ ਦਾ ਦਮ ਰੱਖਣ ਵਾਲੀ ਬਹੁਜਨ ਸਮਾਜ ਪਾਰਟੀ ਵੀ ਸ਼ਹਿਰੀ ਚੋਣਾਂ ’ਚ ਜਲਵਾ ਦਿਖਾਉਣ ’ਚ ਅਸਫਲ ਰਹੀ ਹੈ। ਵਾਰਡ ਨੰਬਰ 24 ’ਚ ਬਸਪਾ ਦਾ ਉਮੀਦਵਾਰ 18 ਵੋਟਾਂ ਹੀ ਹਾਸਲ ਕਰ ਸਕਿਆ ਹੈ। ਬਸਪਾ ਦੇ ਉਮੀਦਵਾਰ ਸੈਂਚੁਰੀ ਮਾਰਨ ਤੋਂ ਵੀ ਪਛੜ ਗਏ ਹਨ। ਇਸੇ ਤਰਾਂ ਹੀ ਪੰਜਾਬ ਦੀ ਰਾਜਨੀਤੀ ’ਚ ਉਲਟਫੇਰ ਕਰਨ ਦੀ ਸਮਰੱਥਾ ਰੱਖਵਾਲੇ ਖੱਬੇ ਪੱਖੀ ਪਾਰਟੀ ਸੀਪੀ ਐਮ ਦਾ ਕਿਲਾ ਵੀ ਢਹਿ ਗਿਆ ਹੈ ਜਿਸ ਦੇ ਉਮਦਿਵਾਰ ਕ੍ਰਮਵਾਰ 23 ਤੇ 25 ਵੋਟਾਂ ਤੇ ਸਿਮਟ ਗਏ ਹਨ। ਕਈ ਪਾਰਟੀਆਂ ’ਚ ਘੁੰਮ ਘੁਮਾਕੇ ਕਾਂਗਰਸ ’ਚ ਆਉਣ ਤੋਂ ਬਾਅਦ ਐਤਕੀਂ ਬਾਗੀ ਹੋਏ ਹਰਮੇਸ਼ ਪੱਕਾ ਵਾਰਡ ਨੰਬਰ 28 ’ਚ ਮਸਾਂ 54 ਵੋਟਾਂ ਹਾਸਲ ਕਰ ਸਕਿਆ ਜਦੋਂਕਿ ਪੰਜ ਸਾਲ ਪਹਿਲਾਂ ਉਸ ਨੂੰ 227 ਵੋਟਾਂ ਪਈਆਂ ਸਨ।
ਅਕਾਲੀ ਦਲ ਤੋਂ ਬਾਗੀ ਹੋਕੇ ਲਾਈਨੋ ਪਾਰ ਦੇ ਵਾਰਡ ਨੰਬਰ 44 ਤੋਂ ਚੋਣ ਮੈਦਾਨ ’ਚ ਉੱਤਰਿਆ ਸਾਬਕਾ ਕੌਂਸਲਰ ਵਿਜੇ ਕੁਮਾਰ ਇਸ ਵਾਰ ਵੀ ਜਿੱਤ ਦੀ ਰੌਸ਼ਨੀ ਤੋਂ ਦੂਰ ਰਿਹਾ ਪਰ ਅਕਾਲੀ ਦਲ ਦੇ ਮਜਬੂਤ ਉਮੀਦਵਾਰ ਹਰਵਿੰਦਰ ਸ਼ਰਮਾਂ ਦੀਆਂ ਬੇੜੀਆਂ ’ਚ ਵੱਟੇ ਪਾਉਣ ਵਾਲਾ ਸਾਬਤ ਹੋਇਆ। ਇਸੇ ਵਾਰਡ ਵਿੱਚ ਬਾਗੀ ਕਾਂਗਰਸੀ ਉਮੀਦਵਾਰ ਰਜਿੰਦਰ ਗੋਲਡੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ । ਉਂਜ ਕਾਂਗਰਸ ਦੇ ਇਸ ਵਾਅ ਵਰੋਲੇ ਦੌਰਾਨ ਬੀਜੇਪੀ ਦੀ ਸ਼ਮਾ ਵਾਰਡ ਨੰਬਰ 49 ਤੋਂ 633 ਵੋਟਾਂ ਲੈਕੇ ਦੂਸਰੇ ਸਥਾਨ ਦੇ ਨਾਲ ਨਾਲ ਭਾਜਪਾ ਦੀ ‘ਸ਼ਮਾਂ’ ਮਾੜੀ ਮੋਟੀ ਜਗਦੀ ਰੱਖਣ ’ਚ ਸਫਲ ਰਹੀ ਹੈ। ਹਾਰਨ ਵਾਲਿਆਂ ’ਚ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ ਅਤੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਵੀ ਹਨ।
ਜਾਣਕਾਰੀ ਅਨੁਸਾਰ ਹਰ ਵਾਰਡ ਵਿੱਚ ਹਰੇਕ ਉਮੀਦਵਾਰ ਵੱਲੋਂ ਸਿਆਸੀ ਗਿਣਤੀਆਂ ਮਿਣਤੀਆਂ ਤਹਿਤ ਪੂਰਾ ਲੇਖਾ ਜੋਖਾ ਕੀਤਾ ਜਾ ਰਿਹਾ ਸੀ । ਉਹਨਾਂ ਆਪਣੇ ਪੋਲਿੰਗ ਏਜੰਟ ਵੀ ਬਣਾਏ ਸਨ ਜੋਕਿ ਵੋਟਰਾਂ ‘ਤੇ ਤਿੱਖੀ ਨਜ਼ਰ ਰੱਖ ਰਹੇ ਸਨ। ਸੂਤਰ ਦੱਸਦੇ ਹਨ ਕਿ ਇਹਨਾਂ ਚੋਣ ਪ੍ਰਬੰਧਕਾਂ ਵੱਲੋਂ ਉਮੀਦਵਾਰਾਂ ਨੂੰ ਜੋ ਰਿਪੋਰਟ ਦਿੱਤੀ ਗਈ ਸੀ ਅੰਕੜੇ ਉਸਦੇ ਨੇੜੇ ਤੇੜੇ ਵੀ ਨਹੀਂ ਢੁੱਕ ਰਹੇ ਜਿਸ ਕਰਕੇ ਚੋਣ ਲੜਨ ਵਾਲਿਆਂ ਨੂੰ ਜਿਆਦਾ ਮਲਾਲ ਹੋ ਰਿਹਾ ਹੈ । ਵੱਡੀ ਗਿਣਤੀ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਹਨ ਜਿਹਨਾਂ ’ਚ ਭਾਰਤੀ ਜੰਤਾ ਪਾਰਟੀ ਦੇ ਉਮੀਦਵਾਰ ਵੀ ਸ਼ਾਮਲ ਹਨ। ਜਿੱਤ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਬਹੁਤਾ ਿਸ਼ਮਾ ਨਹੀਂ ਦਿਖਾ ਸਕੇ ਹਨ। ਵਾਰਡ ਨੰਬਰ 1 ਤੋਂ ਅਕਾਲੀ ਉਮੀਦਵਾਰ ਮਸਾਂ 25 ਵੋਟਾਂ ਨਾਲ ਜਿੱਤ ਸਕੀ ਹੈ।
ਜਲੇਬੀਆਂ ਦਾ ਮੁੱਲ ਨਹੀਂ ਮੁੜਿਆ
ਹਾਰੇ ਹੋਏ ਕਈ ਉਮੀਦਵਾਰਾਂ ਨੂੰ ਸ਼ਿਕਵਾ ਹੈ ਕਿ ਵੋਟਰਾਂ ਨੇ ਉਹਨਾਂ ਵੱਲੋਂ ਖੁਆਏ ਪਕੌੜਿਆਂ ਦਾ ਮੁੱਲ ਨਹੀਂ ਮੋੜਿਆ ਹੈ । ਇਕ ਵਾਰਡ ਵਿੱਚ ਤਾਂ ਇਕ ਉਮੀਦਵਾਰ ਨੇ ਤਾਂ ਜਲੇਬੀਆਂ ਵੀ ਵੰਡੀਆਂ ਸਨ ਜਿਹਨਾਂ ਦਾ ਵੋਟਰਾਂ ਨੇ ਕਦਰ ਨਹੀਂ ਪਾਈ ਹੈ। ਇੱਕ ਵਾਰਡ ’ਚ ਤਾਂ ਉਮੀਦਵਾਰਾਂ ਨੇ ਵੋਟਰਾਂ ਨੂੰ ਠੰਢੇ ਪਿਆਏ ਸਨ, ਉਸ ਨੂੰ ਚੋਣ ਨਤੀਜਿਆਂ ਨੇ ਗਰਮੀ ਲਿਆ ਦਿੱਤੀ ਹੈ। ਹੁਣ ਇਹ ਉਮੀਦਵਾਰ ਹਲਵਾਈਆਂ ਅਤੇ ਠੰਢਿਆਂ ਵਾਲਿਆਂ ਦਾ ਹਿਸਾਬ ਕਿਤਾਬ ਕਰਨ ਵਿੱਚ ਰੁੱਝੇ ਹੋਏ ਹਨ
ਸੇਵਾ ਦੀ ਥਾਂ ਮੇਵੇ ਲਈ ਚੋਣਾਂ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਅਸੂਲ ਪ੍ਰਸਤੀ ਵਾਲੀ ਰਾਜਨੀਤੀ ਦਾ ਯੁੱਗ ਖਤਮ ਹੋ ਗਿਆ ਹੈ । ਉਹਨਾਂ ਆਖਿਆ ਕਿ ਅਸਲ ’ਚ ਚੋਣਾਂ ਹੁਣ ਸੇਵਾ ਦੀ ਥਾਂ ਮੇਵੇ ਲਈ ਲੜੀਆਂ ਜਾਣ ਲੱਗੀਆਂ ਹਨ ਜੋਕਿ ਚਿੰਤਾਜਨਕ ਵਰਤਾਰਾ ਹੈ।